ਹਵਾਰਾ ਕਮੇਟੀ ਵਲੋਂ ''ਅਕਾਲ ਯੂਥ'' ਜਥੇਬੰਦੀ ਦੀ ਸਥਾਪਨਾ

10/16/2020 10:24:09 AM

ਅੰਮ੍ਰਿਤਸਰ (ਅਨਜਾਣ): ਸਰਬੱਤ ਖ਼ਾਲਸਾ ਵਲੋਂ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਵਾਰਾ ਕਮੇਟੀ ਵਲੋਂ ਪੰਚ ਪ੍ਰਧਾਨੀ ਸਿੰਘਾਂ ਜਸਵਿੰਦਰ ਸਿੰਘ ਰਾਜਪੁਰਾ, ਰਾਜਨਦੀਪ ਸਿੰਘ ਦਮਦਮੀ ਟਕਸਾਲ, ਸਤਨਾਮ ਸਿੰਘ ਪੱਟੀ, ਬਲਬੀਰ ਸਿੰਘ ਤਰਨਾ ਦਲ ਅਤੇ ਮਹਾ ਸਿੰਘ 'ਤੇ ਆਧਾਰਿਤ 'ਅਕਾਲ ਯੂਥ' ਜਥੇਬੰਦੀ ਦੀ ਸਥਾਪਨਾ ਕੀਤੀ ਗਈ। ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਦਮਦਮੀ ਟਕਸਾਲ ਦੇ ਮੁਖੀ ਭਾਈ ਰਾਮ ਸਿੰਘ ਵਲੋਂ ਜਥੇਬੰਦੀ ਦੀ ਚੜ੍ਹਦੀ ਕਲਾ ਲਈ ਅਰਦਾਸ ਉਪਰੰਤ ਸਾਰਾਗੜ੍ਹੀ ਸਰਾਂ ਦੇ ਬਾਹਰ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ 'ਚ ਭਾਈ ਰਾਮ ਸਿੰਘ ਨੇ ਕਿਹਾ ਕਿ ਮੀਰੀ-ਪੀਰੀ ਦੇ ਮਾਲਿਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਉਪਰੰਤ ਅਕਾਲ ਪੁਰਖ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਅੱਜ 'ਅਕਾਲ ਯੂਥ' ਨਾਂ ਦੀ ਜਥੇਬੰਦੀ ਦੀ ਸਥਾਪਨਾ ਕੀਤੀ ਗਈ ਹੈ। ਇਹ ਜਥੇਬੰਦੀ ਵਿਗੜੇ ਹੋਈ ਕੌਮੀ ਸਿਧਾਂਤਾਂ ਨੂੰ ਸੰਵਾਰਨ ਵਾਸਤੇ ਜਥੇਦਾਰ ਹਵਾਰਾ ਦੇ ਹੁਕਮਾਂ 'ਤੇ ਪਹਿਰਾ ਦਿੰਦਿਆਂ ਪੰਥ ਦੀ ਚੜ੍ਹਦੀ ਕਲਾ ਲਈ ਵਚਨਬੱਧ ਹੈ।

ਇਹ ਵੀ ਪੜ੍ਹੋ : ਜਿਸ ਦੀ ਲੰਬੀ ਉਮਰ ਲਈ ਲਿਆ ਸੀ ਵਰਤ ਦਾ ਸਾਮਾਨ, ਉਸੇ ਨੇ ਸੁੱਤੀ ਪਈ ਨੂੰ ਦਿੱਤੀ ਖ਼ੌਫ਼ਨਾਕ ਮੌਤ

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਵਾਲਿਆਂ ਨੂੰ ਪਾਗਲ ਕਹਿ ਕੇ ਛੱਡ ਦਿੱਤਾ ਜਾਂਦਾ ਹੈ। ਹਿੰਦੁਸਤਾਨ ਦੀਆਂ ਧੀਆਂ-ਭੈਣਾਂ ਨਾਲ ਜਬਰ-ਜ਼ਨਾਹ ਅਤੇ ਕਤਲ ਹੋ ਰਹੇ ਅਤੇ ਮਾਪਿਆਂ ਨੂੰ ਕਿਤੇ ਵੀ ਇਨਸਾਫ਼ ਮਿਲਦਾ ਦਿਖਾਈ ਨਹੀਂ ਦਿੰਦਾ। ਗੂੜੀ ਨੀਂਦ ਸੁੱਤੀ ਮੋਦੀ ਦੀ ਕੇਂਦਰ ਸਰਕਾਰ ਕਾਰਣ ਦੇਸ਼ ਦਾ ਅੰਨਦਾਤਾ ਅੱਜ ਸੜਕਾਂ ਅਤੇ ਰੇਲ ਦੀਆਂ ਪੱਟੜੀਆਂ 'ਤੇ ਰੁਲ ਰਿਹਾ ਹੈ। 'ਅਕਾਲ ਯੂਥ' ਜਥੇਬੰਦੀ ਉਨ੍ਹਾਂ ਸਾਰਿਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਵੇਗੀ, ਜਿਨ੍ਹਾਂ ਨਾਲ ਧੱਕਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਲੜੇਗੀ।ਇਸ ਮੌਕੇ ਹਵਾਰਾ ਕਮੇਟੀ ਦੇ ਬੁਲਾਰੇ ਡਾ. ਬਲਜਿੰਦਰ ਸਿੰਘ ਅਤੇ ਹੋਰ ਵੀ ਅਹੁਦੇਦਾਰ ਹਾਜ਼ਰ ਸਨ।

ਇਹ ਵੀ ਪੜ੍ਹੋ : ਗਠਜੋੜ ਟੁੱਟਣ ਤੋਂ ਬਾਅਦ ਪਾਰਟੀਆਂ ਨੂੰ ਮਜਬੂਤ ਕਰਨ 'ਚ ਲੱਗੇ ਅਕਾਲੀ ਦਲ ਅਤੇ ਭਾਜਪਾ

Baljeet Kaur

This news is Content Editor Baljeet Kaur