9 ਸਾਲ ਬਾਅਦ ਮਿਲਿਆ ਸੁਰਾਗ : ਹਰਿਆਣਾ ''ਚ ਨਾਂ ਬਦਲਦੇ ਪਤੀ ਨਾਲ ਰਹਿ ਰਹੀ ਸੀ ਧੀ

09/23/2019 3:24:15 PM

ਅੰਮ੍ਰਿਤਸਰ (ਸਫਰ) : ਥਾਣਾ ਸਿਵਲ ਲਾਈਨ 'ਚ 9 ਸਾਲ ਪੁਰਾਣੀ ਐੱਫ. ਆਈ. ਆਰ. ਵਿਚ 10 ਕਰੋੜ ਖਾਤਿਰ ਭੈਣ ਵਲੋਂ ਆਪਣੇ ਪਤੀ ਤੇ ਹੋਰਨਾਂ ਨਾਲ ਮਿਲ ਕੇ ਮਾਂ ਅਤੇ ਭਰਾ ਨੂੰ ਕਾਗਜ਼ਾਂ 'ਚ 'ਮਾਰ' ਕੇ ਬਾਪ ਦੀ ਝੂਠੀ ਵਸੀਅਤ ਤਿਆਰ ਕਰਵਾ ਕੇ ਕਰੀਬ 20 ਕਰੋੜ ਦੀ ਜਾਇਦਾਦ ਆਪਣੇ ਨਾਂ ਕਰਵਾਉਣ ਤੋਂ ਬਾਅਦ ਰਾਮਬਾਗ ਸਥਿਤ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਜੇ. ਈ. ਨੂੰ 10 ਕਰੋੜ 'ਚ ਵੇਚਣ ਦਾ ਮਾਮਲਾ ਫਿਰ ਸੁਰਖੀਆਂ 'ਚ ਆ ਗਿਆ ਹੈ। ਇਸ ਮਾਮਲੇ 'ਚ ਰਿਜਨਲ ਇਕਨਾਮਿਕਸ ਇੰਟੈਲੀਜੈਂਸ ਸੈੱਲ ਤੇ ਇਨਕਮ ਟੈਕਸ ਵਿਭਾਗ ਨੂੰ ਸੁਨੀਲ ਕੁਮਾਰ ਮੱਲ੍ਹਣ ਨੇ ਜੇ. ਈ. ਸਰਬਜੀਤ ਸਿੰਘ ਦੀ ਸ਼ਿਕਾਇਤ ਕਰਦਿਆਂ ਲਿਖਿਆ ਹੈ ਕਿ ਉਸ ਦੀ ਚੱਲ-ਅਚੱਲ ਜਾਇਦਾਦ ਦੀ ਜਾਂਚ ਹੋਵੇ ਤੇ ਨੌਕਰੀ ਪਾਉਣ ਲਈ ਲਾਏ ਗਏ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ। ਇਸ ਦੇ ਨਾਲ ਹੀ ਜੇ. ਈ. ਅਦਾਲਤ ਵਲੋਂ ਪੀ. ਓ. ਕਰਾਰ ਦੇਣ ਤੋਂ ਬਾਅਦ ਵੀ ਨੌਕਰੀ ਕਰਦਾ ਰਿਹਾ ਹੈ, ਇਸ ਸਬੰਧੀ ਵੀ ਜਾਂਚ ਕੀਤੀ ਜਾਵੇ। ਸ਼ਿਕਾਇਤ ਵਿਚ ਲਿਖਿਆ ਹੈ ਕਿ ਉਕਤ ਜੇ. ਈ. ਦੀ ਤਨਖਾਹ ਕਰੀਬ 70 ਹਜ਼ਾਰ ਹੈ, ਸਾਲਾਨਾ ਕਰੀਬ 7 ਲੱਖ। ਅਜਿਹੇ 'ਚ 10 ਕਰੋੜ ਕਿਥੋਂ ਆਏ, ਜਦੋਂ ਕਿ ਉਹ ਇਨਕਮ ਟੈਕਸ ਰਿਟਰਨ ਵੀ ਨਹੀਂ ਭਰਦਾ। ਇਸ ਮਾਮਲੇ ਵਿਚ ਥਾਣਾ ਸਿਵਲ ਲਾਈਨ ਪੁਲਸ ਨੂੰ ਹਾਲ ਹੀ 'ਚ ਸੁਰਾਗ ਮਿਲਿਆ ਹੈ ਕਿ ਪੀ. ਓ. ਕਰਾਰ ਦਿੱਤੇ ਧੀ ਤੇ ਉਸ ਦਾ ਪਤੀ ਹਰਿਆਣਾ ਵਿਚ ਕਿਤੇ ਨਾਂ ਬਦਲ ਕੇ ਰਹਿ ਰਹੇ ਹਨ।

ਪੀ. ਐੱਮ., ਸੀ. ਐੱਮ., ਡੀ. ਜੀ. ਪੀ. ਤੇ ਫਾਈਨਾਂਸ ਮਨਿਸਟਰ ਨੂੰ ਲਿਖੀ ਚਿੱਠੀ
'ਜਗ ਬਾਣੀ' ਨਾਲ ਗੱਲਬਾਤ 'ਚ ਸੁਨੀਲ ਮੱਲ੍ਹਣ ਨੇ ਕਿਹਾ ਕਿ ਜੇ. ਈ. ਦੀ ਨੌਕਰੀ ਲੈਣ ਲਈ ਸਰਬਜੀਤ ਸਿੰਘ ਨੇ ਆਪਣਾ ਪੈਨ ਨੰਬਰ ਅਤੇ ਘਰ ਦਾ ਪਤਾ ਗਲਤ ਦੱਸਿਆ। ਪੁਲਸ ਕਰੈਕਟਰ ਸਰਟੀਫਿਕੇਟ ਹਰੇਕ 3 ਸਾਲ ਬਾਅਦ ਚੈੱਕ ਕਰਦੀ ਹੈ। ਉਹ ਵਿਭਾਗ ਨੂੰ ਝੂਠ ਬੋਲਦਾ ਰਿਹਾ। 9 ਸਾਲ ਹੋ ਚੱਲੇ ਹਨ ਮੁਕੱਦਮਾ ਦਰਜ ਹੋਏ, ਪੀ. ਓ. ਕਰਾਰ ਹੋਣ ਤੋਂ ਬਾਅਦ ਵੀ ਉਹ ਨੌਕਰੀ ਕਰਦਾ ਰਿਹਾ। ਵਿਜੀਲੈਂਸ ਜਾਂਚ ਕਰ ਰਹੀ ਹੈ ਕਿ ਉਸ ਕੋਲ ਕਿੰਨੀ ਦੌਲਤ ਹੈ। 10 ਕਰੋੜ ਦੀ ਜਾਇਦਾਦ ਕਿੰਨੇ ਦੀ ਖਰੀਦੀ ਅਤੇ ਇਨਕਮ ਟੈਕਸ ਰਿਟਰਨ ਕਿੰਨੀ ਭਰੀ। ਮਾਮਲੇ ਦੀ ਜਾਂਚ ਦੀ ਮੰਗ ਕਰਦਿਆਂ ਪੀ. ਐੱਮ., ਸੀ. ਐੱਮ., ਡੀ. ਜੀ. ਪੀ. ਤੇ ਫਾਈਨਾਂਸ ਮਨਿਸਟਰ ਨੂੰ ਚਿੱਠੀ 24 ਘੰਟੇ ਪਹਿਲਾਂ ਹੀ ਲਿਖੀ ਹੈ।

5 ਅਕਤੂਬਰ ਨੂੰ ਮੁਲਜ਼ਮ ਦੇ ਬਰਥਡੇ 'ਤੇ ਹੋਣੀ ਹੈ ਅਦਾਲਤ 'ਚ ਸੁਣਵਾਈ
ਇਸ ਮਾਮਲੇ ਵਿਚ ਅੰਮ੍ਰਿਤਸਰ ਦੀ ਅਦਾਲਤ 'ਚ 5 ਅਕਤੂਬਰ ਨੂੰ ਸੁਣਵਾਈ ਹੈ। ਇਤਫਾਕ ਹੈ ਕਿ ਇਸ ਦਿਨ ਮੁਲਜ਼ਮ ਸਰਬਜੀਤ ਸਿੰਘ ਦਾ ਜਨਮ ਦਿਨ ਵੀ ਹੈ। ਇਸ ਮਾਮਲੇ ਨੂੰ ਲੈ ਕੇ ਹੁਣ ਤੱਕ 37 ਗਵਾਹੀਆਂ ਹੋ ਚੁੱਕੀਆਂ ਹਨ। ਸ਼ਿਕਾਇਤਕਰਤਾ ਸੰਤੋਸ਼ ਕੁਮਾਰੀ ਦੁਨੀਆ ਤੋਂ ਵਿਦਾ ਹੋ ਚੁੱਕੀ ਹੈ। ਜੇ. ਈ. ਸਰਬਜੀਤ ਸਿੰਘ ਨੂੰ ਲੈ ਕੇ ਵਿਭਾਗੀ ਜਾਂਚ ਜਿਥੇ ਸ਼ੁਰੂ ਹੈ, ਉਥੇ ਹੀ ਪਿੰਡ ਅਤੇ ਸ਼ਹਿਰ 'ਚ ਬੇਨਾਮੀ ਜਾਇਦਾਦ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ-ਨਾਲ ਰੈਵੀਨਿਊ ਮਨਿਸਟਰ ਨੂੰ ਵੀ ਸ਼ਿਕਾਇਤ ਭੇਜੀ ਗਈ ਹੈ।

9 ਸਾਲਾਂ ਬਾਅਦ ਵੀ ਧੀ-ਜਵਾਈ ਫਰਾਰ
30 ਜਨਵਰੀ 2010, ਸ਼ਹਿਰ ਦੇ ਪੁਤਲੀ ਘਰ ਮਕਾਨ ਨੰਬਰ 3493 ਐੱਸ. ਕੇ. ਮਾਡਲ ਸਕੂਲ ਵਾਸੀ ਸੰਤੋਸ਼ ਕੁਮਾਰੀ ਨੇ ਤਤਕਾਲੀਨ ਐੱਸ. ਐੱਸ. ਪੀ. ਨੂੰ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਦੀ ਧੀ ਸ਼ਾਲਿਨੀ ਤੇ ਪਤੀ ਮੁਨੀਸ਼ ਨੰਦਾ ਨੇ ਸਾਜ਼ਿਸ਼ ਤਹਿਤ ਉਨ੍ਹਾਂ ਤੇ ਉਨ੍ਹਾਂ ਦੇ ਬੇਟੇ ਨੂੰ ਕਾਗਜ਼ਾਂ ਵਿਚ 'ਮਾਰ' ਕੇ ਕਰੀਬ 20 ਕਰੋੜ ਦੀ ਜਾਇਦਾਦ ਆਪਣੇ ਨਾਂ ਕਰਵਾ ਲਈ ਹੈ ਤੇ ਇਸ ਜਾਇਦਾਦ ਦਾ ਅੱਧਾ ਹਿੱਸਾ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਜੇ. ਈ. ਸਰਬਜੀਤ ਸਿੰਘ ਨੂੰ ਵੇਚ ਦਿੱਤਾ ਹੈ। ਇਸ ਮਾਮਲੇ ਵਿਚ ਉਨ੍ਹਾਂ ਨਾਲ ਧੋਖਾਦੇਹੀ ਹੋਈ ਹੈ। ਇਹ ਮਾਮਲਾ 17 ਜੁਲਾਈ 2010 ਨੂੰ ਐੱਫ. ਆਈ. ਆਰ. ਨੰਬਰ 304 ਦਰਜ ਕਰਦਿਆਂ 420, 467, 468, 471, 201 ਅਤੇ 120-ਬੀ ਆਈ. ਪੀ. ਸੀ. ਤਹਿਤ 6 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਹਾਲਾਂਕਿ 9 ਸਾਲਾਂ ਬਾਅਦ ਵੀ ਧੀ-ਜਵਾਈ ਫਰਾਰ ਹਨ।

ਪੀ. ਓ. ਵਿੰਗ ਨਾਲ ਮਿਲ ਕੇ ਲੋਕੇਸ਼ਨ ਤਲਾਸ਼ ਰਹੇ ਹਾਂ : ਜਾਂਚ ਅਧਿਕਾਰੀ
9 ਸਾਲ ਪੁਰਾਣੇ ਇਸ ਮਾਮਲੇ 'ਚ ਕੋਰਟ ਕੰਪਲੈਕਸ ਦੇ ਪੁਲਸ ਚੌਕੀ ਇੰਚਾਰਜ ਹਰਜਿੰਦਰ ਸਿੰਘ ਤੇ ਏ. ਐੱਸ. ਆਈ. ਹੀਰਾ ਸਿੰਘ ਕਹਿੰਦੇ ਹਨ ਕਿ ਅਦਾਲਤ ਪੀ. ਓ. ਸ਼ਾਲਿਨੀ ਤੇ ਪਤੀ ਮੁਨੀਸ਼ ਨੰਦਾ ਦੀ ਤਲਾਸ਼ੀ ਵਿਚ ਪੀ. ਓ. ਵਿੰਗ ਨਾਲ ਮਿਲ ਕੇ ਜੁਟੀ ਹੋਈ ਹੈ। ਪਿਛਲੇ ਦਿਨੀਂ ਲੋਕੇਸ਼ਨ ਪਾਣੀਪਤ ਦੀ ਮਿਲੀ ਸੀ। ਗ੍ਰਿਫਤਾਰੀ ਲਈ ਪੁਲਸ ਨੇ ਜਾਲ ਵਿਛਾ ਰੱਖਿਆ ਹੈ।

Baljeet Kaur

This news is Content Editor Baljeet Kaur