ਅੰਮ੍ਰਿਤਸਰ : ਗੁਰੂ ਨਾਨਕ ਦੇਵ ਹਸਪਤਾਲ ਦੇ 3 ਕਰਮਚਾਰੀ ਸਸਪੈਂਡ

09/01/2019 12:19:18 PM

ਅੰਮ੍ਰਿਤਸਰ (ਦਲਜੀਤ) - ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਵੱਲੋਂ ਗੁਰੂ ਨਾਨਕ ਦੇਵ ਹਸਪਤਾਲ ਦੇ 3 ਕਰਮਚਾਰੀਆਂ ਨੂੰ ਅਨੁਸ਼ਾਸਨਹੀਣਤਾ ਦੇ ਦੋਸ਼ਾਂ ’ਚ ਸਸਪੈਂਡ ਕਰ ਦਿੱਤਾ ਗਿਆ ਹੈ। ਇਨ੍ਹਾਂ ’ਚੋਂ ਇਕ ਕਰਮਚਾਰੀ ’ਤੇ ਵਿਦਿਆਰਥਣ ਵੱਲੋਂ ਛੇਡ਼ਛਾਡ਼ ਦੇ ਗੰਭੀਰ ਦੋਸ਼ ਲਾਏ ਗਏ ਸਨ। ਵਿਭਾਗ ਦੇ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਸਪੱਸ਼ਟ ਕੀਤਾ ਹੈ ਕਿ ਅਨੁਸ਼ਾਸਨਹੀਣਤਾ ਕਿਸੇ ਵੀ ਹਾਲਤ ’ਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਜਾਣਕਾਰੀ ਅਨੁਸਾਰ ਹਸਪਤਾਲ ਦੀ ਬਾਇਓਕੈਮਿਸਟਰੀ ਲੈਬ ’ਚ ਤਾਇਨਾਤ ਕਰਮਚਾਰੀ ਕਮਲਜੀਤ ਅਤੇ ਸੁਖਵਿੰਦਰ ਸਿੰਘ ’ਤੇ ਦੋਸ਼ ਸੀ ਕਿ ਉਨ੍ਹਾਂ ਨੇ ਨਸ਼ੇ ਦੇ ਸੇਵਨ ’ਚ ਰਾਤ ਨੂੰ ਹਥਿਆਰਾਂ ਨਾਲ ਲੈਬ ’ਚ ਜਾ ਕੇ ਭੰਨ-ਤੋਡ਼ ਕੀਤੀ ਸੀ। ਇਸ ਮਾਮਲੇ ਦੀ ਜਾਂਚ ਹਸਪਤਾਲ ਪ੍ਰਸ਼ਾਸਨ ਨੇ ਕਰ ਕੇ ਹੀ ਰਿਪੋਰਟ ਵਿਭਾਗ ਨੂੰ ਭੇਜੀ ਸੀ। ਇਸੇ ਤਰ੍ਹਾਂ ਆਈ. ਸੀ. ਯੂ. ’ਚ ਕੋਰਸ ਕਰ ਰਹੀ ਇਕ ਵਿਦਿਆਰਥਣ ਨੇ ਆਈ. ਸੀ. ਯੂ. ’ਚ ਤਾਇਨਾਤ ਕਰਮਚਾਰੀ ਅਮਰਜੀਤ ਸਿੰਘ ’ਤੇ ਛੇਡ਼ਛਾਡ਼ ਦੇ ਦੋਸ਼ ਲਾਏ ਸਨ। ਮੰਤਰੀ ਸੋਨੀ ਦੇ ਧਿਆਨ ’ਚ ਦੋਵੇਂ ਮਾਮਲੇ ਆਉਣ ’ਤੇ ਉਨ੍ਹਾਂ ਨੇ ਅਨੁਸ਼ਾਸਨਹੀਣਤਾ ਦੇ ਦੋਸ਼ਾਂ ’ਚ ਇਨ੍ਹਾਂ ਤਿੰਨਾਂ ਕਰਮਚਾਰੀਆਂ ਨੂੰ ਸਸਪੈਂਡ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸਨ। ਇਸ ਤੋਂ ਪਹਿਲਾਂ ਹਸਪਤਾਲ ’ਚ ਔਰਤਾਂ ਨਾਲ ਹੋਈਆਂ ਛੇਡ਼ਛਾਡ਼ ਦੀਆਂ ਘਟਨਾਵਾਂ ਨੂੰ ਲੈ ਕੇ ਪੰਜਾਬ ਮਹਿਲਾ ਕਮਿਸ਼ਨ ਨੇ ਵੀ ਸਖਤ ਨੋਟਿਸ ਲੈਂਦਿਆਂ ਸਰਕਾਰੀ ਮੈਡੀਕਲ ਕਾਲਜ ’ਚ ਚੈਕਿੰਗ ਕੀਤੀ ਸੀ ਅਤੇ ਦੋਵਾਂ ਪੀਡ਼ਤ ਔਰਤਾਂ ਦੇ ਬਿਆਨ ਕਲਮਬੱਧ ਕੀਤੇ ਸਨ। ਕਮਿਸ਼ਨ ਵੱਲੋਂ ਵੀ ਛੇਡ਼ਛਾਡ਼ ਕਰਨ ਵਾਲਿਆਂ ’ਤੇ ਕਾਰਵਾਈ ਲਈ ਵਿਭਾਗ ਨੂੰ ਲਿਖਿਆ ਗਿਆ ਸੀ ਪਰ ਉਸ ਤੋਂ ਪਹਿਲਾਂ ਹੀ ਵਿਭਾਗ ਦੇ ਮੰਤਰੀ ਨੇ ਇਨ੍ਹਾਂ ਕਰਮਚਾਰੀਆਂ ’ਤੇ ਕਾਰਵਾਈ ਕਰ ਦਿੱਤੀ।

ਬਲਵਿੰਦਰ ਸਿੰਘ ਦੇ ਕੇਸ ਦੀ ਦੁਬਾਰਾ ਹੋਵੇਗੀ ਜਾਂਚ
ਗੁਰੂ ਨਾਨਕ ਦੇਵ ਹਸਪਤਾਲ ਅਧੀਨ ਚੱਲਣ ਵਾਲੇ ਬੇਬੇ ਨਾਨਕੀ ਮਦਰ ਐਂਡ ਚਾਈਲਡ ਕੇਅਰ ਸੈਂਟਰ ਦੇ ਲੇਬਰ ਰੂਮ ’ਚ ਤਾਇਨਾਤ ਕਰਮਚਾਰੀ ਬਲਵਿੰਦਰ ਸਿੰਘ ’ਤੇ ਹਸਪਤਾਲ ਦੀ ਹੀ ਇਕ ਸਟਾਫ ਨਰਸ ਵੱਲੋਂ ਛੇਡ਼ਛਾਡ਼ ਦੇ ਦੋਸ਼ ਲਾਏ ਗਏ ਸਨ। ਇਸ ਮਾਮਲੇ ’ਚ ਆਸਥਾ ਪ੍ਰਸ਼ਾਸਨ ਨੇ ਬਲਵਿੰਦਰ ਸਿੰਘ ਦਾ ਉਕਤ ਹਸਪਤਾਲ ਤੋਂ ਤਬਾਦਲਾ ਕਰ ਕੇ ਸਾਰੀ ਸਰਕਾਰੀ ਈ. ਐੱਨ. ਟੀ. ਹਸਪਤਾਲ ਭੇਜਿਆ ਸੀ ਪਰ ਹੁਣ ਦੁਬਾਰਾ ਇਸ ਮਾਮਲੇ ਦੀ ਜਾਂਚ ਹੋ ਰਹੀ ਹੈ।

ਮੈਡੀਕਲ ਸੁਪਰਡੈਂਟ ਜਾਣਦੇ ਹੋਏ ਵੀ ਬਣੇ ਅਣਜਾਣ
ਹਸਪਤਾਲ ਦੇ ਮੈਡੀਕਲ ਸੁਪਰਡੈਂਟ ਵੱਲੋਂ ਜਦੋਂ ਇਨ੍ਹਾਂ ਤਿੰਨਾਂ ਕੇਸਾਂ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਖੁਦ ਨੂੰ ਅਣਜਾਣ ਦੱਸਿਆ ਤੇ ਉਨ੍ਹਾਂ ਅਜਿਹੀ ਅਗਿਆਨਤਾ ਜ਼ਾਹਿਰ ਕੀਤੀ ਕਿ ਜਿਵੇਂ ਉਨ੍ਹਾਂ ਨੂੰ ਕਿਸੇ ਵੀ ਮਾਮਲੇ ਦੀ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਅਮਰਜੀਤ ਸਿੰਘ ਕਿਹਡ਼ੇ ਵਿਭਾਗ ’ਚ ਕੰਮ ਕਰ ਰਿਹਾ ਹੈ। ਦੱਸਣਯੋਗ ਹੈ ਕਿ ਵਿਭਾਗ ਵੱਲੋਂ ਮੈਡੀਕਲ ਸੁਪਰਡੈਂਟ ਅਹੁਦੇ ’ਤੇ ਬਿਠਾਏ ਗਏ ਡਾ. ਕੁਲਾਰ ਨੂੰ ਕੋਈ ਵੀ ਪ੍ਰਬੰਧਕੀ ਕੰਮ ਦਾ ਤਜਰਬਾ ਨਹੀਂ ਹੈ, ਇਸ ਲਈ ਉਹ ਅਜਿਹੀਆਂ ਗੰਭੀਰ ਗੱਲਾਂ ਨੂੰ ਜਾਣਦੇ ਹੋਏ ਵੀ ਅਣਜਾਣ ਬਣ ਕੇ ਮਾਮਲੇ ਨੂੰ ਲੁਕਾਉਂਦੇ ਹਨ।

Baljeet Kaur

This news is Content Editor Baljeet Kaur