GNDU ''ਚ ਕੱਚੇ ਕਰਮਚਾਰੀਆਂ ਤੋਂ ਜਬਰੀ ਵਸੂਲੀ ਕਰਨ ਵਾਲਾ ਇਲੈਕਟ੍ਰੀਸ਼ੀਅਨ ਮੁਅੱਤਲ

12/04/2019 3:22:36 PM

ਅੰਮ੍ਰਿਤਸਰ (ਸੰਜੀਵ) : ਕੱਚੇ ਕਰਮਚਾਰੀਆਂ ਨੂੰ ਨੌਕਰੀ 'ਤੇ ਰੱਖਣ ਬਦਲੇ ਜਬਰਨ ਵਸੂਲੀ ਕਰਨ ਵਾਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਿਜਲੀ ਵਿਭਾਗ 'ਚ ਇਲੈਕਟ੍ਰੀਸ਼ੀਅਨ-ਕਮ-ਫੋਰਮੈਨ ਦੇ ਅਹੁਦੇ 'ਤੇ ਤਾਇਨਾਤ ਅਮਰਨਾਥ ਨੂੰ ਡਿਊਟੀ ਤੋਂ ਮੁਅੱਤਲ ਕਰ ਦਿੱਤਾ ਗਿਆ। ਇਹ ਫੈਸਲਾ 28 ਨਵੰਬਰ ਨੂੰ ਹੋਈ ਸਿੰਡੀਕੇਟ ਦੀ ਬੈਠਕ 'ਚ ਲਿਆ ਗਿਆ ਸੀ, ਜਿਸ ਮਗਰੋਂ ਇਸ ਸਬੰਧੀ ਪੱਤਰ ਜਾਰੀ ਕਰ ਕੇ ਅਮਰਨਾਥ ਨੂੰ ਸੂਚਿਤ ਕੀਤਾ ਗਿਆ। ਜਗ ਬਾਣੀ ਵਲੋਂ ਇਸ ਮੁੱਦੇ ਨੂੰ ਮੁੱਖ ਤੌਰ 'ਤੇ ਚੁੱਕਿਆ ਗਿਆ ਸੀ, ਜਿਸ ਤੋਂ ਬਾਅਦ ਯੂਨੀਵਰਸਿਟੀ ਪ੍ਰਬੰਧਨ ਨੇ ਇਸ ਮਾਮਲੇ ਨੂੰ ਸਿੰਡੀਕੇਟ ਦੀ ਮੀਟਿੰਗ 'ਚ ਲਿਆਂਦਾ ਅਤੇ ਉਸ 'ਤੇ ਫੈਸਲਾ ਲਿਆ।

ਕੀ ਸੀ ਮਾਮਲਾ
ਜੀ. ਐੱਨ. ਡੀ. ਯੂ. ਦੇ ਬਿਜਲੀ ਵਿਭਾਗ ਦੇ ਕੱਚੇ ਕਰਮਚਾਰੀਆਂ ਨੇ ਇਲੈਕਟ੍ਰੀਸ਼ੀਅਨ ਅਮਰਨਾਥ ਖਿਲਾਫ ਲਿਖਤੀ ਸ਼ਿਕਾਇਤ ਅਤੇ ਹਲਫੀਆ ਬਿਆਨ ਦੇ ਕੇ ਇਹ ਦੋਸ਼ ਲਾਇਆ ਸੀ ਕਿ ਉਹ ਉਨ੍ਹਾਂ ਤੋਂ ਹਰ ਮਹੀਨੇ ਹਜ਼ਾਰਾਂ ਰੁਪਏ ਵਸੂਲਦਾ ਹੈ ਅਤੇ ਵਧਾ ਕੇ 1500 ਰੁਪਏ ਕਰਨ ਨੂੰ ਕਹਿੰਦਾ ਹੈ। ਇਸ ਤੋਂ ਇਲਾਵਾ ਉਸ ਨੇ ਉਨ੍ਹਾਂ ਨਾਲ ਗਾਲੀ-ਗਲੋਚ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਵੀ ਲਾਏ। ਅਮਰਨਾਥ ਵਲੋਂ ਉਸ 'ਤੇ ਕੇਸ ਕਰਨ ਵਾਲੇ 8 ਕਰਮਚਾਰੀਆਂ ਨੂੰ ਵੀ ਪ੍ਰੇਸ਼ਾਨ ਕਰਨ ਦਾ ਦੋਸ਼ ਸੀ। ਜੀ. ਐੱਨ. ਡੀ. ਯੂ. ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਵਲੋਂ ਇਸ ਮਾਮਲੇ ਦੀ ਜਾਂਚ ਯੂਨੀਵਰਸਿਟੀ ਦੇ ਵਿਜੀਲੈਂਸ ਸਲਾਹਕਾਰ ਚਮਨ ਲਾਲ ਨੂੰ ਸੌਂਪੀ ਗਈ। ਵਿਭਾਗ ਨੇ ਜਾਂਚ ਦੌਰਾਨ ਅਮਰਨਾਥ ਨੂੰ ਦੋਸ਼ੀ ਪਾਇਆ ਅਤੇ ਆਪਣੀ ਰਿਪੋਰਟ ਉਪ ਕੁਲਪਤੀ ਨੂੰ ਸੌਂਪੀ, ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਨੌਕਰੀ ਤੋਂ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕੀਤੇ ਗਏ। ਵਿਭਾਗ ਦੇ ਕੱਚੇ ਕਰਮਚਾਰੀਆਂ ਨੇ ਜਿਥੇ ਇਸ ਫ਼ੈਸਲੇ ਨਾਲ ਰਾਹਤ ਲਈ ਹੈ, ਉਥੇ ਹੀ ਇਸ ਦੇ ਲਈ ਜੀ. ਐੱਨ. ਡੀ. ਯੂ. ਪ੍ਰਬੰਧਨ ਅਤੇ ਜਗ ਬਾਣੀ ਦਾ ਵੀ ਧੰਨਵਾਦ ਕੀਤਾ।

Baljeet Kaur

This news is Content Editor Baljeet Kaur