ਕੈਨੇਡਾ ਦੂਤਘਰ ਲੋਕਾਂ ਨੂੰ ਕੈਨੇਡੀਅਨ ਵੀਜ਼ਾ ਸਬੰਧੀ ਕਰੇਗਾ ਜਾਗਰੂਕ

12/18/2019 1:19:20 PM

ਅੰਮ੍ਰਿਤਸਰ (ਨੀਰਜ) : ਕੈਨੇਡਾ 'ਚ ਪੜ੍ਹਾਈ, ਕੰਮਧੰਦਾ, ਨਿਵਾਸ ਅਤੇ ਯਾਤਰਾ ਦੀ ਚਾਹਤ ਰੱਖਣ ਵਾਲੇ ਲੋਕ ਆਏ ਦਿਨ ਟ੍ਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਏਜੰਟਾਂ ਤੋਂ ਬਚਾਅ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਡੀ.ਸੀ. ਸ਼ਿਵਦੁਲਾਰ ਸਿੰਘ ਢਿੱਲੋਂ ਦੀ ਅਗਵਾਈ 'ਚ ਕੈਨੇਡੀਅਨ ਦੂਤਾਵਾਸ ਦੇ ਨਾਲ ਮਿਲ ਕੇ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਦੌਰਾਨ ਕੈਨੇਡਾ ਦੂਤਘਰ ਦੇ ਪ੍ਰੋਗਰਾਮ ਮੈਨੇਜਰ ਐਲਕ ਐਡਮਸਕੀ ਨੇ ਐਲਾਨ ਕੀਤਾ ਹੈ ਕਿ ਉਹ ਪੰਜਾਬ
|'ਚ ਸਾਰੇ ਜ਼ਿਲਿਆਂ 'ਚ ਇਸ ਤਰ੍ਹਾਂ ਦੇ ਸੈਮੀਨਾਰ ਲਾ ਕੇ ਲੋਕਾਂ ਨੂੰ ਕੈਨੇਡੀਅਨ ਵੀਜ਼ਾ ਸਬੰਧੀ ਜ਼ਿਆਦਾ ਤੋਂ ਜ਼ਿਆਦਾ ਜਾਗਰੂਕ ਕਰਨਗੇ। ਐਡਮਸਕੀ ਨੇ ਸੈਮੀਨਾਰ 'ਚ ਮੌਜੂਦ ਨੌਜਵਾਨਾਂ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਇਸ ਸੈਮੀਨਾਰ ਵਿਚ ਲਈ ਗਈ ਜਾਣਕਾਰੀ ਨੂੰ ਜ਼ਿਆਦਾ ਤੋਂ ਜ਼ਿਆਦਾ ਹੋਰ ਲੋਕਾਂ ਦੇ ਨਾਲ ਸਾਂਝਾ ਕਰਨ।

ਪੰਜਾਬ ਦੇ ਸਕਿੱਲ ਡਿਵੈਲਪਮੈਂਟ ਸਲਾਹਕਾਰ ਸੰਦੀਪ ਕੌੜਾ ਨੇ ਕਿਹਾ ਕਿ ਅੱਜ ਭਾਰਤ ਸਭ ਤੋਂ ਜ਼ਿਆਦਾ ਨੌਜਵਾਨਾਂ ਦੀ ਆਬਾਦੀ ਵਾਲਾ ਦੇਸ਼ ਹੈ ਅਤੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਹੁਨਰਮੰਦ ਬਣਾ ਕੇ ਵਿਦੇਸ਼ਾਂ ਵਿਚ ਕੰਮ-ਕਾਜ ਕਰਨ ਲਈ ਭੇਜੀਏ। ਇਸ ਦੇ ਲਈ ਜਰਮਨ, ਜਾਪਾਨ ਅਤੇ ਕੈਨੇਡਾ ਦੇ ਨਾਲ ਪੰਜਾਬ ਸਰਕਾਰ ਨੇ ਕਈ ਸਮਝੌਤੇ ਕੀਤੇ ਹਨ। ਇਨ੍ਹਾਂ ਦੇਸ਼ਾਂ ਦੀ ਡਿਮਾਂਡ ਦੇ ਅਨੁਸਾਰ ਨੌਜਵਾਨਾਂ ਨੂੰ ਹੁਨਰਮੰਦ ਬਣਾਇਆ ਜਾਵੇਗਾ। ਇਸ ਮੌਕੇ ਡੀ. ਸੀ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਕਿਹਾ ਕਿ ਸਾਰੇ ਨੌਜਵਾਨਾਂ ਨੂੰ ਕੈਨੇਡਾ ਵੀਜ਼ਾ ਲਗਾਉਣ ਲਈ ਏਜੰਟਾਂ ਦੇ ਧੋਖੇ ਤੋਂ ਬਚਣਾ ਚਾਹੀਦਾ ਹੈ। ਜ਼ਿਲਾ ਪ੍ਰਸ਼ਾਸਨ ਵਲੋਂ ਰਜਿਸਟਰਡ ਟ੍ਰੈਵਲ ਏਜੰਟਾਂ ਦੀ ਲਿਸਟ ਜਾਰੀ ਕੀਤੀ ਗਈ ਹੈ। ਡੀ. ਸੀ. ਨੇ ਕਿਹਾ ਕਿ ਜਦੋਂ ਤੱਕ ਨੌਜਵਾਨ ਆਪਣੇ ਹੱਥਾਂ ਨਾਲ ਕੰਮ ਕਰਨ ਦੀ ਆਦਤ ਨਹੀਂ ਪਾਉਂਦੇ ਤਦ ਤੱਕ ਉਹ ਕਾਮਯਾਬ ਨਹੀਂ ਹੋ ਸਕਦੇ।      

Baljeet Kaur

This news is Content Editor Baljeet Kaur