4 ਲੱਖ 37 ਹਜ਼ਾਰ ਬਿਜਲੀ ਦੇ ਬਿੱਲ ਨੇ ਗਰੀਬ ਪਰਿਵਾਰ ਦੀਆਂ ਉਡਾਈਆਂ ਨੀਦਾਂ

02/23/2020 1:42:45 PM

ਅੰਮ੍ਰਿਤਸਰ (ਛੀਨਾ) : ਪਾਵਰਕਾਮ ਵਿਭਾਗ ਦੀ ਲਾਪ੍ਰਵਾਹੀ ਕਾਰਣ ਮਕਬੂਲਪੁਰਾ ਦੇ ਰਹਿਣ ਵਾਲੇ ਇਕ ਗਰੀਬ ਪਰਿਵਾਰ ਨੂੰ 4 ਲੱਖ 37 ਹਜ਼ਾਰ 453 ਰੁਪਏ ਦਾ ਬਿੱਲ ਆਉਣ ਨਾਲ ਉਕਤ ਪਰਿਵਾਰ ਦੀਆਂ ਨੀਦਾਂ ਉਡ ਗਈਆਂ ਹਨ। ਇਸ ਸਬੰਧ 'ਚ ਜਾਣਕਾਰੀ ਦਿੰਦਿਆਂ ਵਾਲਮੀਕਿ ਕ੍ਰਾਂਤੀਕਾਰੀ ਮੋਰਚਾ ਪੰਜਾਬ ਦੇ ਮਾਝਾ ਜ਼ੋਨ ਦੇ ਚੇਅਰਮੈਨ ਮਨਜੀਤ ਸਿੰਘ ਸੈਣੀ ਨੇ ਦੱਸਿਆ ਕਿ ਰਜਵੰਤ ਕੌਰ ਪਤਨੀ ਭੁਪਿੰਦਰ ਸਿੰਘ ਵਾਸੀ ਮਕਬੂਲਪੁਰਾ ਨੂੰ ਪਾਵਰਕਾਮ ਵਿਭਾਗ ਨੇ 4 ਲੱਖ 37 ਹਜ਼ਾਰ 453 ਰੁਪਏ ਦਾ ਬਿੱਲ ਭੇਜ ਦਿੱਤਾ ਹੈ, ਜਿਸ ਕਾਰਣ ਇਹ ਗਰੀਬ ਪਰਿਵਾਰ ਬੇਹੱਦ ਪਰੇਸ਼ਾਨ ਹੈ। ਸੈਣੀ ਨੇ ਕਿਹਾ ਕਿ ਇਹ ਗਰੀਬ ਪਰਿਵਾਰ ਤਾਂ 2 ਵੇਲੇ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਕਰ ਰਿਹਾ ਹੈ ਤੇ ਦੂਜੇ ਪਾਸੇ ਪਾਵਰਕਾਮ ਵਿਭਾਗ ਵੱਲੋਂ ਇਸ ਨੂੰ ਨੋਟਿਸ ਭੇਜ ਕੇ ਬਿੱਲ ਤਾਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਜੋ ਕਿ ਬਿੱਲ ਭੇਜਣ ਦੀ ਲਾਪ੍ਰਵਾਹੀ ਤੋਂ ਵੀ ਵੱਡੀ ਹੈਰਾਨਗੀ ਵਾਲੀ ਗੱਲ ਹੈ। ਪਰਿਵਾਰ ਇਸ ਨਾਜਾਇਜ਼ ਬਿੱਲ ਸਬੰਧੀ ਹੁਣ ਤੱਕ ਕੁਝ ਸਬੰਧਤ ਅਧਿਕਾਰੀਆ ਨੂੰ ਵੀ ਮਿਲ ਚੁੱਕਾ ਹੈ ਪਰ ਨਾ ਤਾਂ ਨਾਜਾਇਜ਼ ਬਿੱਲ ਘਟਾਇਆ ਜਾ ਰਿਹਾ ਹੈ ਅਤੇ ਨਾ ਹੀ ਇਸ ਬਿੱਲ ਦੇ ਬਾਰੇ 'ਚ ਕੋਈ ਜਾਣਕਾਰੀ ਹੀ ਦਿੱਤੀ ਜਾ ਰਹੀ ਹੈ ਕਿ ਇੰਨਾ ਬਿੱਲ ਕਿਵੇਂ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਾਵਰਕਾਮ ਵਿਭਾਗ ਆਪਣੀ ਗਲਤੀ ਦਾ ਸੁਧਾਰ ਕਰ ਕੇ ਇਸ ਗਰੀਬ ਪਰਿਵਾਰ ਨੂੰ ਪਾਇਆ ਗਿਆ ਨਾਜਾਇਜ਼ ਬਿੱਲ ਤੁਰੰਤ ਘੱਟ ਕਰੇ ਨਹੀਂ ਤਾਂ ਵਾਲਮੀਕਿ ਕ੍ਰਾਂਤੀਕਾਰੀ ਮੋਰਚਾ ਪੰਜਾਬ ਵੱਲੋਂ ਪਾਵਰਕਾਮ ਵਿਭਾਗ ਦੇ ਖਿਲਾਫ ਸਖਤ ਸੰਘਰਸ਼ ਵਿੱਢਿਆ ਜਾਵੇਗਾ।

Baljeet Kaur

This news is Content Editor Baljeet Kaur