ਬਿਨਾਂ ਲਾਇਸੈਂਸ ਪਟਾਕੇ ਬਣਾਉਣ ਵਾਲੀ ਫੈਕਟਰੀ ਸੀਲ

10/05/2019 2:06:49 PM

ਅੰਮ੍ਰਿਤਸਰ (ਨੀਰਜ) : ਜ਼ਿਲੇ 'ਚ ਬਿਨਾਂ ਲਾਇਸੈਂਸ ਪਟਾਕੇ ਬਣਾਉਣ ਵਾਲੀਆਂ ਫੈਕਟਰੀਆਂ ਦੇ ਮਾਮਲੇ 'ਚ ਪ੍ਰਸ਼ਾਸਨ ਨੇ ਸਖਤ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਡੀ. ਸੀ. ਸ਼ਿਵਦੁਲਾਰ ਸਿੰਘ ਢਿੱਲੋਂ ਤੇ ਏ. ਡੀ. ਸੀ. ਹਿਮਾਂਸ਼ੂ ਅਗਰਵਾਲ ਦੀਆਂ ਹਦਾਇਤਾਂ ਅਨੁਸਾਰ ਐੱਸ. ਡੀ. ਐੱਮ. ਅੰਮ੍ਰਿਤਸਰ-2 ਸ਼ਿਵਰਾਜ ਸਿੰਘ ਬੱਲ ਅਤੇ ਪੁਲਸ ਦੀ ਜੁਆਇੰਟ ਟੀਮ ਨੇ ਪਿੰਡ ਇੱਬਣ 'ਚ ਇਕ ਬਿਨਾਂ ਲਾਇਸੈਂਸ ਚੱਲ ਰਹੀ ਪਟਾਕਾ ਫੈਕਟਰੀ ਨੂੰ ਸੀਲ ਕਰ ਦਿੱਤਾ ਹੈ ਪਰ ਇਥੋਂ ਕੁਝ ਨਹੀਂ ਮਿਲਿਆ। ਇਸ ਤੋਂ ਬਾਅਦ ਫੈਕਟਰੀ ਮਾਲਕਾਂ ਨੇ ਐੱਸ. ਡੀ. ਐੱਮ. ਨੂੰ ਭਰੋਸਾ ਦਿੱਤਾ ਕਿ ਉਹ ਲਾਇਸੈਂਸ ਲੈ ਕੇ ਅਤੇ ਪੂਰੇ ਨਿਯਮ ਪੂਰੇ ਕਰਨ ਤੋਂ ਬਾਅਦ ਹੀ ਪਟਾਕੇ ਬਣਾਉਣ ਦਾ ਕੰਮ ਕਰਨਗੇ, ਜਦਕਿ ਇਕ ਫੈਕਟਰੀ 'ਚ ਪਟਾਕੇ ਪਾਏ ਗਏ ਅਤੇ ਇਸ ਫੈਕਟਰੀ ਕੋਲ ਲਾਇਸੈਂਸ ਵੀ ਨਹੀਂ ਸੀ, ਜਿਸ ਨੂੰ ਐੱਸ. ਡੀ. ਐੱਮ. ਨੇ ਸੀਲ ਕਰ ਦਿੱਤਾ ਹੈ।

ਤਿੰਨ ਫੈਕਟਰੀ ਮਾਲਕਾਂ ਨੇ ਦਲੀਲ ਦਿੱਤੀ ਕਿ ਉਨ੍ਹਾਂ ਨੇ ਡੀ. ਸੀ. ਦਫ਼ਤਰ ਵਿਚ ਲਾਇਸੈਂਸ ਲਈ ਵੀ ਦਰਖਾਸਤ ਦਿੱਤੀ ਸੀ, ਇਕ ਕਲਰਕ ਉਨ੍ਹਾਂ ਨੂੰ ਲਾਇਸੈਂਸ ਨਹੀਂ ਦੇ ਰਿਹਾ। ਹਾਲਾਂਕਿ ਐੱਸ. ਡੀ. ਐੱਮ. ਵੱਲੋਂ ਇਹ ਦਲੀਲ ਅਯੋਗ ਕਰ ਦਿੱਤੀ ਗਈ ਸੀ। ਆਈ. ਜੀ. ਬਾਰਡਰ ਰੇਂਜ ਦੇ ਐੱਸ. ਪੀ. ਐੱਸ. ਪਰਮਾਰ ਤੇ ਐੱਸ. ਐੱਸ. ਪੀ. ਦਿਹਾਤੀ ਵਿਕਰਮਜੀਤ ਸਿੰਘ ਦੁੱਗਲ ਨੇ ਵੀ ਇਸ ਮਾਮਲੇ ਵਿਚ ਅਹਿਮ ਭੂਮਿਕਾ ਨਿਭਾਈ ਸੀ ਕਿਉਂਕਿ ਆਈ. ਜੀ. ਪਰਮਾਰ ਨੇ ਬਟਾਲਾ ਧਮਾਕੇ ਤੋਂ ਬਾਅਦ ਸਾਰੇ ਜ਼ਿਲਿਆਂ ਦੇ ਐੱਸ. ਐੱਸ. ਪੀਜ਼ ਨੂੰ ਨਿਰਦੇਸ਼ ਦਿੱਤੇ ਸਨ ਕਿ ਕਿਤੇ ਵੀ ਲਾਇਸੈਂਸ ਤੋਂ ਬਿਨਾਂ ਪਟਾਕਾ ਫੈਕਟਰੀ ਨਹੀਂ ਚੱਲਣੀ ਚਾਹੀਦੀ। ਉਸ ਤੋਂ ਬਾਅਦ ਐੱਸ. ਐੱਸ. ਪੀ. ਦੁੱਗਲ ਨੇ ਦਿਹਾਤੀ ਖੇਤਰ ਦੇ ਸਾਰੇ ਪੁਲਸ ਇੰਚਾਰਜਾਂ ਨੂੰ ਸਖਤ ਆਦੇਸ਼ ਦਿੱਤੇ ਸਨ ਕਿ ਬਿਨਾਂ ਕਿਸੇ ਥਾਣੇ ਦੇ ਖੇਤਰ ਵਿਚ ਲਾਇਸੈਂਸ ਪਟਾਕਾ ਫੈਕਟਰੀਆਂ ਦੀ ਸ਼ਿਕਾਇਤ ਨਹੀਂ ਮਿਲਣੀ ਚਾਹੀਦੀ।

ਫੈਕਟਰੀ 'ਚ ਸਮਰੱਥਾ ਤੋਂ ਵੱਧ ਬਣ ਰਹੇ ਸਨ ਪਟਾਕੇ
ਬਿਨਾਂ ਲਾਇਸੈਂਸ ਦੇ ਪਟਾਕੇ ਬਣਾਉਣ ਵਾਲੀਆਂ ਫੈਕਟਰੀਆਂ 'ਤੇ ਕਾਨੂੰਨੀ ਸ਼ਿਕੰਜਾ ਕੱਸਣ ਤੋਂ ਬਾਅਦ ਅੰਮ੍ਰਿਤਸਰ ਜ਼ਿਲਾ ਪ੍ਰਸ਼ਾਸਨ ਨੂੰ ਸੂਚਨਾ ਮਿਲੀ ਸੀ ਕਿ ਇਕ ਪਟਾਕਾ ਫੈਕਟਰੀ ਅਜਿਹੀ ਵੀ ਹੈ, ਜਿਸ ਵਿਚ ਸਰਕਾਰ ਵੱਲੋਂ ਜਾਰੀ ਲਾਇਸੈਂਸ ਦੀ ਸਮੱਰਥਾ ਤੋਂ ਵੱਧ ਪਟਾਕੇ ਬਣਾਏ ਜਾ ਰਹੇ ਹਨ। ਨਿਯਮਾਂ ਅਨੁਸਾਰ ਕੇਂਦਰ ਸਰਕਾਰ ਦੇ ਐਕਸਪੋਲਸਿਵ ਵਿਭਾਗ ਤੇ ਡੀ. ਐੱਮ. ਵੱਲੋਂ ਲੋਕਲ ਪੱਧਰ 'ਤੇ ਦਿੱਤੇ ਜਾਣ ਵਾਲੇ ਲਾਇਸੈਂਸ 'ਚ ਪਟਾਕੇ ਬਣਾਉਣ ਦੀ ਸਮਰੱਥਾ ਤੈਅ ਕੀਤੀ ਗਈ ਹੁੰਦੀ ਹੈ ਪਰ ਇਸ ਫੈਕਟਰੀ 'ਚ ਸਮੱਰਥਾ ਤੋਂ ਜ਼ਿਆਦਾ ਪਟਾਕੇ ਬਣਾਏ ਜਾਣ ਦੀ ਪ੍ਰਸ਼ਾਸਨ ਨੂੰ ਸੂਚਨਾ ਹੈ। ਆਉਣ ਵਾਲੇ ਦਿਨਾਂ 'ਚ ਕਾਨੂੰਨੀ ਕਾਰਵਾਈ ਹੋਣਾ ਤੈਅ ਹੈ।

ਅੰਨਗੜ੍ਹ 'ਚ ਅਜੇ ਵੀ ਕਈ ਨੈਨੋ ਫੈਕਟਰੀਆਂ 'ਚ ਬਣ ਰਹੇ ਨੇ ਗੈਰ-ਕਾਨੂੰਨੀ ਪਟਾਕੇ
ਅੰਮ੍ਰਿਤਸਰ ਦਿਹਾਤੀ ਇਲਾਕੇ 'ਚ ਤਾਂ ਹੁਣ ਕੋਈ ਅਜਿਹੀ ਫੈਕਟਰੀ ਨਹੀਂ ਬਚੀ, ਜਿਥੇ ਗੈਰ-ਕਾਨੂੰਨੀ ਪਟਾਕੇ ਬਣਾਏ ਜਾ ਰਹੇ ਹਨ ਪਰ ਸ਼ਹਿਰੀ ਇਲਾਕੇ ਅੰਨਗੜ੍ਹ 'ਚ ਅੱਜ ਵੀ ਕਈ ਨੈਨੋ ਫੈਕਟਰੀਆਂ ਬਲਕਿ ਘਰਾਂ 'ਚ ਗੈਰ-ਕਾਨੂੰਨੀ ਰੂਪ ਨਾਲ ਪਾਬੰਦੀਸ਼ੁਦਾ ਕਾਨਾ ਹਵਾਈਆਂ ਅਤੇ ਤੋੜੇ ਵਾਲੇ ਬੰਬ ਬਣਾਏ ਜਾ ਰਹੇ ਹਨ, ਜਿਨ੍ਹਾਂ ਨੂੰ ਹਾਈ ਕੋਰਟ ਵੱਲੋਂ ਬੈਨ ਕੀਤਾ ਗਿਆ ਹੈ। ਫਿਰ ਵੀ ਇਨ੍ਹਾਂ ਖਤਰਨਾਕ ਪਟਾਕਿਆਂ ਨੂੰ ਬਣਾਇਆ ਜਾ ਰਿਹਾ ਹੈ।

ਦਿਹਾਤੀ ਇਲਾਕੇ 'ਚ ਕਿਤੇ ਵੀ ਬਿਨਾਂ ਲਾਇਸੈਂਸ ਪਟਾਕਾ ਫੈਕਟਰੀ ਨਹੀਂ ਚੱਲਣ ਦਿੱਤੀ ਜਾਵੇਗੀ। ਜੋ ਵਪਾਰੀ ਪਟਾਕਿਆਂ ਦਾ ਕਾਰੋਬਾਰ ਅਤੇ ਪਟਾਕੇ ਬਣਾਉਣ ਦਾ ਕੰਮ ਕਰਨਾ ਚਾਹੁੰਦੇ ਹਨ, ਉਹ ਐਕਸਪਲੋਸਿਵ ਵਿਭਾਗ ਤੇ ਡੀ. ਐੱਮ. ਦਫਤਰ ਤੋਂ ਲਾਇਸੈਂਸ ਲੈ ਕੇ ਕੰਮ ਕਰ ਸਕਦੇ ਹਨ। ਪ੍ਰਸ਼ਾਸਨ ਨਿਯਮਾਂ ਅਨੁਸਾਰ ਉਨ੍ਹਾਂ ਵਪਾਰੀਆਂ ਨੂੰ ਲਾਇਸੈਂਸ ਦੇਣ ਲਈ ਵਚਨਬੱਧ ਹੈ, ਜੋ ਸਾਰੇ ਨਿਯਮਾਂ ਨੂੰ ਅਪਣਾਉਂਦੇ ਹਨ। –ਮੇਜਰ ਸ਼ਿਵਰਾਜ ਸਿੰਘ ਬੱਲ, ਐੱਸ. ਡੀ. ਐੱਮ. ਅੰਮ੍ਰਿਤਸਰ-2

Baljeet Kaur

This news is Content Editor Baljeet Kaur