ਕੋਰੋਨਾ ਵਾਇਰਸ ਤੋਂ ਚੌਕਸੀ : ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਸਿਹਤ ਵਿਭਾਗ ਨੇ ਲਾਏ ਬੋਰਡ

03/07/2020 3:52:15 PM

ਅੰਮ੍ਰਿਤਸਰ (ਅਣਜਾਣ) : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਵੱਖ-ਵੱਖ ਥਾਵਾਂ 'ਤੇ ਦੇਸ਼-ਵਿਦੇਸ਼ ਤੋਂ ਆਉਂਦੀਆਂ ਸੰਗਤਾਂ ਨੂੰ ਕੋਰੋਨਾ ਵਾਇਰਸ ਤੋਂ ਸੁਚੇਤ ਕਰਨ ਲਈ ਬੋਰਡ ਲਾਏ ਗਏ ਹਨ, ਜਿਨ੍ਹਾਂ 'ਤੇ ਕੋਰੋਨਾ ਵਾਇਰਸ ਦੇ ਲੱਛਣ ਅਤੇ ਇਸ ਤੋਂ ਬਚਣ ਦੇ ਉਪਾਅ ਦੱਸਦਿਆਂ ਸਿਹਤ ਵਿਭਾਗ ਨੇ ਸ੍ਰੀ ਹਰਿਮੰਦਰ ਸਾਹਿਬ ਆਉਣ-ਜਾਣ ਵਾਲੀਆਂ ਸੰਗਤਾਂ ਨੂੰ ਜਾਣਕਾਰੀ ਦਿੱਤੀ ਹੈ।

ਵਿਭਾਗ ਵਲੋਂ ਦੱਸਿਆ ਗਿਆ ਹੈ ਕਿ ਕੋਰੋਨਾ ਵਾਇਰਸ ਆਮ ਤੌਰ 'ਤੇ ਖਾਂਸੀ, ਜ਼ੁਕਾਮ, ਸਾਹ ਲੈਣ 'ਚ ਤਕਲੀਫ਼ ਅਤੇ ਬੁਖਾਰ ਤੋਂ ਹੁੰਦਾ ਹੈ। ਜੇਕਰ ਕਿਸੇ ਵਿਅਕਤੀ ਨੇ ਪਿਛਲੇ 30 ਦਿਨਾਂ 'ਚ ਕੋਰੋਨਾ ਵਾਇਰਸ ਵਾਲੇ ਦੇਸ਼ ਦਾ ਦੌਰਾ ਕੀਤਾ ਹੈ ਅਤੇ ਉਸ ਵਿਚ ਉਪਰੋਕਤ ਲਿਖੇ ਲੱਛਣ ਹਨ ਤਾਂ ਉਹ ਸਲਾਹ ਅਤੇ ਇਲਾਜ ਲਈ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰਨ ਜਾਂ ਬੋਰਡ 'ਤੇ ਦਿੱਤੇ ਕਾਲ ਸੈਂਟਰ ਨੰਬਰਾਂ 'ਤੇ ਸੰਪਰਕ ਕਰ ਸਕਦੇ ਹਨ। ਇਨ੍ਹਾਂ ਨੰਬਰਾਂ 'ਚ ਨੈਸ਼ਨਲ ਕਾਲ ਸੈਂਟਰ ਨੰ. 011 2397 8046, ਸਟੇਟ ਕੰਟਰੋਲ ਰੂਮ ਨੰ. +91 8872 090 029, +91 172 292 0074 ਅਤੇ ਜ਼ਿਲਾ ਕੰਟਰੋਲ ਰੂਮ ਨੰ. +91 855 700 6159 ਅਤੇ +91 814 630 0458 ਜਨਤਾ ਦੀ ਸਹੂਲਤ ਲਈ ਦਿੱਤੇ ਗਏ ਹਨ। ਇਸ ਦੇ ਨਾਲ ਹੀ ਸਮੇਂ-ਸਮੇਂ 'ਤੇ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਣ ਅਤੇ ਮਾਸਕ ਦਾ ਪ੍ਰਯੋਗ ਕਰ ਕੇ ਅਤੇ ਦੂਜੇ ਵਿਅਕਤੀਆਂ ਤੋਂ ਦੂਰੀ ਬਣਾਈ ਰੱਖਣ ਅਤੇ ਭੀੜ ਵਾਲੀਆਂ ਥਾਵਾਂ 'ਤੇ ਜਾਣ ਤੋਂ ਗੁਰੇਜ਼ ਕਰਨ।

ਵਿਭਾਗ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਲੋਕ ਘਰੇਲੂ ਨੁਸਖਿਆਂ ਨਾਲ ਇਲਾਜ ਨਾ ਕਰ ਕੇ ਮਾਹਿਰ ਡਾਕਟਰਾਂ ਦੀ ਸਲਾਹ ਨਾਲ ਦਵਾਈ ਲੈਣ ਅਤੇ ਖੰਘਦੇ ਅਤੇ ਛਿੱਕਦੇ ਸਮੇਂ ਰੁਮਾਲ ਨਾਲ ਨੱਕ ਅਤੇ ਮੂੰਹ ਨੂੰ ਢਕਣ। ਇਸ ਦੇ ਨਾਲ ਹੀ ਪਾਲਤੂ ਅਤੇ ਜੰਗਲੀ ਜਾਨਵਰਾਂ ਨਾਲ ਅਸੁਰੱਖਿਅਤ ਸੰਪਰਕ ਨਾ ਕਰਨ ਲਈ ਵੀ ਕਿਹਾ ਗਿਆ ਹੈ। ਇਸ ਸਬੰਧੀ ਸਿਵਲ ਸਰਜਨ ਡਾ. ਪ੍ਰਭਜੋਤ ਕੌਰ ਜੌਹਲ ਨੇ ਦੱਸਿਆ ਕਿ ਇਹ ਬੋਰਡ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਦੇ ਸਹਿਯੋਗ ਨਾਲ ਘੰਟਾ ਘਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਲਾਏ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਮਰੀਜ਼ 'ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਜਾਣ ਤਾਂ ਬਿਨਾਂ ਕਿਸੇ ਘਬਰਾਹਟ ਦੇ ਉਸ ਨੂੰ ਇਕੱਲਾ ਰੱਖ ਕੇ ਤੁਰੰਤ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ।

Baljeet Kaur

This news is Content Editor Baljeet Kaur