ਕੋਰੋਨਾ ਵਾਇਰਸ : ਸਿਹਤ ਮੰਤਰਾਲਾ ਵਲੋਂ 14 ਰਾਜਾਂ ਦੇ ਏਅਰਪੋਰਟਾਂ ''ਤੇ ਜਾਂਚ ਲਈ ਟੀਮਾਂ ਗਠਿਤ

02/06/2020 2:58:02 PM

ਅੰਮ੍ਰਿਤਸਰ (ਦਲਜੀਤ) : ਕੋਰੋਨਾ ਵਾਇਰਸ ਨੂੰ ਲੈ ਕੇ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਵਲੋਂ 14 ਸੂਬਿਆਂ 'ਚ ਸਥਿਤ ਏਅਰਪੋਰਟਾਂ 'ਤੇ ਸਿਹਤ ਸੇਵਾਵਾਂ ਦੀ ਜਾਂਚ ਲਈ ਉੱਚ ਪੱਧਰੀ ਟੀਮਾਂ ਦਾ ਗਠਨ ਕੀਤਾ ਗਿਆ ਹੈ। ਮੰਤਰਾਲੇ ਦੀ ਟੀਮ ਵਲੋਂ ਅੰਤਰਰਾਸ਼ਟਰੀ ਏਅਰਪੋਰਟ 'ਤੇ ਸਰਕਾਰੀ ਮੈਡੀਕਲ ਕਾਲਜ 'ਚ ਸਿਹਤ ਸੇਵਾਵਾਂ ਦਾ ਜਾਇਜ਼ਾ ਲੈਣ ਲਈ ਦੌਰਾ ਕੀਤਾ ਗਿਆ। ਟੀਮ 'ਚ ਸ਼ਾਮਿਲ ਅਧਿਕਾਰੀਆਂ ਨੇ ਏਅਰਪੋਰਟ 'ਤੇ ਜਿਥੇ ਕੋਰੀਡੋਰ ਤੋਂ ਇਲਾਵਾ ਡਾਕਟਰਾਂ ਦੀ ਟੀਮ ਨਾਲ ਗੱਲਬਾਤ ਕੀਤੀ, ਉਥੇ ਹੀ ਸਰਕਾਰੀ ਮੈਡੀਕਲ ਕਾਲਜ 'ਚ ਬਣਾਏ ਆਈਸੋਲੇਸ਼ਨ ਵਾਰਡ ਦਾ ਦੌਰਾ ਵੀ ਕੀਤਾ। ਸਿਹਤ ਵਿਭਾਗ ਵਲੋਂ ਜ਼ਿਲੇ 'ਚ ਵਾਇਰਸ ਨੂੰ ਲੈ ਕੇ ਕੀਤੇ ਗਏ ਪ੍ਰਬੰਧਾਂ 'ਤੇ ਟੀਮ ਨੇ ਤਸੱਲੀ ਪ੍ਰਗਟ ਕੀਤੀ।

ਉਧਰ ਨਿਊਜ਼ੀਲੈਂਡ ਤੋਂ ਚੀਨ ਹੋ ਕੇ ਅੰਤਰਰਾਸ਼ਟਰੀ ਏਅਰਪੋਰਟ 'ਤੇ ਆਈਆਂ ਕੋਰੋਨਾ ਵਾਇਰਸ ਦੀਆਂ 2 ਸ਼ੱਕੀ ਔਰਤਾਂ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਦਾਖਲ ਹੋਈਆਂ ਹਨ। ਸਿਹਤ ਵਿਭਾਗ ਵਲੋਂ ਉਕਤ ਔਰਤਾਂ ਦੇ ਬਲੱਡ ਸੈਂਪਲ ਲੈ ਕੇ ਟੈਸਟਿੰਗ ਲਈ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲਾਜੀ ਪੁਣੇ ਭੇਜੇ ਗਏ ਹਨ। ਉਕਤ ਔਰਤਾਂ ਨੂੰ ਬੁਖਾਰ, ਥਕਾਵਟ ਅਤੇ ਗਲ਼ਾ ਦਰਦ ਦੀ ਸ਼ਿਕਾਇਤ ਹੈ। ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਨੇ ਦੱਸਿਆ ਕਿ ਉਕਤ ਔਰਤਾਂ ਨਿਊਜ਼ੀਲੈਂਡ ਤੋਂ ਆ ਰਹੀਅ ਸਨ ਕਿ ਇਨ੍ਹਾਂ ਦੀ ਫਲਾਈਟ 6 ਘੰਟੇ ਲਈ ਚੀਨ ਰੁਕੀ। ਉਨ੍ਹਾਂ ਦੀ ਹਾਲਤ ਸਥਿਰ ਹੈ, ਕੋਈ ਖਤਰੇ ਵਾਲੀ ਗੱਲ ਨਹੀਂ ਹੈ। ਵੀਰਵਾਰ ਨੂੰ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਇਨ੍ਹਾਂ ਨੂੰ ਛੁੱਟੀ ਦੇ ਦਿੱਤੀ ਜਾਵੇਗੀ। ਡਾ. ਜੌਹਲ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਅਤੇ ਸਿਵਲ ਹਸਪਤਾਲ 'ਚ ਵਾਇਰਸ ਨੂੰ ਲੈ ਕੇ ਆਈਸੋਲੇਸ਼ਨ ਵਾਰਡ ਬਣਾਏ ਗਏ ਹਨ, ਜਿਨ੍ਹਾਂ 'ਚ ਹਰ ਤਰ੍ਹਾਂ ਦੇ ਡਾਕਟਰ ਅਤੇ ਸਮਰੱਥ ਪ੍ਰਬੰਧ ਕੀਤੇ ਗਏ ਹਨ।

ਜਾਣਕਾਰੀ ਅਨੁਸਾਰ ਭਾਰਤ 'ਚ ਕੁਝ ਕੇਸ ਸਾਹਮਣੇ ਆਉਣ ਤੋਂ ਬਾਅਦ ਮੰਤਰਾਲੇ ਦੇ ਨਿਰਦੇਸ਼ਾਂ 'ਤੇ ਅੱਜ ਐੱਨ. ਸੀ. ਡੀ. ਸੀ. ਦੇ ਵਧੀਕ ਡਾਇਰੈਕਟਰ ਡਾ. ਐੱਸ. ਕੇ. ਜੈਨ, ਡਾ. ਪਿਊਸ਼ ਜੈਨ, ਡਾ. ਸ਼ਾਲਿਨੀ ਮਲਹੋਤਰਾ ਦੀ ਅਗਵਾਈ ਵਾਲੀ ਟੀਮ ਵਲੋਂ ਉੱਚ ਪੱਧਰੀ ਟੀਮ ਅੰਤਰਰਾਸ਼ਟਰੀ ਏਅਰਪੋਰਟ 'ਤੇ ਪਹੁੰਚੀ। ਟੀਮ ਵਲੋਂ ਚੀਨ ਤੋਂ ਆਉਣ ਵਾਲੇ ਮੁਸਾਫਰਾਂ ਨੂੰ ਆਈਸੋਲੇਟ ਕਰਨ ਦੇ ਕੰਮ ਦੀ ਗੰਭੀਰਤਾ ਨਾਲ ਸਮੀਖਿਆ ਕੀਤੀ ਗਈ। ਉਨ੍ਹਾਂ ਕੋਰੀਡੋਰ ਦੀ ਵੀ ਜਾਂਚ ਕੀਤੀ। ਏਅਰਪੋਰਟ 'ਤੇ ਲਾਏ ਗਏ ਸਕੈਨਰ ਤੋਂ ਮੁਸਾਫਰਾਂ ਦੀ ਜਾਂਚ ਲਈ ਡਾਕਟਰਾਂ ਦੇ ਕੰਮਾਂ ਨੂੰ ਵੀ ਦੇਖਿਆ ਗਿਆ। ਮਲੇਸ਼ੀਆ, ਸਿੰਗਾਪੁਰ ਤੋਂ ਆਉਣ ਵਾਲੀ ਸਕੂਟ ਫਲਾਈਟ ਦੇ ਮੁਸਾਫਰਾਂ ਲਈ ਭਰੇ ਜਾਣ ਵਾਲੇ ਸਵੈ-ਘੋਸ਼ਣਾ ਪੱਤਰ ਨੂੰ ਵੀ ਦੇਖਿਆ ਗਿਆ। ਅਧਿਕਾਰੀਆਂ ਵੱਲੋਂ ਏਅਰਪੋਰਟ 'ਤੇ ਮੌਜੂਦ ਦਵਾਈਆਂ, ਕਿੱਟਾਂ ਅਤੇ ਐਂਬੂਲੈਂਸ ਦੀ ਵੀ ਜਾਂਚ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ, ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਸਮੇਤ ਸਿਹਤ ਵਿਭਾਗ ਦੇ ਉੱਚ ਅਧਿਕਾਰੀ ਮੌਜੂਦ ਸਨ। ਟੀਮ ਨੇ ਇਸ ਉਪਰੰਤ ਸਰਕਾਰੀ ਮੈਡੀਕਲ ਕਾਲਜ 'ਚ ਬਣਾਏ ਆਈਸੋਲੇਸ਼ਨ ਵਾਰਡ ਦਾ ਦੌਰਾ ਕੀਤਾ। ਟੀਮ ਦੇ ਅਧਿਕਾਰੀਆਂ ਨੇ ਵੈਂਟੀਲੇਟਰ ਅਤੇ ਵਾਰਡ 'ਚ ਪ੍ਰਬੰਧਾਂ ਦਾ ਜਾਇਜ਼ਾ ਲਿਆ। ਵਾਹਗਾ ਬਾਰਡਰ ਤੋਂ ਆਉਣ ਵਾਲੇ ਮੁਸਾਫਰਾਂ ਦੀ ਵੀ ਸਿਹਤ ਸੇਵਾਵਾਂ ਦੀ ਸਮੀਖਿਆ ਕੀਤੀ ਗਈ। ਸਿਵਲ ਸਰਜਨ ਡਾ. ਜੌਹਲ ਨੇ ਦੱਸਿਆ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਮਦਦ ਲਈ ਹੈਲਪਲਾਈਨ ਨੰਬਰ 104 ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਏਅਰਪੋਰਟ 'ਤੇ 3915 ਅਤੇ ਅਟਾਰੀ ਬਾਰਡਰ ਰਾਹੀਂ ਭਾਰਤ ਆਉਣ ਵਾਲੇ 777 ਮੁਸਾਫਰਾਂ ਦੀ ਹੁਣ ਤੱਕ ਸਕੈਨਿੰਗ ਕੀਤੀ ਗਈ ਹੈ। ਸਿਹਤ ਵਿਭਾਗ ਵਲੋਂ ਪੂਰੀ ਮੁਸਤੈਦੀ ਨਾਲ ਕੰਮ ਕੀਤਾ ਜਾ ਰਿਹਾ ਹੈ।

ਇਨ੍ਹਾਂ ਸੂਬਿਆਂ 'ਚ ਉੱਚ ਪੱਧਰੀ ਟੀਮਾਂ ਗਠਿਤ
ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਵਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਸੀਨੀਅਰ ਤਿੰਨ-ਤਿੰਨ ਅਧਿਕਾਰੀਆਂ ਦੀ ਅਗਵਾਈ 'ਚ 14 ਸੂਬਿਆਂ 'ਚ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਮੰਤਰਾਲਾ ਵਲੋਂ ਉਕਤ ਰਾਜਾਂ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਟੀਮਾਂ ਦਾ ਸਹਿਯੋਗ ਕਰਨ ਲਈ ਕਿਹਾ ਗਿਆ ਹੈ। ਮੰਤਰਾਲਾ ਵਲੋਂ ਅੰਮ੍ਰਿਤਸਰ, ਗੋਹਾਟੀ, ਅਹਿਮਦਾਬਾਦ, ਜੈਪੁਰ, ਟਰਿਚੀ, ਕੋਇੰਬਟੂਰ, ਭੁਵਨੇਸ਼ਵਰ, ਵਿਸ਼ਾਖਾਪਟਨਮ, ਲਖਨਊ, ਵਾਰਾਨਸੀ, ਤ੍ਰਿਵੇਂਦਰਮ, ਗੋਆ, ਬਗਡੋਗਰਾ ਗਾਇਆਂ 'ਚ ਟੀਮਾਂ ਦਾ ਗਠਨ ਕੀਤਾ ਗਿਆ ਹੈ। ਸਾਰੀਆਂ ਟੀਮਾਂ ਉਕਤ ਸਥਾਨਾਂ 'ਤੇ ਸਥਿਤ ਏਅਰਪੋਰਟ ਅਤੇ ਨਾਲ ਲੱਗਦੀਆਂ ਸਰਕਾਰੀ ਸੰਸਥਾਵਾਂ 'ਚ ਸਿਹਤ ਸੇਵਾਵਾਂ ਦਾ ਜਾਇਜ਼ਾ ਲੈ ਕੇ ਮੰਤਰਾਲਾ ਨੂੰ ਰਿਪੋਰਟ ਕਰਨਗੀਆਂ।


Baljeet Kaur

Content Editor

Related News