ਜਗ ਬਾਣੀ ਐਕਸਕਲੂਸਿਵ: ਸਿਟੀ ਰੇਲਵੇ ਸਟੇਸ਼ਨ ਹੋਵੇਗਾ ''ਫੁਲੀ ਏਅਰ ਕੰਡੀਸ਼ਨਰ''

09/23/2019 11:44:11 AM

ਅੰਮ੍ਰਿਤਸਰ (ਸਫਰ, ਜਸ਼ਨ) - ਦੇਸ਼ ਦੇ ਟਾਪ-10 ਰੇਲਵੇ ਸਟੇਸ਼ਨ ਅੰਮ੍ਰਿਤਸਰ ਆਉਣ ਵਾਲੇ 1 ਸਾਲ 'ਚ ਫੁੱਲ ਏਅਰ ਕੰਡੀਸ਼ਨਰ ਸਿਸਟਮ ਵਿਚ ਕੰਮ ਕਰਨ ਲੱਗੇਗਾ। ਉਡੀਕ ਘਰ 'ਚ ਬੈਠੇ ਯਾਤਰੀ ਏ. ਸੀ. ਦੀ ਹਵਾ ਖਾ ਸਕਣਗੇ। ਫਿਰੋਜ਼ਪੁਰ ਰੇਲ ਡਵੀਜ਼ਨ ਦੇ ਅਟਾਰੀ ਰੇਲਵੇ ਸਟੇਸ਼ਨ ਤੋਂ ਬਾਅਦ ਫੁੱਲ ਏਅਰ ਕੰਡੀਸ਼ਨਰ ਸਿਸਟਮ ਵਾਲਾ ਅੰਮ੍ਰਿਤਸਰ ਦੂਜਾ ਰੇਲਵੇ ਸਟੇਸ਼ਨ ਹੋਵੇਗਾ। ਰੇਲ ਮੰਤਰਾਲਾ ਪੰਜਾਬ ਵਿਚ ਪਠਾਨਕੋਟ ਅਤੇ ਜੰਮੂ-ਕਸ਼ਮੀਰ 'ਚ ਜੰਮੂ ਰੇਲਵੇ ਸਟੇਸ਼ਨ ਨੂੰ ਅੰਤਰਰਾਸ਼ਟਰੀ ਰੇਲਵੇ ਸਟੇਸ਼ਨਾਂ ਦੀਆਂ ਸਹੂਲਤਾਂ ਲਈ ਦੇਸ਼ ਦੇ ਟਾਪ-10 ਰੇਲਵੇ ਸਟੇਸ਼ਨਾਂ 'ਚ ਸ਼ੁਮਾਰ ਕਰ ਚੁੱਕਾ ਹੈ। ਅਜਿਹੇ 'ਚ ਅੰਮ੍ਰਿਤਸਰ ਰੇਲਵੇ ਸਟੇਸ਼ਨ ਵਿਚ ਵਿਕਾਸ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਰੰਗ ਅਤੇ ਦਿਖ ਖਾਲਸਾਈ ਹੈ। ਹੈਰੀਟੇਜ ਸਿਟੀ ਦੀ ਤਰਜ਼ 'ਤੇ ਰੇਲਵੇ ਸਟੇਸ਼ਨ ਦੇ ਰੰਗ-ਰੂਪ ਨੂੰ ਨਿਖਾਰਿਆ ਜਾ ਰਿਹਾ ਹੈ। ਛੇਤੀ ਹੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਉਡੀਕ ਘਰ 'ਚ ਵਿਸ਼ਵ ਪੱਧਰ 'ਤੇ ਸਹੂਲਤਾਂ ਲਈ ਖਾਸ ਕਾਊਂਟਰ ਖੋਲ੍ਹੇ ਜਾਣੇ ਹਨ।

'ਗਾਈਡ' ਦੇ ਤੌਰ 'ਤੇ ਬੇਟੀਆਂ ਵੀ ਦਿਸਣਗੀਆਂ
ਸੈਲਾਨੀਆਂ ਦੀ ਵੱਡੀ ਗਿਣਤੀ ਨੂੰ ਲੈ ਕੇ ਰੇਲਵੇ ਸਟੇਸ਼ਨ 'ਤੇ 'ਗਾਈਡ' ਦੇ ਤੌਰ 'ਤੇ ਬੇਟੀਆਂ ਵੀ ਦਿਸਣਗੀਆਂ। ਸੁਰੱਖਿਆ ਦੇ ਮੱਦੇਨਜ਼ਰ ਰੇਲਵੇ ਸਟੇਸ਼ਨ ਦੇ ਦੋਵੇਂ ਪਾਸੇ ਸਥਾਈ ਪੁਲਸ ਪੋਸਟ ਨਾਕੇਬੰਦੀ ਦੇ ਨਾਲ ਹੀ ਦਿੱਲੀ ਦੀ ਤਰਜ਼ 'ਤੇ ਟੈਕਸੀ ਸਿਸਟਮ ਵੀ ਲਾਇਆ ਜਾਣਾ ਹੈ। ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇਸ਼-ਦੁਨੀਆ ਲਈ ਵਿਰਾਸਤ ਨਾਲ ਜੁੜਿਆ ਹੋਇਆ ਹੈ। ਦੇਸ਼ ਦਾ ਅਜਿਹਾ ਰੇਲਵੇ ਸਟੇਸ਼ਨ ਹੈ, ਜਿਸ ਨੇ ਵੰਡ ਦੇ ਇਤਿਹਾਸ ਨੂੰ ਸੰਜੋਅ ਕੇ ਰੱਖਿਆ ਹੈ। ਅਜਿਹੇ 'ਚ ਹਾਈਟੈੱਕ ਸੁਵਿਧਾਵਾਂ ਦੇ ਕੇ ਦੇਸ਼ ਦੇ 10 ਚੰਗੇ ਰੇਲਵੇ ਸਟੇਸ਼ਨਾਂ ਵਿਚ ਰੁਤਬਾ ਬਣਾਉਣ ਵਾਲੇ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਹੁਣ ਸਮਾਰਟ ਟਿਕਟ ਵਿੰਡੋ ਖੁੱਲ੍ਹ ਗਈ ਹੈ। ਅਜਿਹੇ 'ਚ ਆਨਲਾਈਨ ਟਿਕਟ ਮਸ਼ੀਨ ਨਾਲ ਟਿਕਟ ਘਰ ਦੇ ਬਾਹਰ ਲਾਈਨਾਂ ਘੱਟ ਹੋਣ ਲੱਗੀਆਂ ਹਨ। ਲੋਕ ਆਨਲਾਈਨ ਸਿਸਟਮ ਨਾਲ ਜੁੜ ਰਹੇ ਹਨ। ਅਜਿਹੇ 'ਚ ਰੇਲਵੇ ਸਟੇਸ਼ਨ 'ਤੇ ਹੋਰ ਵੀ ਜਿਥੇ ਮਸ਼ੀਨਾਂ ਲੱਗਣੀਆਂ ਹਨ, ਉਥੇ ਜਾਂਚ ਲਈ ਐਕਸਰੇ ਰੂਮ ਰੇਲਵੇ ਸਟੇਸ਼ਨ ਦੇ ਹਰ ਗੇਟ 'ਤੇ ਸਥਾਪਿਤ ਕੀਤਾ ਜਾਣਾ ਹੈ।

ਭਗਤਾਂਵਾਲਾ ਰੇਲਵੇ ਸਟੇਸ਼ਨ ਦਾ ਹੋਵੇਗਾ ਉਧਾਰ
ਅੰਮ੍ਰਿਤਸਰ ਤੇ ਮੁੰਬਈ 'ਚ ਰੇਲ ਲਾਈਨਾਂ ਵਿਛਾਉਣ ਲਈ ਪੰਜਾਬ ਅਤੇ ਕੇਂਦਰ ਸਰਕਾਰ 'ਚ ਵਾਇਆ ਪੱਟੀ ਹੋਏ ਸਮਝੌਤੇ ਤੋਂ ਬਾਅਦ ਹੁਣ ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਲੋਡ ਭਗਤਾਂਵਾਲਾ ਰੇਲਵੇ ਸਟੇਸ਼ਨ 'ਤੇ ਪਾਉਣ ਦੀ ਯੋਜਨਾ ਵੀ ਛੇਤੀ ਲਾਗੂ ਕੀਤੀ ਜਾਣੀ ਹੈ। ਇਥੇ ਮਾਲ ਗੱਡੀ ਦੇ ਠਹਿਰਾਅ ਦੇ ਨਾਲ-ਨਾਲ ਹੁਣ ਕੁਝ ਟਰੇਨਾਂ ਨੂੰ ਚਲਾਉਣ ਲਈ ਪ੍ਰਪੋਜ਼ਲ ਦਿੱਤਾ ਜਾ ਰਿਹਾ ਹੈ। ਰੇਲ ਸੂਤਰਾਂ ਦੀ ਮੰਨੀਏ ਤਾਂ ਉੱਤਰ ਪ੍ਰਦੇਸ਼ ਅਤੇ ਬਿਹਾਰ ਵੱਲ ਜਾਣ ਵਾਲੀਆਂ ਕੁਝ ਟਰੇਨਾਂ ਜਿਨ੍ਹਾਂ 'ਚ ਰਿਜ਼ਰਵੇਸ਼ਨ ਨਹੀਂ ਹੁੰਦੀ, ਨੂੰ ਭਗਤਾਂਵਾਲਾ ਰੇਲਵੇ ਸਟੇਸ਼ਨ ਤੋਂ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਲਈ ਰੇਲਵੇ ਸਟੇਸ਼ਨ ਨੂੰ ਸੰਵਾਰਿਆ ਜਾਣਾ ਹੈ। ਸਕਿਓਰਿਟੀ ਦੀ ਪਰਖ ਹੋਣੀ ਹੈ। ਸਭ ਤੋਂ ਵੱਡੀ ਗੱਲ ਹੈ ਕਿ ਭਗਤਾਂਵਾਲਾ ਰੇਲਵੇ ਸਟੇਸ਼ਨ ਨੂੰ ਸ਼ਹਿਰ ਨਾਲ ਜੋੜਨ ਵਾਲੇ ਰਸਤੇ ਦੇ ਖੱਡਿਆਂ ਦਾ ਭਰਨਾ ਹੋਵੇਗਾ।

ਰੇਲਵੇ ਸਟੇਸ਼ਨ 'ਤੇ ਲੱਗੇ ਲਾਲਾ ਜਗਤ ਨਾਰਾਇਣ ਜੀ ਦਾ ਬੁੱਤ : ਪ੍ਰਭਾਕਰ
ਆਲ ਇੰਡੀਆ ਨਸ਼ਾ ਵਿਰੋਧੀ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਧਰਮਪਾਲ ਪ੍ਰਭਾਕਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਸੁੰਦਰੀਕਰਨ 'ਤੇ ਚਿੱਠੀ ਲਿਖੀ ਹੈ ਤੇ ਉਮੰਗ ਕੀਤੀ ਹੈ ਕਿ ਇਸ ਰੇਲਵੇ ਸਟੇਸ਼ਨ 'ਤੇ ਲਾਲਾ ਜਗਤ ਨਾਰਾਇਣ ਜੀ ਦਾ ਬੁੱਤ ਲਾਉਣ ਦੀ ਮਨਜ਼ੂਰੀ ਦਿੱਤੀ ਜਾਵੇ, ਜਿਨ੍ਹਾਂ ਪੰਜਾਬ ਦੀ ਅਮਨ-ਸ਼ਾਂਤੀ ਲਈ ਆਪਣੀ ਕੁਰਬਾਨੀ ਦਿੱਤੀ ਸੀ।

2020 'ਚ ਦਿਸੇਗੀ ਸਟੇਸ਼ਨ ਦੀ ਨਵੀਂ ਲੁਕ
ਨਾਰਥ ਇੰਡੀਆ ਰੇਲਵੇ ਸੈਕਸ਼ਨ ਦੇ ਇੰਜੀਨੀਅਰ ਈਸ਼ ਦੇਵਗਨ ਨੇ ਕਿਹਾ ਕਿ ਕਰੀਬ 1 ਸਾਲ ਪਹਿਲਾਂ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਸੁੰਦਰੀਕਰਨ ਦੇ ਕੰਮ ਵਿਚ ਤੇਜ਼ੀ ਆਈ ਹੈ। ਦੇਸ਼ ਦੇ 10 ਰੇਲਵੇ ਸਟੇਸ਼ਨਾਂ ਦਾ ਸੁੰਦਰੀਕਰਨ ਹੋਣ ਵਾਲਿਆਂ 'ਚ ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਨਾਂ ਆਉਣ ਦੇ ਬਾਅਦ ਤੋਂ ਇਥੇ ਕੰਮ ਚੱਲ ਰਿਹਾ ਹੈ। ਦੇਸ਼ ਵਿਚ ਹੁਣ ਕੁਝ ਰੇਲਵੇ ਸਟੇਸ਼ਨ ਹਨ, ਜੋ ਪੂਰੀ ਤਰ੍ਹਾਂ ਏਅਰ ਕੰਡੀਸ਼ਨਡ ਸ਼੍ਰੇਣੀ ਵਿਚ ਆਉਂਦੇ ਹਨ। ਅੰਮ੍ਰਿਤਸਰ ਰੇਲਵੇ ਸਟੇਸ਼ਨ ਉਸ ਸ਼੍ਰੇਣੀ 'ਚ ਟਾਪ-10 ਵਿਚ ਹੈ। 2020 ਵਿਚ ਰੇਲਵੇ ਸਟੇਸ਼ਨ ਦੀ ਨਵੀਂ ਲੁਕ ਦੁਨੀਆ ਦੇਖੇਗੀ। ਸਹੂਲਤਾਂ ਵਿਸ਼ਵ ਪੱਧਰ ਦੀਆਂ ਹੋਣਗੀਆਂ।

rajwinder kaur

This news is Content Editor rajwinder kaur