ਅੰਮ੍ਰਿਤਸਰ ਦੀ ਕੇਂਦਰੀ ਜੇਲ ਸੁਰੱਖਿਆ ਏਜੰਸੀਆਂ ਦੀ ਰਡਾਰ ''ਤੇ

09/29/2019 12:49:36 PM

ਅੰਮ੍ਰਿਤਸਰ (ਸੰਜੀਵ) : ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਵਲੋਂ ਪੰਜਾਬ ਨੂੰ ਦਹਿਲਾਉਣ ਲਈ ਤਿਆਰ ਕੀਤੇ ਗਏ ਮੈਡਿਊਲ 'ਚ ਗ੍ਰਿਫਤਾਰ ਕੀਤੇ ਗਏ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਚਾਰ ਅੱਤਵਾਦੀਆਂ ਤੋਂ ਪੁੱਛਗਿੱਛ ਦੇ ਬਾਅਦ ਜੇਲ 'ਚੋਂ ਰਿਮਾਂਡ 'ਤੇ ਲਿਆਂਦੇ ਗਏ ਅੱਤਵਾਦੀ ਮਾਨ ਸਿੰਘ ਦੀ ਜਾਂਚ 'ਚ ਅੰਮ੍ਰਿਤਸਰ ਦੀ ਕੇਂਦਰੀ ਜੇਲ ਨੂੰ ਪੂਰੀ ਤਰ੍ਹਾਂ ਨਾਲ ਸੁਰੱਖਿਆ ਏਜੰਸੀਆਂ ਦੇ ਰਾਡਾਰ 'ਤੇ ਲਿਆਂਦਾ ਗਿਆ ਹੈ। ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵਲੋਂ ਚਲਾਈ ਜਾ ਰਹੀ ਇਹ ਕਾਰਵਾਈ ਅੱਜ ਜੇਲ ਦੀਆਂ ਬੈਰਕਾਂ 'ਚ ਪਹੁੰਚ ਗਈ। ਐੱਸ. ਐੱਸ. ਓ. ਸੀ. ਜੇਲ ਦੀ ਇਕ ਵਿਸ਼ੇਸ਼ ਟੀਮ ਅੰਮ੍ਰਿਤਸਰ ਜੇਲ ਗਈ ਜਿੱਥੇ ਅੱਤਵਾਦੀ ਮਾਨ ਸਿੰਘ ਨਾਲ ਸੰਪਰਕ ਕੀਤਾ ਅਤੇ ਜੇਲ 'ਚ ਸੰਚਾਰ ਸਾਧਨਾਂ ਦੀ ਤਲਾਸ਼ ਕੀਤੀ। ਅੱਤਵਾਦੀ ਮਾਨ ਸਿੰਘ ਉਹ ਹੈ ਜਿਸ ਨੇ ਅੰਮ੍ਰਿਤਸਰ ਜੇਲ ਤੋਂ ਸਰਹੱਦ ਪਾਰ ਪਾਕਿਸਤਾਨ 'ਚ ਬੈਠੇ ਅੱਤਵਾਦੀ ਰਣਜੀਤ ਸਿੰਘ ਨੀਟਾ ਅਤੇ ਜਰਮਨ ਅੱਤਵਾਦੀ ਗੁਰਮੀਤ ਸਿੰਘ ਬੱਗਾ ਦੇ ਇਸ਼ਾਰਿਆਂ 'ਤੇ ਪੰਜਾਬ 'ਚ ਇਕ ਵੱਡੀ ਦਹਿਸ਼ਤਗਰਦੀ ਦੀ ਸਾਜ਼ਿਸ਼ ਤਿਆਰ ਕੀਤੀ ਸੀ, ਜਿਸ ਨੂੰ ਹਾਲ ਹੀ 'ਚ 23 ਸਤੰਬਰ ਨੂੰ ਐੱਸ. ਐੱਸ. ਓ. ਸੀ. ਵੱਲੋਂ ਬੇਨਕਾਬ ਕੀਤਾ ਗਿਆ ਸੀ। ਬੇਨਕਾਬ ਅੱਤਵਾਦੀ ਮਾਨ ਸਿੰਘ ਜੇਲ 'ਚ ਬੈਠ ਕੇ ਜਿੱਥੇ ਸਲਿੱਪਰ ਸੈਲਾਂ ਦੀ ਭਰਤੀ ਕਰ ਰਿਹਾ ਸੀ। ਉਥੇ ਉਹ ਪਾਕਿਸਤਾਨ ਤੋਂ ਡਰੋਨ ਦੇ ਰਸਤੇ ਭਾਰਤ 'ਚ ਭੇਜੇ ਗਏ ਹਥਿਆਰਾਂ ਦੀ ਵਰਤੋਂ ਲਈ ਵੀ ਇਕ ਬਲਿਊ ਪ੍ਰਿੰਟ ਵੀ ਬਣਾ ਰਿਹਾ ਸੀ। ਖੁਫੀਆ ਏਜੰਸੀ 10 ਦਿਨਾਂ ਦੇ ਰਿਮਾਂਡ 'ਤੇ ਲਏ ਗਏ ਅੱਤਵਾਦੀਆਂ ਤੋਂ ਪੂਰੀ ਤਰ੍ਹਾਂ ਪੁੱਛਗਿੱਛ ਕਰ ਰਹੀ ਹੈ ਅਤੇ ਮਾਨ ਸਿੰਘ ਦੇ ਜੇਲ 'ਚ ਬੈਠੇ ਹੋਰ ਸੰਪਰਕ ਸਾਧਨਾਂ ਤੱਕ ਪਹੁੰਚਣ ਦੀ ਵੀ ਤਿਆਰੀ 'ਚ ਹੈ। ਇਸ ਕੜੀ 'ਚ ਅੱਜ ਐੱਸ. ਐੱਸ. ਓ. ਸੀ. ਦੀ ਇਕ ਵਿਸ਼ੇਸ਼ ਟੀਮ ਅੰਮ੍ਰਿਤਸਰ ਜੇਲ 'ਚ ਪਹੁੰਚੀ ਅਤੇ ਤਲਾਸ਼ੀ ਤੋਂ ਇਲਾਵਾ ਜੇਲ 'ਚ ਬੰਦ ਕੁਝ ਹਵਾਲਾਤੀਆਂ ਤੋਂ ਪੁੱਛਗਿੱਛ ਵੀ ਕੀਤੀ। ਇਹ ਪੁੱਛਗਿੱਛ ਅਜੇ ਪੂਰੀ ਨਹੀਂ ਹੋਈ ਹੈ। ਸੂਤਰਾਂ ਅਨੁਸਾਰ ਖੁਫੀਆ ਵਿਭਾਗ ਫਿਰ ਤੋਂ ਜੇਲ ਜਾ ਕੇ ਕੁਝ ਹੋਰ ਲੋਕਾਂ ਤੋਂ ਪੁੱਛਗਿੱਛ ਕਰ ਸਕਦਾ ਹੈ।

ਇਹ ਹੈ ਮਾਮਲਾ
ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ 23 ਸਤੰਬਰ ਨੂੰ ਤਰਨਤਾਰਨ ਦੇ ਕਸਬੇ ਚੋਹਲਾ ਸਾਹਿਬ ਤੋਂ ਕੇ. ਜ਼ੈੱਡ. ਐੱਫ. ਦੇ 4 ਅੱਤਵਾਦੀਆਂ 'ਚ ਬਲਵੰਤ ਸਿੰਘ ਬਾਬਾ ਉਰਫ ਨਿਹੰਗ, ਅਕਾਸ਼ਦੀਪ ਸਿੰਘ ਉਰਫ ਅਕਾਸ਼ ਰੰਧਾਵਾ, ਹਰਭਜਨ ਸਿੰਘ ਅਤੇ ਬਲਬੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਦੇ ਕਬਜ਼ੇ 'ਚੋਂ 5 ਏ. ਕੇ. 47, ਚਾਰ 30 ਬੋਰ ਪਿਸਤੌਲ, 24 ਮੈਗਜ਼ੀਨਾਂ, 472 ਗੋਲੀ ਸਿੱਕਾ, 5 ਸੈਟੇਲਾਈਟ ਫੋਨ, 2 ਮੋਬਾਇਲ, 2 ਵਾਇਰਲੈੱਸ ਸੈੱਟ ਅਤੇ 8 ਲੱਖ ਰੁਪਏ ਦੀ ਨਕਲੀ ਭਾਰਤੀ ਕਰੰਸੀ ਬਰਾਮਦ ਕੀਤੀ ਗਈ ਹੈ। ਚਾਰੇ ਅੱਤਵਾਦੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਮਾਸਟਰ ਮਾਈਂਡ ਜੇਲ 'ਚ ਬੈਠੇ ਮਾਨ ਸਿੰਘ ਦਾ ਨਾਂ ਸਾਹਮਣੇ ਆਇਆ, ਜਿਸ ਨੇ ਪੰਜਾਬ 'ਚ ਇਕ ਵੱਡੀ ਸਾਜ਼ਿਸ਼ ਰਚੀ ਸੀ। ਪਾਕਿਸਤਾਨ 'ਚ ਬੈਠੇ ਅੱਤਵਾਦੀ ਰਣਜੀਤ ਸਿੰਘ ਨੀਟਾ ਅਤੇ ਜਰਮਨ ਬੈਠੇ ਗੁਰਮੀਤ ਸਿੰਘ ਬੱਗਾ ਦੇ ਇਸ਼ਾਰਿਆਂ 'ਤੇ ਕੰਮ ਕਰ ਰਿਹਾ ਸੀ। ਪੰਜ ਅੱਤਵਾਦੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਪਾਕਿਸਤਾਨ ਤੋਂ ਹਥਿਆਰਾਂ ਸਮੇਤ ਭੇਜੇ ਗਏ ਡਰੋਨ ਬਰਾਮਦ ਕੀਤੇ ਗਏ ਸਨ। ਇਸ ਕੜੀ 'ਚ ਐੱਸ. ਐੱਸ. ਓ. ਸੀ. ਨੇ ਜਲੰਧਰ ਤੋ ਮੈਡਿਊਲ ਨਾਲ ਜੁੜੇ 6ਵੇਂ ਅੱਤਵਾਦੀ ਗੁਰਦੇਵ ਸਿੰਘ ਨੂੰ 3 ਲੱਖ ਦੀ ਭਾਰਤੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਐੱਸ. ਐੱਸ. ਓ. ਸੀ. ਨੇ ਇਨ੍ਹਾਂ ਅੱਤਵਾਦੀਆਂ ਨਾਲ ਜੁੜੇ ਸ਼ੁਭਦੀਪ ਸਿੰਘ ਨੂੰ ਵੀ ਰਿਮਾਂਡ 'ਤੇ ਲਿਆ ਹੈ। ਹੁਣ ਜਿਥੇ ਜੇਲ ਨੂੰ ਖੰਗਾਲਿਆ ਜਾ ਰਿਹਾ ਹੈ, ਉਥੇ ਇਨ੍ਹਾਂ ਅੱਤਵਾਦੀਆ ਵੱਲੋਂ ਲੁਕਾਏ ਗਏ ਕੁਝ ਹੋਰ ਹਥਿਆਰਾਂ ਨੂੰ ਵੀ ਬਰਾਮਦ ਕਰਨ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ।

ਤਿੰਨ ਹੋਰ ਨਾਂ ਆਏ ਸਾਹਮਣੇ, ਜਲਦ ਹੋ ਸਕਦੇ ਹਨ ਗ੍ਰਿਫਤਾਰ
ਕੇਂਦਰੀ ਜੇਲ 'ਚੋਂ ਰਿਮਾਂਡ 'ਤੇ ਲਏ ਗਏ ਅੱਤਵਾਦੀ ਮਾਨ ਸਿੰਘ ਅਤੇ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਤੋਂ ਪ੍ਰੋਡਕਸ਼ਨ ਵਾਰੰਟ ਦੇ ਬਾਅਦ ਰਿਮਾਂਡ 'ਤੇ ਲਿਆਂਦੇ ਗਏ ਸ਼ੁਭਦੀਪ ਸਿੰਘ ਤੋਂ ਪੁੱਛਗਿੱਛ ਦੇ ਬਾਅਦ ਤਿੰਨ ਹੋਰ ਨਾਂ ਸਾਹਮਣੇ ਆਏ ਹਨ, ਜਿਨ੍ਹਾਂ ਦੀ ਜਲਦ ਗ੍ਰਿਫਤਾਰੀ ਹੋ ਸਕਦੀ ਹੈ।

Baljeet Kaur

This news is Content Editor Baljeet Kaur