ਬਾਰਡਰ ''ਤੇ ਲੀਜ਼ ਦੀ ਜ਼ਮੀਨ ਲੈ ਕੇ ਚੱਲ ਰਹੀ ਹੈਰੋਇਨ ਸਮੱਗਲਿੰਗ ਦੀ ਖੇਡ

01/15/2020 1:13:48 PM

ਅੰਮ੍ਰਿਤਸਰ (ਨੀਰਜ) : ਪੰਜਾਬ ਸਰਕਾਰ ਵੱਲੋਂ ਨਸ਼ੇ ਖਿਲਾਫ ਚਲਾਈ ਜਾ ਰਹੀ ਮੁਹਿੰਮ 'ਚ ਜਿਥੇ ਵੱਖ-ਵੱਖ ਸੁਰੱਖਿਆ ਏਜੰਸੀਆਂ ਵਲੋਂ ਅਜੇ ਤੱਕ ਅਣਗਿਣਤ ਹੈਰੋਇਨ ਸਮੱਗਲਰ ਸਲਾਖਾਂ ਪਿੱਛੇ ਭੇਜੇ ਜਾ ਚੁੱਕੇ ਹਨ, ਉਥੇ ਹੀ ਕੁਝ ਕਿਸਾਨ ਦੇ ਭੇਸ 'ਚ ਛੁਪੇ ਸਮੱਗਲਰ ਬਾਰਡਰ ਫੈਂਸਿੰਗ ਕੋਲ ਲੀਜ਼ 'ਤੇ ਖੇਤੀਬਾੜੀ ਦੀ ਜ਼ਮੀਨ ਲੈ ਕੇ ਹੈਰੋਇਨ ਸਮੱਗਲਿੰਗ ਦੀ ਖੇਡ ਖੇਡਦੇ ਨਜ਼ਰ ਆ ਰਹੇ ਹਨ। ਕਿਸਾਨ ਦੇ ਭੇਸ 'ਚ ਸਮੱਗਲਰਾਂ ਨੂੰ ਟ੍ਰੇਸ ਕਰ ਸਕਣਾ ਬੀ. ਐੱਸ. ਐੱਫ. ਸਮੇਤ ਹੋਰ ਸੁਰੱਖਿਆ ਏਜੰਸੀਆਂ ਲਈ ਵੀ ਇਕ ਚੁਣੌਤੀ ਬਣੀ ਹੋਈ ਹੈ। ਇਸ ਸਬੰਧੀ ਖੁਫੀਆ ਏਜੰਸੀਆਂ ਵਲੋਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਰਿਪੋਰਟ ਸੌਂਪੀ ਗਈ ਹੈ, ਜਿਸ ਤੋਂ ਬਾਅਦ ਪੁਲਸ ਨੇ ਵੀ ਸਰਹੱਦੀ ਇਲਾਕਿਆਂ 'ਚ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤੇ ਹਨ।

ਵਿਭਾਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹੈਰੋਇਨ ਸਮੱਗਲਰਾਂ ਨਾਲ ਗੰਢ-ਤੁੱਪ ਕਰਨ ਵਾਲੇ ਕਿਸਾਨ ਰੂਪੀ ਸਮੱਗਲਰ ਬਾਰਡਰ ਫੈਂਸਿੰਗ ਕੋਲ ਠੇਕੇ 'ਤੇ ਖੇਤੀਬਾੜੀ ਵਾਲੀ ਜ਼ਮੀਨ ਲੈਂਦੇ ਹਨ ਤੇ ਖੇਤੀਬਾੜੀ ਦੀ ਆੜ 'ਚ ਹੈਰੋਇਨ ਸਮੱਗਲਿੰਗ ਦਾ ਕੰਮ ਸ਼ੁਰੂ ਕਰ ਦਿੰਦੇ ਹਨ। ਸਾਲ 2018 ਦੌਰਾਨ ਹੀ ਬੀ. ਓ. ਪੀ. ਰੀਅਰ ਕੱਕੜ ਅਤੇ ਹੋਰ ਬੀ. ਓ. ਪੀ. 'ਚ ਇਕ ਖੁਫੀਆ ਏਜੰਸੀ ਵਲੋਂ ਕੁਝ ਕਿਸਾਨਾਂ ਨੂੰ ਨੋਟਿਸ ਭੇਜੇ ਜਾਣ ਤੋਂ ਬਾਅਦ ਕਿਸਾਨ ਫਰਾਰ ਹੋ ਚੁੱਕੇ ਹਨ ਅਤੇ ਪੇਸ਼ ਨਹੀਂ ਹੋ ਰਹੇ। ਇਹ ਉਹ ਕਿਸਾਨ ਹਨ, ਜਿਨ੍ਹਾਂ ਦੇ ਖੇਤਾਂ 'ਚ ਹੈਰੋਇਨ ਦੀ ਖੇਪ ਦੱਬੀ ਹੋਈ ਫੜੀ ਗਈ ਹੈ। ਅਜਿਹੇ ਮਾਮਲਿਆਂ 'ਚ ਪਤਾ ਲੱਗਾ ਹੈ ਕਿ ਜ਼ਮੀਨ ਦੇ ਮਾਲਕਾਂ ਨੇ ਆਪਣੀ ਜ਼ਮੀਨ ਠੇਕੇ 'ਤੇ ਦੇ ਦਿੱਤੀ ਹੁੰਦੀ ਹੈ। ਇਸ ਹਾਲਤ 'ਚ ਜੇਕਰ ਹੈਰੋਇਨ ਦੀ ਖੇਪ ਫੜੀ ਜਾਂਦੀ ਹੈ ਤਾਂ ਜ਼ਮੀਨ ਮਾਲਕ ਨਹੀਂ, ਸਗੋਂ ਜ਼ਮੀਨ 'ਤੇ ਖੇਤੀ ਕਰਨ ਵਾਲੇ ਠੇਕੇਦਾਰ ਕਿਸਾਨ ਨੂੰ ਸੁਰੱਖਿਆ ਏਜੰਸੀਆਂ ਵੱਲੋਂ ਜਾਂਚ ਵਿਚ ਸ਼ਾਮਿਲ ਹੋਣ ਲਈ ਬੁਲਾਇਆ ਜਾਂਦਾ ਹੈ। ਅਜੇ ਕੁਝ ਦਿਨ ਪਹਿਲਾਂ ਹੀ ਰੀਅਰ ਕੱਕੜ ਬੀ. ਓ. ਪੀ. ਵਿਚ 5 ਕਰੋੜ ਦੀ ਹੈਰੋਇਨ ਫੜੇ ਜਾਣ ਦੇ ਮਾਮਲੇ 'ਚ ਜਿਸ ਕਿਸਾਨ ਨੂੰ ਨੋਟਿਸ ਭੇਜਿਆ ਗਿਆ, ਉਹ ਵੀ ਅਜੇ ਤੱਕ ਪੇਸ਼ ਨਹੀਂ ਹੋਇਆ।

ਲੈਂਡਮਾਰਕਸ ਕੋਲ ਲੁਕਾਈ ਜਾਂਦੀ ਹੈ ਖੇਪ
ਬਾਰਡਰ ਫੈਂਸਿੰਗ ਦੇ ਆਲੇ-ਦੁਆਲੇ ਹੋਣ ਵਾਲੀ ਹੈਰੋਇਨ ਦੀ ਸਮੱਗਲਿੰਗ ਦੇ ਮਾਮਲੇ 'ਚ ਕਿਸਾਨ ਦੇ ਭੇਸ 'ਚ ਸਮੱਗਲਰ ਆਮ ਤੌਰ 'ਤੇ ਫੈਂਸਿੰਗ ਦੇ ਪਾਰ ਬਣੇ ਮਹੱਤਵਪੂਰਨ ਲੈਂਡਮਾਰਕਸ ਦੇ ਆਸ-ਪਾਸ ਹੈਰੋਇਨ ਦੀ ਖੇਪ ਨੂੰ ਲੁਕਾਉਂਦੇ ਹਨ। ਇਹ ਲੈਂਡਮਾਰਕਸ ਫੈਂਸਿੰਗ ਦੇ ਪਾਰ ਬਣੇ ਟਿਊਬਵੈੱਲ, ਟਰਾਂਸਫਾਰਮਰਸ, ਵਟ ਜਾਂ ਪਿੱਪਲ ਦੇ ਰੁੱਖ, ਸਰਕੰਡੇ ਆਦਿ ਹੁੰਦੇ ਹਨ, ਜਿਥੇ ਪਾਕਿਸਤਾਨੀ ਸਮੱਗਲਰ ਹਨੇਰੇ 'ਚ ਆ ਕੇ ਇਥੇ ਹੈਰੋਇਨ ਦੀ ਖੇਪ ਲੁਕਾ ਦਿੰਦੇ ਹਨ।

ਹੈਰੋਇਨ ਸਮੱਗਲਰਾਂ ਵੱਲੋਂ ਹੁਣ ਤੱਕ ਅਪਣਾਏ ਗਏ ਤਰੀਕੇ
-
ਟਰੈਕਟਰ ਦੇ ਪਾਰਟਸ 'ਚ ਹੈਰੋਇਨ ਲੁਕਾ ਕੇ ਲਿਆਉਣਾ।
- ਟਰੈਕਟਰ ਨਾਲ ਅਟੈਚ ਜ਼ਮੀਨ ਦੀ ਬੁਆਈ ਕਰਨ ਲਈ ਲੱਗੀ ਆਇਰਨ ਫੱਟੀ।
- ਬੈਲ ਗੱਡੀ ਦੇ ਟਾਇਰਾਂ 'ਚ ਹੈਰੋਇਨ ਦੀ ਖੇਪ ਲੁਕਾਉਣੀ।
- ਪਲਾਸਟਿਕ ਦੀਆਂ ਬੋਤਲਾਂ 'ਚ ਲੱਸੀ ਦੀ ਬਜਾਏ ਹੈਰੋਇਨ ਭਰ ਕੇ ਲਿਆਉਣੀ।
- ਕਾਲੇ ਰੰਗ ਦੀ ਟੇਪ 'ਚ ਖੇਪ ਪੈਕ ਕਰ ਕੇ ਨਾੜ ਸੜੇ ਖੇਤ 'ਚ ਸੁੱਟਣਾ।

ਸਮੱਗਲਰਾਂ ਲਈ ਵਰਦਾਨ ਸਾਬਿਤ ਹੋ ਰਿਹਾ ਵਟਸਐਪ
ਅੱਜ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਲਈ ਵਟਸਐਪ ਸਿਰਦਰਦ ਬਣ ਚੁੱਕਾ ਹੈ ਅਤੇ ਸਮੱਗਲਰਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਵਟਸਐਪ ਕਾਲ ਟ੍ਰੇਸ ਨਾ ਹੋਣ ਕਾਰਣ ਭਾਰਤੀ ਅਤੇ ਪਾਕਿਸਤਾਨੀ ਸਮੱਗਲਰ ਵਟਸਐਪ ਕਾਲ ਰਾਹੀਂ ਇਕ-ਦੂਜੇ ਨਾਲ ਸੰਪਰਕ ਸਾਧਦੇ ਹਨ। ਇਥੋਂ ਤੱਕ ਕਿ ਹੈਰੋਇਨ ਸੁੱਟੇ ਜਾਣ ਵਾਲੇ ਸਥਾਨ ਦੀ ਲੋਕੇਸ਼ਨ ਦੀ ਫੋਟੋ ਤੱਕ ਆਪਸ 'ਚ ਸ਼ੇਅਰ ਕਰਦੇ ਹਨ, ਜਿਸ ਨੂੰ ਟ੍ਰੇਸ ਕਰਨਾ ਸੁਰੱਖਿਆ ਏਜੰਸੀਆਂ ਲਈ ਆਸਾਨ ਕੰਮ ਨਹੀਂ ਹੈ। ਇਹੀ ਕਾਰਣ ਹੈ ਕਿ ਕੇਂਦਰ ਸਰਕਾਰ ਕੰਪਨੀ 'ਤੇ ਵਾਰ-ਵਾਰ ਦਬਾਅ ਪਾ ਰਹੀ ਹੈ ਕਿ ਉਹ ਵਟਸਐਪ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਅੰਦਰੂਨੀ ਜਾਣਕਾਰੀ ਸਰਕਾਰ ਨੂੰ ਦੇਵੇ ਪਰ ਕੰਪਨੀ ਨੂੰ ਇਹ ਮਨਜ਼ੂਰ ਨਹੀਂ ਹੈ।

ਪਾਕਿ ਰੇਂਜਰਸ ਸ਼ਰੇਆਮ ਕਰਦੇ ਹਨ ਸਮੱਗਲਰਾਂ ਦੀ ਮਦਦ
ਭਾਰਤ-ਪਾਕਿ ਰਿਸ਼ਤਿਆਂ ਦੀ ਗੱਲ ਕਰੀਏ ਤਾਂ ਇਹ ਸਾਬਿਤ ਹੋ ਚੁੱਕਾ ਹੈ ਕਿ ਪਾਕਿਸਤਾਨੀ ਖੁਫੀਆ ਏਜੰਸੀਆਂ ਭਾਰਤੀ ਨੌਜਵਾਨਾਂ ਨੂੰ ਨਸ਼ੇੜੀ ਬਣਾਉਣ ਅਤੇ ਭਾਰਤ 'ਚ ਆਰਥਿਕ ਅੱਤਵਾਦ ਲਿਆਉਣ ਲਈ ਹੈਰੋਇਨ ਦੀ ਖੇਪ, ਜਾਅਲੀ ਕਰੰਸੀ ਅਤੇ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਕਰ ਰਹੀਆਂ ਹਨ। ਇਸ ਦਾ ਸਬੂਤ ਪਾਕਿਸਤਾਨ ਨਾਲ ਲੱਗਦੇ ਪੰਜਾਬ ਬਾਰਡਰ 'ਤੇ ਵੀ ਸ਼ਰੇਆਮ ਦੇਖਣ ਨੂੰ ਮਿਲਦਾ ਹੈ। ਬੀ. ਐੱਸ. ਐੱਫ. ਵੱਲੋਂ ਪਾਕਿਸਤਾਨੀ ਸਮੱਗਲਰਾਂ 'ਤੇ ਫਾਇਰਿੰਗ ਵੀ ਕੀਤੀ ਜਾਂਦੀ ਹੈ ਪਰ ਫਾਇਰਿੰਗ ਦੀ ਅਵਾਜ਼ ਜੋ ਰਾਤ ਦੇ ਸੰਨਾਟੇ ਅਤੇ ਖੁੱਲ੍ਹੇ ਮੈਦਾਨ 'ਚ ਕਈ ਕਿਲੋਮੀਟਰ ਤੱਕ ਸੁਣਾਈ ਦਿੰਦੀ ਹੈ, ਪਾਕਿ ਰੇਂਜਰਸ ਨੂੰ ਸੁਣਾਈ ਨਹੀਂ ਦਿੰਦੀ ਹੈ। ਇਥੋਂ ਤੱਕ ਕਿ ਪਾਕਿਸਤਾਨੀ ਸਮੱਗਲਰਾਂ ਦੇ ਮਾਰੇ ਜਾਣ ਤੋਂ ਬਾਅਦ ਪਾਕਿ ਰੇਂਜਰਸ ਲਾਸ਼ਾਂ ਨੂੰ ਵੀ ਲੈਣ ਤੋਂ ਮਨ੍ਹਾ ਕਰ ਦਿੰਦੇ ਹਨ।

ਡੇਪੋ ਵਾਲੰਟੀਅਰ ਵੀ ਨਹੀਂ ਤੋੜ ਸਕੇ ਡਿਮਾਂਡ ਅਤੇ ਸਪਲਾਈ ਦੀ ਚੇਨ
ਜ਼ਿਲਾ ਅੰਮ੍ਰਿਤਸਰ ਦਿਹਾਤੀ ਵਿਸ਼ੇਸ਼ ਤੌਰ 'ਤੇ ਸਰਹੱਦੀ ਇਲਾਕਿਆਂ 'ਚ ਹੈਰੋਇਨ ਦੀ ਵਿਕਰੀ ਅਤੇ ਇਸ ਦੀ ਵਰਤੋਂ ਰੋਕਣ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਹਜ਼ਾਰਾਂ ਦੀ ਗਿਣਤੀ 'ਚ ਡੇਪੋ ਵਾਲੰਟੀਅਰਾਂ ਦੀ ਭਰਤੀ ਕੀਤੀ ਗਈ ਹੈ ਪਰ ਬੀ. ਐੱਸ. ਐੱਫ. ਅਤੇ ਹੋਰ ਸੁਰੱਖਿਆ ਏਜੰਸੀਆਂ ਦੇ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਹੈਰੋਇਨ ਦੀ ਆਮਦ ਘੱਟ ਹੋਣ ਦੀ ਬਜਾਏ ਵਧੀ ਹੈ। ਸਰਕਾਰ ਦੀ ਡੇਪੋ ਵਾਲੰਟੀਅਰਸ ਯੋਜਨਾ ਨਸ਼ੇ ਵਾਲੇ ਪਦਾਰਥਾਂ ਦੀ ਡਿਮਾਂਡ ਅਤੇ ਸਪਲਾਈ ਚੇਨ ਨੂੰ ਤੋੜਨ 'ਚ ਸਫਲ ਨਹੀਂ ਹੋ ਸਕੀ।

ਕਿੰਗਪਿਨ ਬਿੱਲਾ ਤੋਂ ਲੈ ਕੇ ਚੀਤਾ ਤੱਕ ਨੇ ਬਾਰਡਰ 'ਤੇ ਲਈ ਜ਼ਮੀਨ
ਹੈਰੋਇਨ ਸਮੱਗਲਿੰਗ ਦੇ ਮਾਮਲੇ 'ਚ ਚਾਹੇ ਪੰਜਾਬ ਦਾ ਸਭ ਤੋਂ ਵੱਡਾ ਕਿੰਗਪਿਨ ਬਲਵਿੰਦਰ ਸਿੰਘ ਉਰਫ ਬਿੱਲਾ ਹਵੇਲੀਆਂ ਸਰਪੰਚ ਹੋਵੇ ਜਾਂ ਆਈ. ਸੀ. ਪੀ. ਅਟਾਰੀ ਦੇ 532 ਕਿਲੋ ਹੈਰੋਇਨ ਮਾਮਲੇ 'ਚ ਮੋਸਟਵਾਂਟੇਡ ਰਣਜੀਤ ਸਿੰਘ ਉਰਫ ਚੀਤਾ ਜਾਂ ਫਿਰ ਅਟਾਰੀ ਬਾਰਡਰ ਦੇ ਮੋਦੇ ਪਿੰਡ ਦਾ ਡਿਸਮਿਸ ਪੁਲਸ ਸਬ-ਇੰਸਪੈਕਟਰ ਰਣਜੀਤ ਸਿੰਘ ਰਾਣਾ ਹੋਵੇ, ਸਾਰਿਆਂ ਨੇ ਬਾਰਡਰ ਕੋਲ ਜ਼ਮੀਨ ਖਰੀਦ ਰੱਖੀ ਹੈ ਤੇ ਖੇਤੀਬਾੜੀ ਦੀ ਆੜ 'ਚ ਸਮੱਗਲਿੰਗ ਕਰਦੇ ਰਹੇ ਹਨ।

Baljeet Kaur

This news is Content Editor Baljeet Kaur