ਭਾਈ ਲੌਂਗੋਵਾਲ ਨੇ ਅਮਰੀਕਾ ਅੰਦਰ ਸਿੱਖ ''ਤੇ ਹੋਏ ਹਮਲੇ ਦੀ ਸਖਤ ਸ਼ਬਦਾਂ ''ਚ ਕੀਤੀ ਨਿੰਦਾ

02/06/2020 6:00:45 PM

ਅੰਮ੍ਰਿਤਸਰ (ਦੀਪਕ) : ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੀ ਸੈਂਟਾ ਕਲਾਰਾ ਕਾਉਂਟੀ ਦੇ ਇਕ ਡਿਪਟੀ ਸ਼ੈਰਿਫ ਸੁਖਦੀਪ ਸਿੰਘ ਗਿੱਲ 'ਤੇ ਬੰਦੂਕਧਾਰੀਆਂ ਦੁਆਰਾ ਕੀਤੇ ਗਏ ਹਮਲੇ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਵਿਦੇਸ਼ਾਂ ਅੰਦਰ ਸਿੱਖਾਂ 'ਤੇ ਨਸਲੀ ਹਮਲੇ ਘੱਟਗਿਣਤੀਆਂ ਅੰਦਰ ਅਸੁਰੱਖਿਆ ਦੀ ਭਾਵਨਾ ਪੈਦਾ ਕਰ ਰਹੇ ਹਨ। ਤਾਜ਼ਾ ਘਟਨਾ 'ਚ ਪੁਲਸ ਅਧਿਕਾਰੀ 'ਤੇ ਹੋਇਆ ਹਮਲਾ ਹੋਰ ਵੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸਿੱਖ ਜਿਸ ਵੀ ਦੇਸ਼ 'ਚ ਵਸੇ ਹਨ ਉਥੇ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾਇਆ ਹੈ। ਸਿੱਖ ਸਭ ਦਾ ਸਤਿਕਾਰ ਕਰਦੇ ਹਨ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਹਮੇਸ਼ਾ ਹੀ ਤੱਤਪਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਕੁਝ ਸਿਰਫਿਰੇ ਕਿਸਮ ਦੇ ਲੋਕ ਸਿੱਖਾਂ 'ਤੇ ਅਹਿਜੇ ਨਸਲੀ ਹਮਲੇ ਕਰਦੇ ਹਨ। ਅਜਿਹੇ ਹਮਲੇ ਚਿੰਤਾਜਨਕ ਹਨ, ਜਿਸ ਪ੍ਰਤੀ ਸਬੰਧਤ ਦੇਸ਼ਾਂ ਦੀਆਂ ਸਰਕਾਰਾਂ ਨੂੰ ਯੋਗ ਕਾਰਵਾਈ ਕਰਨੀ ਚਾਹੀਦੀ ਹੈ। ਭਾਈ ਲੌਂਗੋਵਾਲ ਨੇ ਭਾਰਤ ਦੇ ਵਿਦੇਸ਼ ਮੰਤਰੀ ਨੂੰ ਵਿਦੇਸ਼ਾਂ ਵਿਚ ਹੋ ਰਹੇ ਨਸਲੀ ਹਮਲਿਆਂ ਪ੍ਰਤੀ ਸੁਚੇਤ ਹੋਣ ਲਈ ਕਹਿੰਦਿਆਂ ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਦੀ ਜਾਨ ਮਾਲ ਦੀ ਰਾਖੀ ਲਈ ਯੋਗ ਕਦਮ ਚੁੱਕਣ ਲਈ ਕਿਹਾ।

Baljeet Kaur

This news is Content Editor Baljeet Kaur