ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਿਆਂ ਵਿਰੁੱਧ ਹੋਵੇ ਸਖਤ ਕਾਰਵਾਈ : ਭਾਈ ਲੌਂਗੋਵਾਲ

09/11/2019 5:25:13 PM

ਅੰਮ੍ਰਿਤਸਰ (ਦੀਪਕ ਸ਼ਰਮਾ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਿੱਖ ਧਰਮ ਦੀਆਂ ਰਵਾਇਤਾਂ ਨੂੰ ਸੱਟ ਮਾਰਨ ਦੇ ਚਲਨ ਦਾ ਸਖਤ ਨੋਟਿਸ ਲਿਆ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਵੀਡੀਓ ਜਿਸ 'ਚ ਸਿੱਖ ਰਵਾਇਤਾਂ ਦੀ ਤੌਹੀਨ ਕੀਤੀ ਗਈ ਹੈ, ਇਸ ਸਬੰਧੀ ਭਾਈ ਲੌਂਗੋਵਾਲ ਨੇ ਸਰਕਾਰ ਪਾਸੋਂ ਸਖਤ ਕਾਰਵਾਈ ਮੰਗੀ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵਲੋਂ ਇਸ ਸਬੰਧੀ ਕਾਰਵਾਈ ਲਈ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਅਤੇ ਸਾਈਬਰ ਕਰਾਈਮ ਸੈੱਲ ਦੇ ਆਈ.ਜੀ. ਨੂੰ ਪੱਤਰ ਵੀ ਲਿਖਿਆ ਹੈ। ਦੱਸਣਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਫੈਲੀ ਵੀਡੀਓ ਅੰਦਰ ਗੁਰਦੁਆਰਾ ਸਾਹਿਬ ਜਿਹਾ ਮਾਹੌਲ ਸਿਰਜ ਕੇ ਸਿੱਖ ਪ੍ਰੰਪਰਾਵਾਂ ਤੇ ਮਰਯਾਦਾ ਨੂੰ ਚੁਣੌਤੀ ਦਿੱਤੀ ਗਈ ਹੈ। ਵੀਡੀਓ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਲੱਗੀ ਵੀ ਨਜ਼ਰ ਆਉਂਦੀ ਅਤੇ ਸਿੱਖ ਸ਼ਹੀਦਾਂ ਦੇ ਚਿੱਤਰ ਵੀ ਹਨ। ੴ ਅਤੇ ਖੰਡੇ ਵੀ ਨਜ਼ਰ ਆ ਰਹੇ ਹਨ। ਮੂਰਤੀਆਂ ਦੁਆਰਾ ਸਿੰਘ ਪ੍ਰੰਪਰਾਵਾਂ ਨੂੰ ਚੁਣੌਤੀ ਦਿੱਤੀ ਗਈ ਹੈ। ਇਸ ਵੀਡੀਓ ਅੰਦਰ ਰਾਗੀ ਸਿੰਘਾਂ ਦੇ ਕੀਰਤਨ ਕਰਨ ਵਾਂਗ ਨਕਲ ਵੀ ਕੀਤੀ ਗਈ ਹੈ।

ਭਾਈ ਲੌਂਗੋਵਾਲ ਨੇ ਕਿਹਾ ਕਿ ਇਹ ਸਿੱਖ ਕੌਮ ਨੂੰ ਚਿੜਾਉਣ ਦਾ ਕੋਝਾ ਯਤਨ ਹੈ, ਜਿਸ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਵੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਨਿੱਤ ਦਿਨ ਸਿੱਖ ਧਰਮ ਵਿਰੁੱਧ ਸੋਸ਼ਲ ਮੀਡੀਆ 'ਤੇ ਅਜਿਹੀਆਂ ਪੋਸਟਾਂ ਸਾਹਮਣੇ ਆ ਰਹੀਆਂ ਹਨ ਪਰ ਸਰਕਾਰ ਦੇ ਸਾਈਬਰ ਕਰਾਈਮ ਵਿਭਾਗ ਦੀ ਕਾਰਗੁਜ਼ਾਰੀ ਨਾ-ਮਾਤਰ ਹੈ। ਸ਼੍ਰੋਮਣੀ ਕਮੇਟੀ ਵਲੋਂ ਅਜਿਹੇ ਮਾਮਲਿਆਂ 'ਤੇ ਸਖਤੀ ਵਰਤਣ ਲਈ ਸਮੇਂ-ਸਮੇਂ ਸਾਈਬਰ ਕਰਾਈਮ ਵਿਭਾਗ ਨੂੰ ਲਿਖ ਚੁੱਕੀ ਹੈ, ਪਰੰਤੂ ਕੋਈ ਕਾਰਵਾਈ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਹਰ ਧਰਮ ਦਾ ਸਤਿਕਾਰ ਬਹਾਲ ਰੱਖਣ ਲਈ ਸਰਕਾਰਾਂ ਨੂੰ ਸ਼ਰਾਰਤੀ ਅਨਸਰਾਂ 'ਤੇ ਨਿਗਾ ਰੱਖਣੀ ਚਾਹੀਦੀ ਹੈ ਅਤੇ ਅਜਿਹੀ ਮਾਮਲਿਆਂ 'ਚ ਸਖਤ ਸਜ਼ਾਵਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ।

Baljeet Kaur

This news is Content Editor Baljeet Kaur