ਭਾਈ ਲੌਂਗੋਵਾਲ ਨੇ ਮੱਧ ਪ੍ਰਦੇਸ਼ ''ਚ ਸਿੱਖਾਂ ਨੂੰ ਜਬਰੀ ਉਜਾੜਨ ਦਾ ਲਿਆ ਸਖਤ ਨੋਟਿਸ

01/02/2020 9:39:16 AM

ਅੰਮ੍ਰਿਤਸਰ (ਦੀਪਕ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਮੱਧ ਪ੍ਰਦੇਸ਼ ਦੇ ਜ਼ਿਲਾ ਸ਼ਿਓਪੁਰ ਦੀ ਤਹਿਸੀਲ ਕਰਹਾਲ 'ਚ ਪੈਂਦੇ ਪਿੰਡਾਂ 'ਚੋਂ ਸਿੱਖਾਂ ਨੂੰ ਉਜਾੜਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਥਾਨਕ ਪ੍ਰਸ਼ਾਸਨ ਵੱਲੋਂ ਸਿੱਖਾਂ ਦੇ ਘਰ ਢਾਹੁਣ ਅਤੇ ਉਨ੍ਹਾਂ ਦੀ ਫਸਲ ਉਜਾੜ ਕੇ ਜ਼ਮੀਨਾਂ 'ਤੇ ਕਬਜ਼ਾ ਕਰਨ ਨੂੰ ਸਿੱਖਾਂ ਨੂੰ ਦਬਾਉਣ ਦੀ ਕੋਝੀ ਹਰਕਤ ਕਰਾਰ ਦਿੰਦਿਆਂ ਕਿਹਾ ਕਿ ਇਹ ਬੇਹੱਦ ਨਿੰਦਣਯੋਗ ਹੈ ਅਤੇ ਸ਼੍ਰੋਮਣੀ ਕਮੇਟੀ ਪੀੜਤ ਸਿੱਖ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਉਨ੍ਹਾਂ ਨਾਲ ਖੜ੍ਹੀ ਹੈ।

ਉਨ੍ਹਾਂ ਕਿਹਾ ਕਿ ਇਸ ਸਬੰਧੀ ਸ਼੍ਰੋਮਣੀ ਕਮੇਟੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੱਕ ਪਹੁੰਚ ਕਰੇਗੀ। ਭਾਈ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਮਾਮਲੇ ਦੀ ਮੁਕੰਮਲ ਜਾਣਕਾਰੀ ਲਈ ਜਾ ਰਹੀ ਹੈ ਤਾਂ ਜੋ ਪ੍ਰਭਾਵਿਤ ਸਿੱਖ ਪਰਿਵਾਰਾਂ ਦੀ ਮਦਦ ਕੀਤੀ ਜਾ ਸਕੇ। ਸ਼੍ਰੋਮਣੀ ਕਮੇਟੀ ਵੱਲੋਂ ਸਬ-ਕਮੇਟੀ ਗਠਿਤ ਕਰ ਦਿੱਤੀ ਗਈ ਹੈ, ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਇੰਦਰਮੋਹਨ ਸਿੰਘ ਲਖਮੀਰ ਵਾਲਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਮੀਤ ਸਕੱਤਰ ਤੇਜਿੰਦਰ ਸਿੰਘ ਪੱਡਾ ਸ਼ਾਮਿਲ ਹਨ। ਸ਼੍ਰੋਮਣੀ ਕਮੇਟੀ ਦਾ ਇਹ 3 ਮੈਂਬਰੀ ਵਫ਼ਦ ਜਲਦ ਹੀ ਮੱਧ ਪ੍ਰਦੇਸ਼ ਜਾਵੇਗਾ।

ਭਾਈ ਲੌਂਗੋਵਾਲ ਨੇ ਕਿਹਾ ਕਿ ਪਿਛਲੇ 30 ਸਾਲਾਂ ਤੋਂ ਮੱਧ ਪ੍ਰਦੇਸ਼ ਦੇ ਪਿੰਡਾਂ 'ਚ ਰਹਿ ਰਹੇ ਸਿੱਖਾਂ ਨੂੰ ਦਬਾਉਣ ਨਾਲ ਉਥੋਂ ਦੀ ਸਰਕਾਰ ਅਤੇ ਖ਼ਾਸ ਕਰ ਕੇ ਮੁੱਖ ਮੰਤਰੀ ਕਮਲ ਨਾਥ ਦਾ ਸਿੱਖ ਵਿਰੋਧੀ ਚਿਹਰਾ ਇਕ ਵਾਰ ਫਿਰ ਨੰਗਾ ਹੋਇਆ ਹੈ। ਇਸ ਤੋਂ ਪਹਿਲਾਂ 1984 ਦੇ ਸਿੱਖ ਕਤਲੇਆਮ ਸਮੇਂ ਵੀ ਕਮਲ ਨਾਥ ਨੇ ਹੈਵਾਨੀਅਤ ਦਾ ਨੰਗਾ ਨਾਚ ਕਰ ਕੇ ਮਨੁੱਖਤਾ ਵਿਰੋਧੀ ਹੋਣ ਦਾ ਪ੍ਰਮਾਣ ਦਿੱਤਾ ਸੀ। ਭਾਈ ਲੌਂਗੋਵਾਲ ਨੇ ਕਿਹਾ ਕਿ ਦੇਸ਼ ਦੇ ਕਿਸੇ ਵੀ ਸੂਬੇ 'ਚ ਵੱਸਦੇ ਘੱਟ ਗਿਣਤੀ ਸਿੱਖਾਂ ਦੀ ਹਿਫਾਜ਼ਤ ਕਰਨਾ ਭਾਰਤ ਸਰਕਾਰ ਦੇ ਨਾਲ-ਨਾਲ ਸਥਾਨਕ ਸੂਬਾ ਸਰਕਾਰਾਂ ਦੀ ਵੀ ਜ਼ਿੰਮੇਵਾਰੀ ਹੈ ਪਰ ਮੱਧ ਪ੍ਰਦੇਸ਼ ਦੀ ਮੌਜੂਦਾ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਤੋਂ ਪਾਸਾ ਵੱਟਿਆ ਹੈ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਮੱਧ ਪ੍ਰਦੇਸ਼ ਸਰਕਾਰ ਵੱਲੋਂ ਸਿੱਖਾਂ 'ਤੇ ਕੀਤੇ ਜਬਰ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਪੀੜਤ ਸਿੱਖਾਂ ਨੂੰ ਇਨਸਾਫ਼ ਦਿਵਾਇਆ ਜਾਵੇ।

Shyna

This news is Content Editor Shyna