ਰੱਬੜ ਦੀ ਸਟੈਂਪ ਬਣੇ ਜਥੇਦਾਰ ਅਤੇ ਬਾਦਲ ਪਰਿਵਾਰ ਆਪਣੀ ਜ਼ੈੱਡ ਸਕਿਓਰਿਟੀ ਛੱਡਣ : ਦਾਦੂਵਾਲ

06/07/2019 9:57:29 AM

ਅੰਮ੍ਰਿਤਸਰ (ਅਨਜਾਣ) : ਜੇਕਰ ਆਪਣੇ-ਆਪ ਨੂੰ ਪੰਥ ਦੇ ਕਹਾਉਂਦੇ ਹਨ ਤਾਂ ਰੱਬੜ ਦੀ ਸਟੈਂਪ ਬਣੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਆਪਣੀ ਜ਼ੈੱਡ ਸਕਿਓਰਿਟੀ ਛੱਡਣ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਘੱਲੂਘਾਰਾ ਦਿਵਸ 'ਤੇ ਨਤਮਸਤਕ ਹੋਣ ਆਏ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕੀਤਾ। 

ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਦਾਦੂਵਾਲ ਨੇ ਕਿਹਾ ਕਿ ਘੱਲੂਘਾਰਾ ਦਿਵਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ 'ਤੇ ਟਕਰਾ ਪੈਦਾ ਕਰਨ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ, ਬਾਦਲ ਪਰਿਵਾਰ ਅਤੇ ਗਿਆਨੀ ਹਰਪ੍ਰੀਤ ਸਿੰਘ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਤੇ ਫਿਰੋਜ਼ਪੁਰ ਦੀ ਸੀਟ ਬਾਦਲ ਪਰਿਵਾਰ ਵਲੋਂ ਜਿੱਤਣਾ ਅਕਾਲੀਆਂ ਤੇ ਕੈਪਟਨ ਸਰਕਾਰ ਵਲੋਂ ਖੇਡਿਆ ਇਕ ਮੈਚ ਹੈ, ਜਿਸ ਦੇ ਮੇਰੇ ਕੋਲ ਸਬੂਤ ਹਨ। ਉਹੋਕੁੰਵਰ ਵਿਜੇ ਪ੍ਰਤਾਪ ਸਿੰਘ ਜੋ ਕਦੇ ਪੰਜਾਬ ਦਾ ਆਈ.ਜੀ. ਸੀ, ਅੱਜ ਸਿੱਟ ਦੇ ਫੈਸਲੇ ਤੋਂ ਬਾਅਦ ਰਾਜਸੀ ਮੋਹਰਾ ਕਿਵੇਂ ਬਣ ਗਿਆ। ਜਦ ਸੱਚਾਈ ਸਾਹਮਣੇ ਆਉਣ 'ਤੇ ਬਾਦਲਾਂ ਦੇ ਕਲਾਵੇ ਨੂੰ ਹੱਥ ਪਿਆ ਤਾਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸੌਦਾ ਸਾਧ, ਸੁਮੇਧ ਸੈਣੀ ਤੇ ਅਕਾਲੀਆਂ ਨੇ ਰਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਹੈ। 

ਉਨ੍ਹਾਂ ਨੇ ਜਵਾਬ ਦਿੰਦਿਆਂ ਕਿਹਾ ਕਿ ਭਾਈ ਧਿਆਨ ਸਿੰਘ ਮੰਡ ਨਾਲ ਮੇਰੀ ਕੋਈ ਤਕਰਾਰ ਨਹੀਂ ਹੈ, ਜਿਸ ਦਿਨ ਉਹ ਬਰਗਾੜੀ ਮੋਰਚੇ ਬਾਰੇ ਮੇਰੇ ਵਲੋਂ ਕੀਤੇ ਗਏ ਸਵਾਲਾਂ ਦੇ ਜਵਾਬ ਦੇ ਦੇਣਗੇ, ਉਸ ਦਿਨ ਮੈਂ ਉਨ੍ਹਾਂ ਦੇ ਨਾਲ ਹਾਂ। ਦਿੱਲੀ ਗੁਰੁਦਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. 'ਤੇ ਦੋਸ਼ ਲਗਾਉਂਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਗੁਰੂ ਜੀ ਦੀ ਗੋਲਕ 'ਚੋਂ ਲੱਖਾਂ ਰੁਪਏ ਦਾ ਸ਼ਾਲ ਲੈ ਕੇ ਬੀਬਾ ਹਰਸਿਮਰਤ ਕੌਰ ਨੂੰ ਦਿੱਤਾ, ਜਿਹੜਾ ਉਨ੍ਹਾਂ ਗ੍ਰਹਿ ਮੰਤਰੀ ਨੂੰ ਭੇਟ ਕਰਨਾ ਸੀ।

Baljeet Kaur

This news is Content Editor Baljeet Kaur