ਅਜਨਾਲਾ ਪਰਿਵਾਰ ਨੇ ਔਖੇ ਵੇਲੇ ਪਾਰਟੀ ਦੀ ਪਿੱਠ ''ਚ ਛੁਰਾ ਮਾਰਿਆ : ਅਕਾਲੀ ਆਗੂ

11/15/2018 11:14:39 AM

ਅੰਮ੍ਰਿਤਸਰ (ਛੀਨਾ) : ਸਾਬਕਾ ਮੈਂਬਰ ਪਾਰਲੀਮੈਂਟ ਡਾ. ਰਤਨ ਸਿੰਘ ਅਜਨਾਲਾ ਤੇ ਉਨ੍ਹਾਂ ਦੇ  ਪੁੱਤਰ ਸਾਬਕਾ ਮੁੱਖ ਸੰਸਦੀ ਸਕੱਤਰ ਅਮਰਪਾਲ ਸਿੰਘ ਬੋਨੀ ਅਜਨਾਲਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਖਿਲਾਫ ਬਗਾਵਤ ਦਾ ਝੰਡਾ ਚੁੱਕਣ ਤੋਂ ਬਾਅਦ ਅੱਜ ਪਹਿਲੀ ਵਾਰ ਹਲਕਾ ਅਜਨਾਲਾ ਦੇ ਅਕਾਲੀ ਆਗੂਆਂ, ਵਰਕਰਾਂ ਤੇ ਅਹੁਦੇਦਾਰਾਂ ਨੇ ਪ੍ਰੈੱਸ ਕਾਨਫਰੰਸ ਕਰ ਕੇ ਐਲਾਨ ਕੀਤਾ ਕਿ ਉਹ ਕਿਸੇ ਵਿਸ਼ੇਸ਼ ਵਿਅਕਤੀ ਦੇ ਨਾਲ ਨਹੀਂ ਬਲਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਚੱਟਾਨ ਵਾਂਗ ਖੜ੍ਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਮੈਂਬਰ ਮਾ. ਅਮਰੀਕ ਸਿੰਘ ਵਿਛੋਆ ਤੇ ਦਿ ਕੋਆਪ੍ਰੇਟਿਵ ਬੈਂਕ ਦੇ ਉਪ ਚੇਅਰਮੈਨ ਸਵਿੰਦਰ ਸਿੰਘ ਸਹਿੰਸਰਾ ਨੇ ਕਿਹਾ ਕਿ ਡਾ. ਰਤਨ ਸਿੰਘ ਅਜਨਾਲਾ ਨੂੰ ਪਾਰਟੀ ਨੇ 4 ਵਾਰ ਵਿਧਾਇਕ, 2 ਵਾਰ ਮੰਤਰੀ, 2 ਵਾਰ ਮੈਂਬਰ ਪਾਰਲੀਮੈਂਟ ਤੇ ਲੰਬਾ ਸਮਾਂ ਜ਼ਿਲਾ ਪ੍ਰਧਾਨ ਅਤੇ ਕੋਰ ਕਮੇਟੀ ਦੇ ਮੈਂਬਰ ਸਮੇਤ ਵੱਖ-ਵੱਖ ਅਹਿਮ ਅਹੁਦਿਆਂ ਨਾਲ ਨਿਵਾਜਿਆ, ਜਿਸ ਤੋਂ ਇਲਾਵਾ ਉਨ੍ਹਾਂ ਦੇ ਪੁੱਤਰ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ 2 ਵਾਰ ਵਿਧਾਇਕ ਤੇ ਮੁੱਖ ਪਾਰਲੀਮਾਨੀ ਸਕੱਤਰ ਬਣਾਉਣ ਦੇ ਨਾਲ-ਨਾਲ ਅਜਨਾਲਾ ਪਰਿਵਾਰ ਦੇ ਹਰ  ਮੈਂਬਰ ਨੂੰ ਸਰਕਾਰ 'ਚ ਬਣਦਾ ਮਾਣ-ਸਨਮਾਨ ਵੀ ਦਿੱਤਾ ਪਰ ਇੰਨਾ ਕੁਝ ਕਰਨ ਦੇ ਬਾਵਜੂਦ ਅਜਨਾਲਾ ਪਰਿਵਾਰ ਨੇ ਪਾਰਟੀ ਪ੍ਰਤੀ ਵਫਾਦਾਰੀ ਨਹੀਂ ਦਿਖਾਈ, ਉਲਟਾ ਔਖੇ ਵੇਲੇ ਪਾਰਟੀ ਦੀ ਪਿੱਠ 'ਚ ਛੁਰਾ ਮਾਰਿਆ ਹੈ। ਉਕਤ ਆਗੂਆਂ ਨੇ ਅਜਨਾਲਾ ਪਿਉ-ਪੁੱਤ ਵੱਲੋਂ 3 ਸਾਲ ਬਾਅਦ  ਬੇਅਦਬੀਆਂ ਦਾ ਮਾਮਲਾ ਚੁੱਕਣ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ 2015 'ਚ ਵਾਪਰੀਆਂ  ਬੇਅਦਬੀ ਦੀਆਂ ਦੁਖਦਾਈ ਘਟਨਾਵਾਂ ਨਾਲ ਸਮੁੱਚੇ ਸਿੱਖ ਜਗਤ ਦੇ ਹਿਰਦੇ ਵਲੂੰਧਰੇ ਗਏ ਸਨ ਤੇ  ਉਸ ਵੇਲੇ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਇਸ ਦੀ ਨਿਰਪੱਖ ਜਾਂਚ ਵੀ ਕਰਵਾਈ ਗਈ ਸੀ।  ਇਨ੍ਹਾਂ ਮੰਦਭਾਗੀਆਂ ਘਟਨਾਵਾਂ ਸਮੇਂ ਇਹ ਲੋਕ ਰਾਜ ਭਾਗ ਦਾ ਆਨੰਦ ਮਾਣਦੇ ਰਹੇ ਤੇ ਹੁਣ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ 'ਤੇ ਰਾਜਨੀਤੀ ਕਰ ਰਹੇ ਹਨ। 

ਉਨ੍ਹਾਂ ਕਿਹਾ ਕਿ ਹਲਕੇ ਦੇ ਸਮੂਹ ਅਕਾਲੀ ਆਗੂਆਂ ਤੇ ਵਰਕਰਾਂ ਵਲੋਂ ਜਲਦ ਵੱਡੀਆਂ ਰੈਲੀਆਂ ਕਰ ਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਚੱਟਾਨ ਦੀ ਤਰ੍ਹਾਂ ਖੜ੍ਹੇ ਹੋਣ ਦਾ ਸਬੂਤ ਦਿੱਤਾ ਜਾਵੇਗਾ। ਉਨ੍ਹਾਂ ਅਖੀਰ 'ਚ ਜਥੇ. ਰਣਜੀਤ ਸਿੰਘ ਬ੍ਰਹਮਪੁਰਾ ਬਾਰੇ  ਕਿਹਾ ਕਿ ਬ੍ਰਹਮਪੁਰਾ ਵੱਲੋਂ ਆਪਣੇ ਕੱਟੜ ਸਮੱਰਥਕਾਂ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਅਹਿਮ ਅਹੁਦਿਆਂ 'ਤੇ ਬਿਰਾਜਮਾਨ ਕੀਤਾ ਗਿਆ ਹੈ ਜਿਨ੍ਹਾਂ ਨੂੰ ਜਲਦ ਬਦਲਣ ਲਈ ਵੀ ਹਾਈਕਮਾਨ ਨੂੰ ਅਪੀਲ ਕੀਤੀ ਜਾਵੇਗੀ।ਇਸ ਮੌਕੇ  ਸ਼੍ਰੋਮਣੀ ਕਮੇਟੀ ਮੈਂਬਰ ਕੁਲਦੀਪ ਸਿੰਘ ਤੇੜਾ, ਜਸਪਾਲ ਸਿੰਘ ਪਟਵਾਰੀ, ਦਵਿੰਦਰ ਸਿੰਘ  ਧੁੱਪਸੜੀ (ਦੋਵੇਂ ਸਾਬਕਾ ਮੈਂਬਰ ਬਲਾਕ ਸੰਮਤੀ), ਕੁਲਦੀਪ ਸਿੰਘ ਤੇੜਾ, ਦਿਲਬਾਗ ਸਿੰਘ  ਬਿੱਲਾ, ਸਰਪੰਚ ਬ੍ਰਹਮ ਸਿੰਘ ਝੰਡੇਰ, ਬਾਬਾ ਮੱਘਰ ਨਾਥ, ਸਰਪੰਚ ਮੱਖਣ ਸਿੰਘ ਸੰਤੂਨੰਗਲ,  ਧਨਬੀਰ ਸਿੰਘ ਖਤਰਾਏ ਕਲਾਂ, ਗੁਰਨਾਮ ਸਿੰਘ ਸੱਲੋਦੀਨ ਤੇ ਹੋਰ ਵੀ ਬਹੁਤ ਸਾਰੇ ਆਗੂ ਤੇ  ਵਰਕਰ ਹਾਜ਼ਰ ਸਨ।