ਪ੍ਰਸਾਸ਼ਨ ਦਾ ਦਾਅਵਾ : 24 ਘੰਟਿਆਂ ''ਚ ਮਿਲੇਗੀ ਕੋਵਿਡ-19 ਦੀ ਰਿਪੋਰਟ

06/26/2020 9:07:54 AM

ਅੰਮ੍ਰਿਤਸਰ (ਦਲਜੀਤ ਸ਼ਰਮਾ) : ਅੰਮ੍ਰਿਤਸਰ 'ਚ ਕੋਵਿਡ-19 ਦੀ ਮੌਜੂਦਾ ਸਥਿਤੀ ਅਤੇ ਇਸ ਦੀ ਰੋਕਥਾਮ ਲਈ ਵਿਉਂਤਬੰਦੀ ਕਰਨ ਵਾਸਤੇ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਸਿਹਤ ਵਿਭਾਗ ਦੇ ਸਲਾਹਕਾਰ ਡਾ. ਕੇ. ਕੇ. ਤਲਵਾੜ, ਸੈਕਟਰੀ ਸਿਹਤ ਡੀ. ਕੇ. ਤਿਵਾੜੀ ਅਤੇ ਜ਼ਿਲਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਫੈਸਲਾ ਲਿਆ ਗਿਆ ਕਿ ਗੁਰੂ ਨਾਨਕ ਮੈਡੀਕਲ ਕਾਲਜ ਅਤੇ ਹਸਪਤਾਲ ਅੰਮ੍ਰਿਤਸਰ ਹਰੇਕ ਵਿਅਕਤੀ ਦੀ ਕੋਵਿਡ ਰਿਪੋਰਟ 24 ਘੰਟਿਆਂ 'ਚ ਦੇਵੇ, ਜਿਸ ਨਾਲ ਸ਼ੱਕੀ ਵਿਅਕਤੀਆਂ ਨੂੰ ਮਾਨਸਿਕ ਤਣਾਅ ਤੋਂ ਮੁਕਤੀ ਮਿਲ ਸਕੇਗੀ ਅਤੇ ਪਾਜ਼ੇਟਿਵ ਆਏ ਮਰੀਜ਼ ਦਾ ਇਲਾਜ ਸ਼ੁਰੂ ਕਰਕੇ ਉਸਦੀ ਸੰਪਰਕ ਚੇਨ ਨੂੰ ਤੋੜਿਆ ਜਾ ਸਕੇਗਾ। ਸੋਨੀ ਨੇ ਕਿਹਾ ਕਿ ਅਸੀਂ ਕੋਵਿਡ-19 'ਤੇ ਜਿੱਤ ਪ੍ਰਾਪਤ ਕਰਨੀ ਹੈ ਅਤੇ ਇਸ ਲਈ ਅਸੀਂ ਕੋਰੋਨਾ ਨੂੰ ਫੈਲਣ ਤੋਂ ਰੋਕਣ ਦੇ ਨਾਲ-ਨਾਲ ਇਸ ਦੇ ਇਲਾਜ ਵੱਲ ਵੀ ਪੂਰਾ ਧਿਆਨ ਦੇ ਰਹੇ ਹਾਂ।

ਇਹ ਵੀ ਪੜ੍ਹੋਂ : 24 ਘੰਟਿਆਂ 'ਚ ਵੱਡੀਆਂ ਵਾਰਦਾਤਾਂ ਨਾਲ ਦਹਿਲਿਆ ਪੰਜਾਬ, ਹੋਏ 11 ਕਤਲ

ਕੈਬਨਿਟ ਮੰਤਰੀ ਸੋਨੀ ਨੇ ਗੱਲਬਾਤ ਕਰਦੇ ਦੱਸਿਆ ਕਿ ਪੰਜਾਬ ਵਿਚ ਕਰੀਬ 2.40 ਲੱਖ ਲੋਕਾਂ ਦੇ ਕੋਰੋਨਾ ਲਾਗ ਦੇ ਟੈਸਟ ਕੀਤੇ ਜਾ ਚੁੱਕੇ ਹਨ, ਜਿਸ 'ਚੋਂ 4 ਹਜ਼ਾਰ ਦੇ ਕਰੀਬ ਵਿਅਕਤੀ ਪਾਜ਼ੇਟਿਵ ਆਏ ਹਨ। ਉਨ੍ਹਾਂ ਕਿਹਾ ਕਿ ਸਾਡੇ ਕੋਲ ਪੀੜਤ ਮਰੀਜ਼ਾਂ ਦੇ ਇਲਾਜ ਲਈ ਹਰ ਤਰ੍ਹਾਂ ਦੇ ਪ੍ਰਬੰਧ ਮੌਜੂਦ ਹਨ ਅਤੇ ਸਰਕਾਰ ਮਹਿੰਗੇ ਤੋਂ ਮਹਿੰਗੇ ਇਲਾਜ ਪ੍ਰਣਾਲੀ ਦੀ ਵਿਵਸਥਾ ਵੀ ਸਰਕਾਰੀ ਹਸਪਤਾਲਾਂ 'ਚ ਕਰ ਚੁੱਕੀ ਹੈ। ਇਸ ਤੋਂ ਇਲਾਵਾ ਪਲਾਜ਼ਮਾ ਨਾਲ ਪੀੜਤਾਂ ਦਾ ਇਲਾਜ ਵੀ ਸ਼ੁਰੂ ਕੀਤਾ ਜਾ ਚੁੱਕਾ ਹੈ, ਜਿਸਦੇ ਚੰਗੇ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਇਸ ਵੇਲੇ ਸਾਰੇ ਹਸਪਤਾਲਾਂ 'ਚ ਇਲਾਜ ਦੀ ਕਮਾਂਡ ਸੀਨੀਅਰ ਡਾਕਟਰਾਂ ਦੇ ਹੱਥਾਂ 'ਚ ਹੈ ਅਤੇ ਉਹ ਸਟੇਟ ਪੱਧਰ 'ਤੇ ਬਣਾਏ ਗਏ ਗਰੁੱਪਾਂ 'ਚੋਂ ਵੀ ਲੋੜ ਵੇਲੇ ਸਲਾਹ-ਮਸ਼ਵਰਾ ਕਰਕੇ ਮਰੀਜ਼ਾਂ ਦੀ ਸਿਹਤ-ਸੰਭਾਲ ਵਿਚ ਲੱਗੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਤੋਂ ਬਚਾਅ ਲਈ ਸਿਹਤ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਉਤੇ ਅਮਲ ਕਰਨ।

ਇਹ ਵੀ ਪੜ੍ਹੋਂ : ਫੇਸਬੁੱਕ 'ਤੇ ਲਾਈਵ ਹੋ ਕੇ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ

Baljeet Kaur

This news is Content Editor Baljeet Kaur