ਦਾਈ ਦਾ ਸ਼ਰਮਨਾਕ ਕਾਰਾ, ਗੈਰ-ਕਾਨੂੰਨੀ ਗਰਭਪਾਤ ਬਦਲੇ ਮੰਗੇ 10 ਹਜ਼ਾਰ

10/20/2019 1:28:08 PM

ਅੰਮ੍ਰਿਤਸਰ (ਦਲਜੀਤ, ਅਗਨੀਹੋਤਰੀ) : ਸਿਹਤ ਵਿਭਾਗ ਵਲੋਂ ਛੇਹਰਟਾ ਅਧੀਨ ਆਉਂਦੇ ਖੇਤਰ ਨਾਰਾਇਣਗੜ੍ਹ ਚੌਕ ਨੇੜੇ ਅੱਜ ਇਕ ਘਰ 'ਚ ਗੈਰ-ਕਾਨੂੰਨੀ ਢੰਗ ਨਾਲ ਗਰਭਪਾਤ ਕਰ ਰਹੀ ਇਕ ਔਰਤ ਨੂੰ ਕਾਬੂ ਕੀਤਾ। ਵਿਭਾਗ ਨੇ ਘਰ 'ਚ ਗਰਭਪਾਤ ਕਰਨ ਦਾ ਸਾਮਾਨ ਜ਼ਬਤ ਕਰ ਲਿਆ ਹੈ ਤੇ ਮੌਕੇ 'ਤੇ ਗੈਰ-ਕਾਨੂੰਨੀ ਕੰਮ ਕਰਨ ਵਾਲੀ ਦਾਈ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਵਿਭਾਗ ਵਲੋਂ ਮੌਕੇ 'ਤੇ ਹੀ ਪੁਲਸ ਤੋਂ ਉਕਤ ਔਰਤ ਖਿਲਾਫ ਐੱਮ. ਟੀ. ਪੀ. ਅਤੇ ਡਰੱਗ ਐਂਡ ਕਾਸਮੈਟਿਕ ਐਕਟ ਤਹਿਤ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ। ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਨੇ ਦੱਸਿਆ ਕਿ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਉਕਤ ਔਰਤ ਪਿਛਲੇ ਕੁਝ ਸਮੇਂ ਤੋਂ ਗੈਰ-ਕਾਨੂੰਨੀ ਢੰਗ ਨਾਲ ਗਰਭਪਾਤ ਕਰ ਰਹੀ ਸੀ, ਜਿਸ ਦੇ ਬਦਲੇ ਉਹ ਲੋਕਾਂ ਤੋਂ ਮੋਟੀ ਰਾਸ਼ੀ ਲੈਂਦੀ ਸੀ। ਅੱਜ ਜ਼ਿਲਾ ਪੱਧਰੀ ਚੰਡੀਗੜ੍ਹ ਤੋਂ ਆਈ ਸਪੈਸ਼ਲ ਟੀਮ ਨੇ ਛਾਪੇਮਾਰੀ ਕੀਤੀ।
PunjabKesari
ਡਾ. ਘਈ ਨੇ ਦੱਸਿਆ ਕਿ ਗਰਭਪਾਤ ਕਰਨ ਵਾਲੀ ਔਰਤ ਕੋਲ ਵਿਭਾਗ ਵਲੋਂ ਇਕ ਔਰਤ ਨੂੰ ਮਰੀਜ਼ ਬਣਾ ਕੇ ਭੇਜਿਆ ਗਿਆ ਸੀ। ਦਾਈ ਨੇ ਗਰਭਪਾਤ ਕਰਨ ਲਈ 10 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਪੈਸਿਆਂ ਦੀ ਗੱਲਬਾਤ ਹੋਣ ਤੋਂ ਬਾਅਦ ਦਾਈ ਨੇ ਗਰਭਪਾਤ ਦੀ ਪ੍ਰਕਿਰਿਆ ਨੂੰ ਆਰੰਭਿਆ। ਉਸੇ ਸਮੇਂ ਸਿਹਤ ਵਿਭਾਗ ਦੀ ਟੀਮ ਨੇ ਰੇਡ ਕਰ ਕੇ ਮੌਕੇ 'ਤੇ ਦਾਈ ਨੂੰ ਕਾਬੂ ਕਰ ਲਿਆ। ਜ਼ਿਲਾ ਪਰਿਵਾਰ ਭਲਾਈ ਡਾ. ਆਰ. ਐੱਸ. ਸੇਠੀ ਨੇ ਦੱਸਿਆ ਕਿ ਮੌਕੇ ਤੋਂ ਗਰਭਪਾਤ ਦੇ ਔਜ਼ਾਰ ਅਤੇ ਕਈ ਦਵਾਈਆਂ ਬਿਨਾਂ ਲਾਇਸੈਂਸ ਤੋਂ ਬਰਾਮਦ ਕੀਤੀਆਂ ਗਈਆਂ ਤੇ ਦਾਈ ਖਿਲਾਫ ਐੱਮ. ਟੀ. ਪੀ. ਅਤੇ ਡਰੱਗ ਐਂਡ ਕਾਸਮੈਟਿਕ ਐਕਟ ਤਹਿਤ ਪਰਚਾ ਦਰਜ ਕਰ ਦਿੱਤਾ ਗਿਆ ਹੈ। ਡਾ. ਸੇਠੀ ਨੇ ਦੱਸਿਆ ਕਿ ਗਰਭਪਾਤ ਕਰਨਾ ਤੇ ਕਰਵਾਉਣਾ ਗੈਰ-ਕਾਨੂੰਨੀ ਹੈ। ਐੱਮ. ਟੀ. ਪੀ. ਐਕਟ ਤਹਿਤ ਪਹਿਲਾਂ ਹੀ ਸਿਹਤ ਵਿਭਾਗ ਸਖਤੀ ਵਰਤ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਵੀ ਇਸ ਐਕਟ ਦੀ ਉਲੰਘਣਾ ਕਰੇਗਾ, ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।


Baljeet Kaur

Content Editor

Related News