ਅੰਮ੍ਰਿਤਪਾਲ ਦੇ ਸਮਰਥਕਾਂ ਨੇ ਗੁਰਦੁਆਰਾ ਸਾਹਿਬ ’ਚੋਂ ਕੁਰਸੀਆਂ ਤੇ ਸੋਫੇ ਕੱਢ ਲਾਈ ਅੱਗ, ਪੁਲਸ ਕੋਲ ਪੁੱਜਿਆ ਮਾਮਲਾ

12/13/2022 1:44:32 AM

ਜਲੰਧਰ (ਸੋਨੂੰ, ਮਹੇਸ਼)–ਮਾਡਲ ਟਾਊਨ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ’ਚ ਪਈਆਂ ਕੁਰਸੀਆਂ ਅਤੇ ਸੋਫਿਆਂ ਨੂੰ ਬਾਹਰ ਕੱਢ ਕੇ ‘ਵਾਰਿਸ ਪੰਜਾਬ ਸੰਗਠਨ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਸੜਕ ਵਿਚ ਰੱਖ ਕੇ ਅੱਗ ਲਾਏ ਜਾਣ ਦਾ ਮਾਮਲਾ ਤੂਲ ਫੜਦਾ ਦਿਖਾਈ ਦੇ ਰਿਹਾ ਹੈ। ਵਰਣਨਯੋਗ ਹੈ ਕਿ ਹਰ ਧਾਰਮਿਕ ਸਥਾਨ ’ਚ ਬਜ਼ੁਰਗਾਂ ਅਤੇ ਬੀਮਾਰ ਲੋਕਾਂ ਦੇ ਬੈਠਣ ਲਈ ਕੁਰਸੀਆਂ ਅਤੇ ਸੋਫੇ ਲੱਗੇ ਹੁੰਦੇ ਹਨ। ਉਕਤ ਸਬੰਧ ’ਚ ਥਾਣਾ ਨੰਬਰ 6 ਦੀ ਪੁਲਸ ਕੋਲ ਵੀ ਸ਼ਿਕਾਇਤ ਪਹੁੰਚੀ ਹੈ, ਜਿਸ ਨੂੰ ਲੈ ਕੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸ. ਐੱਚ. ਓ. ਸੁਖਦੇਵ ਸਿੰਘ ਨੇ ਕਿਹਾ ਕਿ ਪੁਲਸ ਗੁਰਦੁਆਰਾ ਸਾਹਿਬ ’ਚ ਕੁਰਸੀਆਂ ਅਤੇ ਸੋਫਿਆਂ ਨੂੰ ਲਾਈ ਗਈ ਅੱਗ ਨੂੰ ਲੈ ਕੇ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਉਸ ਤੋਂ ਬਾਅਦ ਹੀ ਇਸ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਬੋਲਣ ’ਤੇ ਪਾਬੰਦੀ ਲਾਉਣ ਵਾਲੀਆਂ ਸਿੱਖਿਆ ਸੰਸਥਾਵਾਂ ਦੀ ਹੁਣ ਖ਼ੈਰ ਨਹੀਂ, CM ਮਾਨ ਨੇ ਦਿੱਤੀ ਚੇਤਾਵਨੀ 

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਦੇ ਗੰਨਮੈਨ ਨੇ ਚਲਾਈ ਗੋਲ਼ੀ, ਮਾਮਲਾ ਦਰਜ (ਵੀਡੀਓ)

ਪਤਾ ਲੱਗਾ ਹੈ ਕਿ ਅਜੇ ਤੱਕ ਕਮੇਟੀ ਨੇ ਕਾਰਵਾਈ ਸਬੰਧੀ ਕੋਈ ਲਿਖਤੀ ਸ਼ਿਕਾਇਤ ਪੁਲਸ ਨੂੰ ਨਹੀਂ ਦਿੱਤੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਅੱਗ ਲਾਏ ਜਾਣ ਸਮੇਂ ਅੰਮ੍ਰਿਤਪਾਲ ਸਿੰਘ ਖੁਦ ਵੀ ਗੁਰਦੁਆਰਾ ਸਾਹਿਬ ’ਚ ਮੌਜੂਦ ਸਨ। ਉਨ੍ਹਾਂ ਗੁਰਦੁਆਰਾ ਸਾਹਿਬ ਦੇ ਹਾਲ ਵਿਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਉਹ ਕੁਰਸੀਆਂ ਅਤੇ ਸੋਫਿਆਂ ਨੂੰ ਅੱਗ ਨਹੀਂ ਲਾਉਣੀ ਚਾਹੁੰਦੇ ਸਨ ਪਰ ਅੱਗ ਲੱਗ ਗਈ ਹੈ।ਗੁਰਦੁਆਰਾ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਮੁੱਖ ਸੇਵਾਦਾਰ ਜਗਜੀਤ ਸਿੰਘ ਗਾਬਾ ਅਨੁਸਾਰ ਇਸ ਗੁਰਦੁਆਰਾ ਸਾਹਿਬ ਵਿਚ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਆਏ ਸਨ ਪਰ ਜਦੋਂ ਉਨ੍ਹਾਂ ਕੁਰਸੀਆਂ ਅਤੇ ਬੈਂਚ ਕਾਫ਼ੀ ਨੀਵੀਂ ਜਗ੍ਹਾ ਬਣਾ ਕੇ ਰੱਖੇ ਹੋਏ ਦੇਖੇ ਤਾਂ ਉਹ ਉਥੋਂ ਚਲੇ ਗਏ।

ਪਤਾ ਲੱਗਾ ਹੈ ਕਿ ‘ਵਾਰਿਸ ਪੰਜਾਬ ਸੰਗਠਨ’ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਬੈਂਚ ਅਤੇ ਕੁਰਸੀਆਂ ਗੁਰਦੁਆਰਿਆਂ ’ਚ ਨਹੀਂ ਰਹਿਣ ਦੇਣਗੇ। ਬਜ਼ੁਰਗਾਂ ਅਤੇ ਬੀਮਾਰ ਲੋਕਾਂ ਨੂੰ ਵੀ ਸੰਗਤ ਵਿਚਕਾਰ ਨੀਵੇਂ ਹੀ ਬੈਠਣਾ ਹੋਵੇਗਾ, ਨਹੀਂ ਤਾਂ ਉਹ ਗੁਰਦੁਆਰੇ ਦੇ ਬਾਹਰ ਬੈਠਣਗੇ। ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਸਿੰਘ ਅਤੇ ਸਮਰਥਕਾਂ ਨੇ ਅਜਿਹੀ ਕਾਰਵਾਈ ਪਹਿਲਾਂ ਕਪੂਰਥਲਾ ਦੇ ਪਿੰਡ ਬਿਹਾਰੀਪੁਰ ਦੇ ਗੁਰਦੁਆਰਾ ਸਾਹਿਬ ’ਚ ਕੀਤੀ ਸੀ ਅਤੇ ਉਨ੍ਹਾਂ ਵੱਲੋਂ ਇਸ ਸਬੰਧ ਵਿਚ 2013 ਦੇ ਹੁਕਮਨਾਮੇ ਦਾ ਸਹਾਰਾ ਲਿਆ ਜਾ ਰਿਹਾ ਹੈ।

Manoj

This news is Content Editor Manoj