'ਕਾਲਾ ਚਸ਼ਮਾ' ਫੇਮ ਗੀਤਕਾਰ ਅਮਰੀਕ ਸ਼ੇਰਾ ਨਾਲ ਫਿਰ ਧੋਖਾ, ਚੋਰੀ ਹੋਇਆ ਗਾਣਾ

10/26/2018 11:15:38 AM

ਕਪੂਰਥਲਾ :ਬਾਲੀਵੁੱਡ ਦੇ ਮਸ਼ਹੂਰ ਗਾਣੇ 'ਤੈਨੂੰ ਕਾਲਾ ਚਸ਼ਮਾ ਜਚਦਾ ਏ' ਫੇਮ ਗੀਤਕਾਰ ਅਤੇ ਪੰਜਾਬ ਪੁਲਸ ਕਪੂਰਥਲਾ 'ਚ ਬਤੌਰ ਹੈੱਡ ਕਾਂਸਟੇਬਲ ਤਾਇਨਾਤ ਅਮਰੀਕ ਸਿੰਘ ਸ਼ੇਰਾ ਨਾਲ ਫਿਰ ਧੋਖਾ ਹੋ ਗਿਆ ਹੈ। ਇਸ ਵਾਰ ਉਨ੍ਹਾਂ ਦਾ ਚਰਚਿਤ ਗੀਤ 'ਗੁਆਂਢੀਆਂ ਦੇ ਢੋਲ ਵੱਜਦਾ' ਚੋਰੀ ਹੋਇਆ ਹੈ। ਸ਼ੇਰਾ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਕਿਸੇ ਨੂੰ ਇਸ ਗੀਤ ਦੇ ਕਾਪੀਰਾਈਟ ਨਾ ਵੇਚੇ ਅਤੇ ਨਾ ਹੀ ਦਿੱਤੇ ਹਨ ਤਾਂ ਫਿਰ ਕਿਸ ਆਧਾਰ 'ਤੇ ਗਾਣਾ ਗਾਇਆ ਗਿਆ ਹੈ।  ਦੂਜੇ ਪਾਸੇ ਗਾਣਾ ਲਾਂਚ ਕਰਨ ਵਾਲੀ ਕੰਪਨੀ ਨੇ ਕਾਪੀਰਾਈਟ ਅਤੇ ਪੇਮੈਂਟ ਕਰਨ ਦੇ ਪੂਰੇ ਦਸਤਾਵੇਜ਼ ਹੋਣ ਦੀ ਗੱਲ ਕਹੀ ਹੈ। ਇਸ ਵਾਰ ਸ਼ੇਰਾ ਕਾਨੂੰਨੀ ਲੜਾਈ ਲੜਨ ਦੇ ਮੂਡ 'ਚ ਹਨ। ਇਸ ਬਾਰੇ ਐੱਸ. ਐੱਸ. ਪੀ. ਕਪੂਰਥਲਾ ਨੂੰ ਕੰਪਨੀ, ਮਿਊਜ਼ਿਕ ਕੰਪੋਜ਼ਰ ਅਤੇ ਸਿੰਗਰ ਦੇ ਖਿਲਾਫ ਸ਼ਿਕਾਇਤ ਦੇ ਦਿੱਤੀ ਗਈ ਹੈ, ਹਾਲਾਂਕਿ ਗੀਤਕਾਰ ਅਤੇ ਕੰਪਨੀ ਦੋਵੇਂ ਖੁਦ ਨੂੰ ਕਾਨੂੰਨੀ ਤੌਰ 'ਤੇ ਸਹੀ ਠਹਿਰਾ ਰਹੇ ਹਨ।

ਅਮਰੀਕ ਸਿੰਘ ਸ਼ੇਰਾ ਨੇ ਦੱਸਿਆ ਕਿ ਹਰ ਵਾਰ ਉਨ੍ਹਾਂ ਦੇ ਗਾਣੇ ਚੋਰੀ ਕਰਕੇ ਉਨ੍ਹਾਂ ਨੂੰ ਠਗਿਆ ਜਾ ਰਿਹਾ ਹੈ। ਅਮਰੀਕ ਸ਼ੇਰਾ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਕਾਪੀਰਾਈਟ ਦਿੱਤੇ ਹੀ ਨਹੀਂ ਤਾਂ ਉਨ੍ਹਾਂ ਦੀ ਥਾਂ ਕਿਸ ਨੇ ਪੇਮੈਂਟ ਲੈ ਕੇ ਕਾਪੀਰਾਈਟ ਦਿੱਤੇ, ਉਸ ਦਾ ਪਤਾ ਲੱਗਣਾ ਚਾਹੀਦਾ ਹੈ। ਇਸ ਬਾਰੇ ਕੰਪਨੀ ਦਾ ਕਹਿਣਾ ਹੈ ਕਿ ਕਾਪੀਰਾਈਟ ਦੀ ਪੇਮੇਂਟ ਕਿਵੇਂ ਹੋਈ ਹੈ, ਉਨ੍ਹਾਂ ਨੂੰ ਨਹੀਂ ਪਤਾ। ਕੰਪਨੀ ਦਾ ਕਹਿਣਾ ਹੈ ਕਿ ਜੇਕਰ ਅਮਰੀਕ ਸ਼ੇਰਾ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਗਾਣਾ ਚੋਰੀ ਹੋਇਆ ਹੈ ਤਾਂ ਉਹ ਕਾਨੂੰਨ ਦਾ ਸਹਾਰਾ ਲੈ ਸਕਦੇ ਹਨ।
ਪਹਿਲਾਂ ਵੀ ਸ਼ਿਕਾਰ ਹੋ ਚੁੱਕੇ ਨੇ ਅਮਰੀਕ ਸ਼ੇਰਾ
ਸਾਲ 2016 'ਚ ਅਮਰੀਕ ਸ਼ੇਰਾ ਤੋਂ 'ਕਾਲਾ ਚਸ਼ਮਾ' ਗੀਤ ਸਿਰਫ 11 ਹਜ਼ਾਰ ਰੁਪਏ 'ਚ ਖਰੀਦ ਲਿਆ ਗਿਆ ਸੀ। ਮੁੰਬਈ ਤੋਂ ਆਈ ਟੀਮ ਇਹ ਕਹਿ ਕੇ ਕਾਪੀਰਾਈਟ ਲੈ ਗਈ ਸੀ ਕਿ ਇਹ ਗੀਤ ਉਨ੍ਹਾਂ ਨੂੰ ਮੁੰਬਈ 'ਚ ਇਕ ਸੀਮੈਂਟ ਕੰਪਨੀ ਦੇ ਓਪਨਿੰਗ ਸਮਾਰੋਹ 'ਚ ਗਾਉਣਾ ਹੈ ਪਰ ਬਾਅਦ 'ਚ ਉਨ੍ਹਾਂ ਨੇ ਦੇਖਿਆ ਕਿ ਗਾਣਾ ਫਿਲਮ 'ਵਾਰ-ਵਾਰ ਦੇਖੋ' 'ਚ ਸ਼ਾਮਲ ਕਰ ਦਿੱਤਾ ਗਿਆ ਹੈ।