ਅਮਰੀਕਨ JH ਯੂਨੀਵਰਸਿਟੀ ਤੇ PGI ਦੇ ਮਾਹਿਰ ਤਿਆਰ ਕਰਨਗੇ ਨਵੀਂ ਟੈਸਟਿੰਗ ਨੀਤੀ

04/25/2020 12:45:59 AM

ਚੰਡੀਗੜ੍ਹ,(ਸ਼ਰਮਾ)-ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਅਤੇ ਇਸ ਦੇ ਲੱਛਣਾਂ ਦਾ ਜਲਦ ਤੋਂ ਜਲਦ ਪਤਾ ਲਗਾਉਣ ਵਾਸਤੇ ਕੋਵਿਡ-19 ਦੀ ਜਾਂਚ ਲਈ ਢੁੱਕਵੀਂ ਰਣਨੀਤੀ ਘੜਨ ਸਬੰਧੀ ਮੁੱਖ ਮੰਤਰੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੈਲਥ ਸੈਕਟਰ ਰਿਸਪਾਂਸ ਅਤੇ ਪ੍ਰਕਿਉਰਮੈਂਟ ਕਮੇਟੀ, ਪੰਜਾਬ (ਐਚ. ਐਸ. ਆਰ. ਪੀ. ਸੀ.) ਵਲੋਂ ਅੱਜ ਪੰਜਾਬ ਦੀ ਟੈਸਟਿਗ ਰਣਨੀਤੀ ਨੂੰ ਮਜ਼ਬੂਤ ਕਰਨ ਸਬੰਧੀ ਵੱਖ-ਵੱਖ ਢੰਗ-ਤਰੀਕਿਆਂ ਬਾਰੇ ਵਿਚਾਰ ਚਰਚਾ ਕਰਨ ਲਈ ਜੋਨਸ ਹੌਪਕਿਨਜ਼ ਯੂਨੀਵਰਸਿਟੀ, ਅਮਰੀਕਾ, ਸੈਂਟਰ ਫਾਰ ਪਾਲਿਸੀ ਰਿਸਰਚ, ਨਵੀਂ ਦਿੱਲੀ ਅਤੇ ਪੀ.ਜੀ.ਆਈ. ਚੰਡੀਗੜ੍ਹ ਦੇ ਮਾਹਰਾਂ ਨਾਲ ਮੀਟਿੰਗ ਕੀਤੀ ਗਈ। ਐਚ. ਐਸ. ਆਰ. ਪੀ. ਸੀ ਦੇ ਚੇਅਰਪਰਸਨ ਵਿਨੀ ਮਹਾਜਨ ਨੇ ਦੱਸਿਆ ਕਿ ਇਨ੍ਹਾਂ ਮਾਹਰਾਂ ਕੋਲ ਬਿਹਤਰੀਨ ਤਜ਼ਰਬਾ ਅਤੇ ਗਿਆਨ ਹੈ। ਸੂਬਾ ਸਰਕਾਰ ਆਪਣੀ ਟੈਸਟਿੰਗ ਸਮਰੱਥਾ ਵਧਾਉਣ 'ਤੇ ਕੇਂਦਰਤ ਹੈ, ਜਿਸ ਲਈ ਟੈਸਟਿੰਗ ਲਈ ਇਕ ਪਹੁੰਚ ਨੂੰ ਧਿਆਨ 'ਚ ਰੱਖ ਕੇ ਚੱਲਣਾ ਜ਼ਰੂਰੀ ਹੈ, ਜੋ ਕਿ ਲਾਗ ਦੇ ਫੈਲਾਅ ਨੂੰ ਰੋਕਣ 'ਚ ਵਧੇਰੇ ਪ੍ਰਭਾਵਸ਼ਾਲੀ ਹੋਵੇਗਾ। ਪੰਜਾਬ ਸਰਕਾਰ ਲਾਕਡਾਊਨ ਤੋਂ ਬਾਅਦ ਦੇ ਸਮੇਂ ਲਈ ਵੀ ਤਿਆਰੀ ਕਰ ਰਹੀ ਹੈ ਅਤੇ ਇਸ ਲਈ ਪਾਬੰਦੀਆਂ ਦੇ ਦੌਰਾਨ ਅਤੇ ਬਾਅਦ ਦੇ ਸਮੇਂ ਲਈ ਟੈਸਟਿੰਗ ਰਣਨੀਤੀਆਂ ਤਿਆਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਪ੍ਰੋਫੈਸਰ ਦਿਵੇਸ਼ ਕਪੂਰ, ਏਸ਼ੀਆ ਪ੍ਰੋਗਰਾਮਜ਼ ਡਾਇਰੈਕਟਰ, ਜੋਨਸ ਹੌਪਕਿਨਜ਼ ਯੂਨੀਵਰਸਿਟੀ ਡਾ. ਅਮਿਤਾ ਗੁਪਤਾ, ਡਿਪਟੀ ਡਾਇਰੈਕਟਰ, ਜੋਨਸ ਹੌਪਕਿਨਜ਼ ਯੂਨੀਵਰਸਿਟੀ ਸੈਂਟਰ ਫਾਰ ਕਲੀਨਿਕਲ ਗਲੋਬਲ ਹੈਲਥ ਐਜੂਕੇਸ਼ਨ ਅਤੇ ਯਾਮਿਨੀ ਅਈਅਰ, ਸੈਂਟਰ ਫਾਰ ਪਾਲਿਸੀ ਰਿਸਰਚ ਦੇ ਪ੍ਰਧਾਨ ਅਤੇ ਪੰਜਾਬ ਸਟੇਟ ਐਡਵਾਈਜ਼ਰੀ ਕਾਉਂਸਲ ਦੇ ਮੈਂਬਰ ਇਸ ਮੀਟਿੰਗ 'ਚ ਸ਼ਾਮਲ ਹੋਏ। ਮੀਟਿੰਗ 'ਚ ਹੋਰ ਜਨਤਕ ਸਿਹਤ ਮਾਹਰ, ਅਰਥ ਸ਼ਾਸਤਰੀ ਅਤੇ ਅੰਕੜਾ ਵਿਗਿਆਨੀ ਵੀ ਸ਼ਾਮਲ ਸਨ। ਪੰਜਾਬ ਸਰਕਾਰ ਦੀ ਤਰਫੋਂ ਇਸ ਮੀਟਿੰਗ 'ਚ ਐਚ.ਐਸ.ਆਰ.ਪੀ.ਸੀ. ਦੇ ਮੈਂਬਰ ਡਾ ਕੇ.ਕੇ ਤਲਵਾੜ, ਡਾ. ਰਾਜ ਬਹਾਦਰ ਅਤੇ ਹੋਰਨਾਂ ਦੇ ਨਾਲ-ਨਾਲ ਪੰਜਾਬ ਸਰਕਾਰ ਦੇ ਮੈਡੀਕਲ ਮਾਹਰ ਅਤੇ ਸਲਾਹਕਾਰ ਸ਼ਾਮਲ ਹੋਏ।

ਮਹਾਜਨ ਨੇ ਕਿਹਾ ਕਿ ਇਹ ਵਿਚਾਰ-ਵਟਾਂਦਰੇ ਬਹੁਤ ਹੀ ਲਾਭਕਾਰੀ ਅਤੇ ਉਪਯੋਗੀ ਸਨ ਅਤੇ ਯਾਮਿਨੀ ਅਈਅਰ ਦੀ ਅਗਵਾਈ ਵਾਲੀ ਟੀਮ ਆਉਣ ਵਾਲੇ ਹਫ਼ਤਿਆਂ ਦੌਰਾਨ ਪੰਜਾਬ ਲਈ ਇਕ ਟੈਸਟਿੰਗ ਰਣਨੀਤੀ ਤਿਆਰ ਕਰੇਗੀ। ਇਹ ਰਣਨੀਤੀ ਸੂਬੇ ਦੀਆਂ ਸਮਰੱਥਾਵਾਂ, ਤਾਕਤ, ਚੁਣੌਤੀਆਂ ਅਤੇ ਰੁਕਾਵਟਾਂ ਨੂੰ ਧਿਆਨ 'ਚ ਰੱਖਦਿਆਂ ਬਣਾਈ ਜਾ ਰਹੀ ਹੈ। ਜੋਨਸ ਹੌਪਕਿਨਜ਼ ਯੂਨੀਵਰਸਿਟੀ ਅਤੇ ਪੀ.ਜੀ.ਆਈ. ਦੇ ਮਾਹਰ ਇਸ ਰਣਨੀਤੀ ਨੂੰ ਅੰਤਮ ਰੂਪ ਦੇਣ ਲਈ ਮਾਰਗ- ਦਰਸ਼ਨ ਕਰਨਗੇ ਅਤੇ ਸਹਾਇਤਾ ਦੇਣਗੇ। ਸੂਬਾ ਸਰਕਾਰ ਇਨ੍ਹਾਂ ਸੰਸਥਾਵਾਂ ਅਤੇ ਮਾਹਰਾਂ ਵਲੋਂ ਦਿੱਤੇ ਜਾ ਰਹੇ ਸਮਰਥਨ ਲਈ ਸ਼ੁਕਰਗੁਜ਼ਾਰ ਹੈ ਅਤੇ ਉਮੀਦ ਹੈ ਕਿ ਇਹ ਰਣਨੀਤੀ ਮਹਾਂਮਾਰੀ ਦੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਅਤੇ ਟਾਕਰੇ ਲਈ ਸਰਕਾਰ ਨੂੰ ਸਹਾਇਤਾ ਦੇਵੇਗੀ।

Deepak Kumar

This news is Content Editor Deepak Kumar