ਲੁਧਿਆਣਾ : ਕਾਨਵੈਂਟ ਸਕੂਲ ਦਾ ਟੂਰ ਜਾਣਾ ਸੀ ਨਾਸਾ, 148 ਵਿਦਿਆਰਥੀਆਂ ਦਾ ਅਮਰੀਕੀ ਵੀਜ਼ਾ ਹੋਇਆ ਰਿਫਿਊਜ਼

07/16/2019 9:36:27 PM

ਲੁਧਿਆਣਾ, (ਵਿੱਕੀ)-ਸ਼ਹਿਰ ਦੇ ਨਾਮੀ ਸਕੂਲਾਂ ’ਚ ਸ਼ੁਮਾਰ ਸੈਕਰਡ ਹਾਰਟ ਕਾਨਵੈਂਟ ਸਕੂਲ ਸਰਾਭਾ ਨਗਰ ਦੇ ਵਿਦਿਆਰਥੀਆਂ ਦਾ ਨਾਸਾ ਐਜੂਕੇਸ਼ਨਲ ਟੂਰ ਲਈ ਅਮਰੀਕਾ ਵੀਜ਼ਾ ਰਿਫਿਊਜ਼ ਹੋਣਾ ਅੱਜ-ਕੱਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਕ ਹੀ ਸਕੂਲ ਦੇ ਇੰਨੇ ਵਿਦਿਆਰਥੀਆਂ ਦਾ ਵੀਜ਼ਾ ਅਮਰੀਕੀ ਅੰਬੈਸੀ ਵਲੋਂ ਰਿਫਿਊਜ਼ ਹੋਣ ਕਾਰਣ ਭਵਿੱਖ ਵਿਚ ਵੀ ਇਨ੍ਹਾਂ ਵਿਦਿਆਰਥੀਆਂ ਦੇ ਯੂ. ਐੱਸ. ਏ. ਜਾਣ ਦੇ ਸੁਪਨਿਆਂ ’ਚ ਅਡ਼ਚਣਾਂ ਪੈਦਾ ਕਰੇਗਾ।

ਦੱਸਿਆ ਜਾ ਰਿਹਾ ਹੈ ਕਿ 148 ਵਿਦਿਆਰਥੀਆਂ ਨੂੰ ਸਕੂਲ ਵਲੋਂ ਨਾਸਾ ਐਜੂਕੇਸ਼ਨਲ ਟੁੂਰ ’ਤੇ ਲਿਜਾਇਆ ਜਾਣਾ ਸੀ ਪਰ ਅੰਬੈਸੀ ਦੇ ਫੈਸਲੇ ਨੇ ਜਿੱਥੇ ਵਿਦਿਆਰਥੀਆਂ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ, ਉਥੇ ਵੀਜ਼ੇ ਰਿਫਿਊਜ਼ ਹੋਣ ਦੀ ਸੂਚਨਾ ਮਿਲਦੇ ਹੀ ਮਾਤਾ-ਪਿਤਾ ਨੇ ਵੀ ਸਕੂਲ ਵਿਚ ਨਾਸਾ ਟੂਰ ਲਈ ਜਮ੍ਹਾ ਕਰਵਾਏ 2.80 ਲੱਖ ਰੁਪਏ ਪ੍ਰਤੀ ਵਿਦਿਆਰਥੀ ਦੇ ਹਿਸਾਬ ਨਾਲ ਵਾਪਸ ਮੰਗਣੇ ਸ਼ੁਰੂ ਕਰ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਸਕੂਲ ਨੇ ਹਾਲ ਦੀ ਘਡ਼ੀ ਪ੍ਰਤੀ ਵਿਦਿਆਰਥੀ ਦੇ ਹਿਸਾਬ ਨਾਲ 80 ਹਜ਼ਾਰ ਰੁਪਏ ਮਾਪਿਅਾਂ ਨੂੰ ਵਾਪਸ ਕੀਤੇ ਹਨ, ਜਦੋਂਕਿ ਮਾਪੇ ਇਕ ਵਾਰ ਵਿਚ ਹੀ ਪੂਰੀ ਪੇਮੈਂਟ ਵਾਪਸ ਲੈਣ ਦੀ ਗੱਲ ’ਤੇ ਅਡ਼ੇ ਹਨ।

ਮਾਪਿਆਂ ਨੇ ਅਪ੍ਰੈਲ ’ਚ ਜਮ੍ਹਾ ਕਰਵਾਏ ਪ੍ਰਤੀ ਵਿਦਿਆਰਥੀ 2.80 ਲੱਖ

ਜਾਣਕਾਰੀ ਮੁਤਾਬਕ ਸਕੂਲ ਨੇ ਵਿਦਿਆਰਥੀਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਵਿਚ ਨਾਸਾ ਟੂਰ ’ਤੇ ਲਿਜਾਣ ਲਈ ਦਸੰਬਰ ਵਿਚ ਐਲਾਨ ਕੀਤਾ ਸੀ। ਕੁਝ ਮਾਤਾ-ਪਿਤਾ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਨਾਸਾ ਟੂਰ ਲਈ ਉਨ੍ਹਾਂ ਨੇ 2.80 ਲੱਖ ਰੁਪਏ ਦੀ ਰਾਸ਼ੀ ਸਕੂਲ ’ਚ ਡ੍ਰਾਫਟ ਰਾਹੀਂ ਅਪ੍ਰੈਲ ’ਚ ਜਮ੍ਹਾ ਕਰਵਾਈ ਸੀ। ਉਸ ਸਮੇਂ ਸਕੂਲ ਵਲੋਂ ਵਿਦਿਆਰਥੀਆਂ ਨੂੰ ਮਈ ਮਹੀਨੇ ਵਿਚ ਨਾਸਾ ਟੂਰ ’ਤੇ ਲਿਜਾਣ ਲਈ ਕਿਹਾ ਗਿਆ ਸੀ ਪਰ ਮਈ ਮਹੀਨਾ ਆਉਂਦੇ ਹੀ ਤਕਨੀਕੀ ਖਾਮੀਆਂ ਦਾ ਹਵਾਲਾ ਦਿੰਦੇ ਹੋਏ ਨਾਸਾ ਟੂਰ ਨੂੰ ਵਧਾ ਕੇ ਅਗਸਤ ਮਹੀਨੇ ਵਿਚ ਕਰ ਦਿੱਤਾ ਗਿਆ ਪਰ ਇਸ ਦੌਰਾਨ ਕਈ ਮਾਤਾ-ਪਿਤਾ ਨੇ ਸਤੰਬਰ ਵਿਚ ਪ੍ਰੀਖਿਆਵਾਂ ਦਾ ਹਵਾਲਾ ਦਿੰਦੇ ਹੋਏ ਨਾਸਾ ਟੂਰ ਨੂੰ ਅਗਸਤ ਤੋਂ ਪਹਿਲਾਂ ਪੂਰਾ ਕਰਵਾਉਣ ਦੀ ਗੱਲ ਸਕੂਲ ਅੱਗੇ ਰੱਖੀ, ਜਿਸ ਕਾਰਣ ਸਕੂਲ ਨੇ ਜੁਲਾਈ ਦੇ ਆਖਰੀ ਹਫਤੇ ਵਿਚ ਹੀ ਨਾਸਾ ਟੂਰ ’ਤੇ ਜਾਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ।

2 ਗਰੁੱਪਾਂ ਦੇ ਵੀਜ਼ਾ ਹੋਏ ਰਿਫਿਊਜ਼ ਤਾਂ ਤੀਜੇ ਨੂੰ ਨਹੀਂ ਭੇਜਿਆ ਅੰਬੈਸੀ

ਮਾਤਾ-ਪਿਤਾ ਨੇ ਦੱਸਿਆ ਕਿ ਜਦੋਂ 3 ਗਰੁੱਪਾਂ ’ਚ ਵੰਡੇ ਗਏ 148 ਵਿਦਿਆਰਥੀਆਂ ’ਚੋਂ 2 ਗਰੁੱਪਾਂ ਦੇ ਵੀਜ਼ਾ ਅਮਰੀਕੀ ਅੰਬੈਸੀ ਵਲੋਂ ਰਿਫਿਊਜ਼ ਕਰ ਦਿੱਤੇ ਗਏ ਤਾਂ ਤੀਜੇ ਗਰੁੱਪ ਨੂੰ ਸਕੂਲ ਵਲੋਂ ਅੰਬੈਸੀ ਲਿਜਾਇਆ ਹੀ ਨਹੀਂ ਗਿਆ। ਮਾਪਿਅਾਂ ਨੇ ਦੋਸ਼ ਲਾਇਆ ਕਿ ਸਕੂਲ ਵਲੋਂ ਇਹ ਵੀ ਨਹੀਂ ਦੱਸਿਆ ਜਾ ਰਿਹਾ ਕਿ ਬੱਚਿਆਂ ਦੇ ਵੀਜ਼ੇ ਰਿਫਿਊਜ਼ ਹੋਣ ਦਾ ਕਾਰਣ ਕੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਵੀਜ਼ਾ ਲਈ ਦਸਤਾਵੇਜ਼ੀ ਪ੍ਰਕਿਰਿਆ ਵੀ ਪੂਰੇ ਪਾਰਦਰਸ਼ੀ ਢੰਗ ਨਾਲ ਪੂਰੀ ਕੀਤੀ ਗਈ ਸੀ ਪਰ ਸਕੂਲ ਉਨ੍ਹਾਂ ਦੇ ਬੱਚਿਆਂ ਦੇ ਵੀਜ਼ਾ ਰਿਫਿਊਜ਼ ਹੋਣ ਦੀ ਘਟਨਾ ਨੂੰ ਸਧਾਰਨ ਤਰੀਕੇ ਨਾਲ ਲੈ ਰਿਹਾ ਹੈ।

ਵੀਜ਼ਾ ਸਬੰਧੀ ਫੈਸਲਾ ਲੈਣ ਦਾ ਹੱਕ ਅੰਬੈਸੀ ਦਾ : ਪ੍ਰਿੰਸੀਪਲ

ਨਾਲ ਹੀ ਸਕੂਲ ਪ੍ਰਿੰਸੀਪਲ ਸਿਸਟਰ ਰੇਸ਼ਿਮ ਨੇ ਇਸ ਪੂਰੇ ਕਾਂਡ ਸਬੰਧੀ ਕਿਹਾ ਕਿ ਉਕਤ ਕੇਸ ਵਿਚ ਕੁਝ ਮਾਪਿਅਾਂ ਵਲੋਂ ਸਕੂਲ ਅਤੇ ਵੈਂਡਰ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਉਚਿਤ ਨਹੀਂ ਹੈ ਕਿਉਂਕਿ ਵੀਜ਼ਾ ਸਬੰਧੀ ਕੋਈ ਫੈਸਲਾ ਲੈਣ ਦਾ ਹੱਕ ਸਬੰਧਤ ਦੇਸ਼ ਦੀ ਅੰਬੈਸੀ ਦਾ ਹੈ ਪਰ ਫਿਰ ਵੀ ਕੇਸ ਨੂੰ ਸਕੂਲ ਮੈਨੇਜਮੈਂਟ ਅਤੇ ਮਾਪਿਅਾਂ ਦੇ ਪ੍ਰਤੀਨਿਧੀਆਂ ਵਲੋਂ ਸੁਲਝਾਇਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਕੂਲ ਵਲੋਂ ਮਾਪਿਅਾਂ ਨੂੰ ਕੁਲ ਰਾਸ਼ੀ ’ਚੋਂ 80 ਹਜ਼ਾਰ ਰੁਪਏ ਪ੍ਰਤੀ ਵਿਦਿਆਰਥੀ ਦੇ ਹਿਸਾਬ ਨਾਲ ਪਹਿਲਾਂ ਵੀ ਵਾਪਸ ਕਰ ਦਿੱਤੇ ਗਏ ਹਨ। ਪੇਰੈਂਟਸ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹਨ ਕਿ ਐਗਰੀਮੈਂਟ ਮੁਤਾਬਕ ਪੇਮੈਂਟ ਰੀਫੰਡ 90 ਦਿਨਾਂ ’ਚ ਹੋਵੇਗੀ ਪਰ ਵੈਂਡਰ ਵਲੋਂ ਬੈਲੇਂਸ ਪੇਮੈਂਟ ਇਸ ਹਫਤੇ ਅਤੇ ਅਗਲੇ ਹਫਤੇ ਵਿਚ ਮਾਪਿਅਾਂ ਨੂੰ ਵਾਪਸ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਸਕੂਲ ਦਾ ਕੋਈ ਪ੍ਰੋਗਰਾਮ ਜਾਂ ਐਜੂਕੇਸ਼ਨਲ ਟੂਰ ਸਹੀ ਤਰ੍ਹਾਂ ਅਮਲ ’ਚ ਨਹੀਂ ਆ ਸਕਿਆ।

ਕੀ ਕਹਿੰਦੇ ਹਨ ਸਟੂਡੈਂਟ ਵੀਜ਼ਾ ਮਾਹਰ

ਇਸ ਸਬੰਧੀ ਗੱਲ ਕਰਨ ’ਤੇ ਇਕ ਹੋਰ ਵਿਦਿਆਰਥੀ ਵੀਜ਼ਾ ਐਕਸਪਰਟ ਨੀਤਿਨ ਚਾਵਲਾ ਨੇ ਕਿਹਾ ਕਿ ਜਿਸ ਵੀ ਵਿਦਿਆਰਥੀ ਦਾ ਇਕ ਵਾਰ ਅਮਰੀਕਾ ਵੀਜ਼ਾ ਰਿਫਿਊਜ਼ ਹੋ ਜਾਵੇ ਤਾਂ ਭਵਿੱਖ ਵਿਚ ਉਸ ਦਾ ਕਿਸੇ ਵੀ ਦੇਸ਼ ਲਈ ਵੀਜ਼ਾ ਲਾਉਣ ਲਈ ਪ੍ਰੋਫਾਈਲ ਕਮਜ਼ੋਰ ਹੋ ਜਾਂਦੀ ਹੈ। ਅਜਿਹੇ ਵਿਚ ਵਿਦਿਆਰਥੀਆਂ ਨੂੰ ਮੁਸ਼ਕਲ ਤਾਂ ਆਉਂਦੀ ਹੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਅੰਬੈਸੀ ਦੀ ਵੀਜ਼ਾ ਫੀਸ ਪ੍ਰਤੀ ਵਿਅਕਤੀ ਸਿਰਫ 160 ਡਾਲਰ ਹੈ, ਜੋ ਕਿ ਭਾਰਤੀ ਕਰੰਸੀ ਮੁਤਾਬਕ 11,200 ਰੁਪਏ ਬਣਦੀ ਹੈ। ਉਨ੍ਹਾਂ ਕਿਹਾ ਕਿ ਸਟੱਡੀ ਵੀਜ਼ਾ ਮਾਹਰ ਐਸੋਸੀਏਸ਼ਨ (ਸਾਕਾ) ਵਲੋਂ ਵੀ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਦਿੱਤਾ ਜਾਵੇਗਾ ਕਿ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿਚ ਐਜੂਕੇਸ਼ਨਲ ਟੂਰ ’ਤੇ ਭੇਜਣ ਵਾਲੇ ਸਕੂਲਾਂ ਲਈ ਵੀ ਨਿਯਮ ਤੈਅ ਕੀਤੇ ਜਾਣ।

Arun chopra

This news is Content Editor Arun chopra