ਅਮਰੀਕਾ ਦੇ ਸੁਫ਼ਨੇ ਵਿਖਾ ਚਾਰ ਕੁੜੀਆਂ ਨਾਲ ਕੀਤੇ ਵਿਆਹ, ਹੈਰਾਨ ਕਰਨ ਵਾਲੀ ਹੈ ਜਲੰਧਰ ਦੇ ਇਸ ਲਾੜੇ ਦੀ ਕਰਤੂਤ

09/12/2022 6:26:05 PM

ਚੰਡੀਗੜ੍ਹ (ਸੁਸ਼ੀਲ) : ਖੁਦ ਨੂੰ ਐੱਨ. ਆਰ. ਆਈ. ਦੱਸ ਕੇ ਪੰਜਾਬ ਦੀਆਂ ਕੁੜੀਆਂ ਨਾਲ ਵਿਆਹ ਕਰਵਾ ਕੇ ਅਮਰੀਕਾ ਲੈ ਕੇ ਜਾਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਗਿਰੋਹ ਦੇ ਮੁੱਖ ਮੁਲਜ਼ਮ ਸਮੇਤ ਚਾਰ ਮੈਂਬਰਾਂ ਨੂੰ ਸੈਕਟਰ-11 ਥਾਣਾ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਜਗਜੀਤ ਸਿੰਘ ਉਰਫ਼ ਸੋਨੂੰ ਵਾਸੀ ਅਰਬਨ ਸਟੇਟ ਜਲੰਧਰ (ਮੁੱਖ ਮੁਲਜ਼ਮ), ਮਨਜੀਤ ਸਿੰਘ ਵਾਸੀ ਅਮਰ ਬਾਗ ਪਟਿਆਲਾ, ਪਰਮਦੀਪ ਵਾਸੀ ਜਲੰਧਰ ਬੱਸ ਸਟੈਂਡ ਅਤੇ ਮੁਹੰਮਦ ਕੈਫ਼ ਵਾਸੀ ਦਿੱਲੀ ਵਜੋਂ ਹੋਈ ਹੈ। ਪੁਲਸ ਨੇ ਮੁਹੰਮਦ ਕੈਫ਼ ਦੇ ਇਸ਼ਾਰੇ ’ਤੇ ਦਿੱਲੀ ਤੋਂ 13 ਪਾਸਪੋਰਟ ਬਰਾਮਦ ਕੀਤੇ ਹਨ। ਅਦਾਲਤ ਨੇ ਉਕਤ ਮੁਲਜ਼ਮਾਂ ਨੂੰ ਇਕ ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਫਰਾਰ ਸਾਥੀਆਂ ਨੂੰ ਫੜ੍ਹਨ ਲਈ ਪੁਲਸ ਟੀਮ ਦਿੱਲੀ, ਪਟਿਆਲਾ, ਜਲੰਧਰ ਅਤੇ ਪੰਜਾਬ ਦੇ ਹੋਰ ਇਲਾਕਿਆਂ ਵਿਚ ਛਾਪੇਮਾਰੀ ਕਰ ਰਹੀ ਹੈ। ਮੁਲਜ਼ਮ ਜਗਜੀਤ ਸਿੰਘ ਨੇ ਠੱਗੀ ਮਾਰਨ ਲਈ 4 ਵਿਆਹ ਕਰਵਾਏ ਸਨ।

ਇਹ ਵੀ ਪੜ੍ਹੋ : NIA ਵਲੋਂ ਦੇਸ਼ ਭਰ ’ਚ ਗੈਂਗਸਟਰਾਂ ਦੇ ਘਰਾਂ ’ਤੇ ਰੇਡ, ਲਾਰੈਂਸ-ਭਗਵਾਨਪੁਰੀਆ-ਗੋਲਡੀ ਬਰਾੜ ਸਣੇ ਕਈ ਰਡਾਰ ’ਤੇ

ਐੱਸ. ਐੱਸ. ਪੀ. ਕੁਲਦੀਪ ਸਿੰਘ ਚਹਿਲ ਨੇ 7 ਸਤੰਬਰ ਨੂੰ ਸੈਕਟਰ-11 ਥਾਣੇ ਵਿਚ ਲੜਕੀ ਨੂੰ ਅਮਰੀਕਾ ਲੈ ਕੇ ਜਾਣ ਦੇ ਨਾਂ ’ਤੇ ਠੱਗੀ ਮਾਰਨ ਦੇ ਮਾਮਲੇ ਵਿਚ ਐੱਫ਼. ਆਈ. ਆਰ. ਦਰਜ ਕਰਨ ਉਪਰੰਤ ਡੀ. ਐੱਸ. ਪੀ. ਗੁਰਮੁੱਖ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਬਣਾਈ ਸੀ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਮੁਲਾਕਾਤ ਜਗਜੀਤ ਸਿੰਘ ਵਾਸੀ ਅਰਬਨ ਸਟੇਟ ਜਲੰਧਰ ਨਾਲ ਮੈਟਰੀਮੋਨੀਅਲ ਸਾਈਟ ਰਾਹੀਂ ਹੋਈ ਸੀ। ਉਹ ਖੁਦ ਨੂੰ ਅਮਰੀਕਾ ਦਾ ਨਾਗਰਿਕ ਦੱਸਦਾ ਹੈ। 3 ਜੂਨ ਨੂੰ ਮੁਲਜ਼ਮ ਜਗਜੀਤ ਸਿੰਘ ਨਾਲ ਖਰੜ ਵਿਚ ਵਿਆਹ ਹੋਇਆ ਸੀ। ਵਿਆਹ ਵਿਚ ਮਾਪਿਆਂ ਨੇ 20 ਲੱਖ ਰੁਪਏ ਖਰਚ ਕੀਤੇ। ਇਸ ਤੋਂ ਬਾਅਦ ਉਹ ਸੈਕਟਰ-24 ਸਥਿਤ ਆਪਣੇ ਪਤੀ ਦੇ ਜੱਦੀ ਘਰ ਵਿਚ ਰਹਿਣ ਲੱਗੀ। ਸ਼ਿਕਾਇਤਕਰਤਾ ਅਤੇ ਉਸਦੇ ਰਿਸ਼ਤੇਦਾਰਾਂ ਨੂੰ ਵੀਜ਼ਾ ਅਪਲਾਈ ਕਰਨ ਲਈ ਕਿਹਾ ਅਤੇ ਸਾਰਿਆਂ ਦੇ ਪਾਸਪੋਰਟ ਲੈ ਕੇ 75 ਲੱਖ ਦੀ ਮੰਗ ਕੀਤੀ। ਜਗਜੀਤ ਸਿੰਘ ਨੇ ਪੀੜਤਾ ਦੇ ਪਰਿਵਾਰਕ ਮੈਂਬਰਾਂ ’ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਕਿ ਜੇਕਰ ਉਨ੍ਹਾਂ ਨੇ ਉਸ ਨੂੰ ਪੈਸੇ ਨਾ ਦਿੱਤੇ ਤਾਂ ਉਹ ਉਸ ਨੂੰ ਛੱਡ ਦੇਵੇਗਾ।

ਇਹ ਵੀ ਪੜ੍ਹੋ : ਰੇਹੜੀ ਵਾਲੇ ਕੋਲ ਆਈ ਅਨਾਰਾਂ ਦੀ ਪੇਟੀ ਨੇ ਪਾਇਆ ਭੜਥੂ, ਜਦੋਂ ਖੋਲ੍ਹ ਕੇ ਦੇਖੀ ਤਾਂ ਉੱਡੇ ਹੋਸ਼

ਉਥੇ ਹੀ ਮਾਮਲੇ ਦੀ ਸ਼ਿਕਾਇਤ ਮਿਲਣ ’ਤੇ ਪੁਲਸ ਨੇ ਮੁਲਜ਼ਮ ਜਗਜੀਤ ਨੂੰ ਜਲੰਧਰ ਤੋਂ ਗ੍ਰਿਫਤਾਰ ਕਰ ਲਿਆ। ਪੁਲਸ ਨੇ ਜਗਜੀਤ ਸਿੰਘ ਨੂੰ ਅਗਲੇ ਦਿਨ ਅਦਾਲਤ ਵਿਚ ਪੇਸ਼ ਕਰ ਕੇ ਚਾਰ ਦਿਨਾਂ ਦਾ ਰਿਮਾਂਡ ਹਾਸਲ ਕੀਤਾ। ਪੁਲਸ ਨੇ 10 ਸਤੰਬਰ ਨੂੰ ਜਗਜੀਤ ਦੀ ਨਿਸ਼ਾਨਦੇਹੀ ’ਤੇ ਮੁਲਜ਼ਮ ਮਨਜੀਤ ਸਿੰਘ ਅਤੇ ਪਰਮਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ। 11 ਸਤੰਬਰ ਨੂੰ ਉਪਰੋਕਤ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਮੁਲਜ਼ਮ ਮੁਹੰਮਦ ਕੈਫ਼ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਜਗਜੀਤ ਸਿੰਘ ਨੇ ਠੱਗੀ ਮਾਰਨ ਲਈ 4 ਵਿਆਹ ਕਰਵਾਏ ਸਨ।

ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਆਸਟ੍ਰੇਲੀਆ ਭੇਜੀ ਪਤਨੀ ਨੇ ਵਿਖਾਏ ਅਸਲ ਰੰਗ, ਹੋਇਆ ਉਹ ਜੋ ਸੁਫ਼ਨੇ ’ਚ ਵੀ ਨਹੀਂ ਸੀ ਸੋਚਿਆ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News