ਭੀਮਾ ਕੋਰੇਗਾਂਵ ਹਿੰਸਾ ਦਾ ਵਿਰੋਧ ਅੰਬੇਡਕਰ ਸੈਨਾ ਨੇ ਕੀਤਾ ਰੋਸ ਮੁਜ਼ਾਹਰਾ

01/04/2018 6:10:45 AM

ਫਗਵਾੜਾ, (ਰੁਪਿੰਦਰ ਕੌਰ, ਜਲੋਟਾ, ਹਰਜੋਤ)- ਮਹਾਰਾਸ਼ਟਰ ਦੇ ਭੀਮਾ ਕੋਰੇਗਾਂਵ ਹਿੰਸਾ ਮਾਮਲੇ ਦੇ ਵਿਰੋਧ ਵਿਚ ਅੱਜ ਅੰਬੇਡਕਰ ਸੈਨਾ (ਮੂਲਨਿਵਾਸੀ) ਵੱਲੋਂ ਸੂਬਾ ਪ੍ਰਧਾਨ ਹਰਭਜਨ ਸੁਮਨ ਦੀ ਅਗਵਾਈ ਹੇਠ ਫਗਵਾੜਾ ਵਿਖੇ ਰੋਸ ਮੁਜ਼ਾਹਰਾ ਕੀਤਾ ਗਿਆ। 
ਅੰਬੇਡਕਰ ਸੈਨਾ ਦੇ ਸਮੂਹ ਵਰਕਰ ਅੰਬੇਡਕਰ ਪਾਰਕ ਹਰਿਗੋਬਿੰਦ ਨਗਰ ਵਿਖੇ ਇਕੱਠੇ ਹੋਏ, ਜਿਥੋਂ ਰੋਸ ਮੁਜ਼ਾਹਰਾ ਕਰਦੇ ਹੋਏ ਜੀ. ਟੀ. ਰੋਡ 'ਤੇ ਪੁੱਜੇ ਅਤੇ ਰੈਸਟ ਹਾਊਸ ਨੇੜੇ ਹਿਊਮਨ ਚੇਨ ਬਣਾ ਕੇ ਉਕਤ ਹਿੰਸਾ ਅਤੇ ਦਲਿਤਾਂ ਖਿਲਾਫ ਹੋਏ ਅੱਤਿਆਚਾਰ ਦਾ ਵਿਰੋਧ ਪ੍ਰਗਟਾਇਆ। ਇਸ ਤੋਂ ਬਾਅਦ ਮੁਜ਼ਾਹਰਾਕਾਰੀ ਐੱਸ. ਡੀ. ਐੱਮ. ਦਫਤਰ ਪੁੱਜੇ, ਜਿਥੇ ਪੁਤਲਾ ਫੂਕ ਕੇ ਰੋਸ ਪ੍ਰਗਟਾਇਆ ਗਿਆ । ਇਸ ਤੋਂ ਬਾਅਦ ਉਨ੍ਹਾਂ ਨੇ ਐੱਸ. ਡੀ. ਐੱਮ. ਸ਼੍ਰੀਮਤੀ ਜਯੋਤੀ ਬਾਲਾ ਮੱਟੂ ਨੂੰ ਮੰਗ-ਪੱਤਰ ਵੀ ਦਿੱਤਾ। 
ਹਰਭਜਨ ਸੁਮਨ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੂਲ ਨਿਵਾਸੀ ਸਮਾਜ ਦੀ ਪੇਸ਼ਵਾ ਖਿਲਾਫ ਜੰਗ ਵਿਚ ਜਿੱਤ ਦੀ 200ਵੀਂ ਵਰ੍ਹੇਗੰਢ ਸਬੰਧੀ ਮਨਾਏ ਜਾ ਰਹੇ ਸ਼ੌਰਿਆ ਦਿਵਸ ਨੂੰ ਜਾਣਬੁੱਝ ਕੇ ਲੜਾਈ ਦਾ ਅਖਾੜਾ ਬਣਾਇਆ ਗਿਆ, ਜਿਸ ਲਈ ਮਹਾਰਾਸ਼ਟਰ ਦੀ ਫੜਨਵੀਸ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਫਿਰਕੂ ਹਿੰਸਾ ਵਜੋਂ ਪ੍ਰਚਾਰਿਤ ਕਰਨ ਦੀ ਕੋਝੀ ਸਾਜ਼ਿਸ਼ ਰਚੀ ਜਾ ਰਹੀ ਹੈ, ਜਦਕਿ ਇਹ ਸਪੱਸ਼ਟ ਤੌਰ 'ਤੇ ਦਲਿਤਾਂ ਉੱਪਰ ਅੱਤਿਆਚਾਰ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।