ਤਾਲਾਬੰਦੀ ਦੌਰਾਨ ਕੀਤਾ ਕਮਾਲ, 18 ਏਕੜ ਪਹਾੜੀ ਕਿੱਕਰਾਂ ਵਾਲੀ ਬੰਜਰ ਜ਼ਮੀਨ ਨੂੰ ਬਣਾਇਆ ਵਾਹੀਯੋਗ

06/29/2020 7:10:02 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ ਪਵਨ ਤਨੇਜਾ) - ਇਸ ਖੇਤਰ ਦੇ ਪਿੰਡ ਅਕਾਲਗੜ੍ਹ ਦੀ ਪੰਚਾਇਤ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ਼ਲਾਘਾਯੋਗ ਉੱਦਮ ਕਰਦਿਆਂ ਪੰਚਾਇਤੀ ਬੰਜਰ ਜ਼ਮੀਨ ਨੂੰ ਸੰਵਾਰ ਕੇ ਵਾਹੀ ਯੋਗ ਬਣਾਇਆ ਗਿਆ। ਇਸ ਸਬੰਧੀ
ਜਾਣਕਾਰੀ ਦਿੰਦਿਆਂ ਪਿੰਡ ਅਕਾਲਗੜ੍ਹ ਦੇ ਸਰਪੰਚ ਸ਼ਮਿੰਦਰ ਸਿੰਘ ਗੋਗੀ ਬਰਾੜ ਅਤੇ ਜਗਜੀਤ ਸਿੰਘ ਬਰਾੜ ਨੇ ਦੱਸਿਆ ਕਿ ਪਿੰਡ ਵਿਚ ਪੰਚਾਇਤੀ ਜ਼ਮੀਨ ਦਾ ਤਕਰੀਬਨ 18 ਏਕੜ ਰਕਬਾ ਬੰਜਰ ਪਿਆ ਸੀ। ਜਿਸ ਨੂੰ ਪਹਾੜੀ ਕਿੱਕਰਾਂ ਨੇ ਘੇਰਾ ਪਾਇਆ ਹੋਇਆ ਸੀ ਤੇ ਇਹ ਜਗ੍ਹਾ ਅਵਾਰਾ ਪਸ਼ੂਆਂ ਦੀ ਠਹਿਰ ਬਣੀ ਹੋਈ ਸੀ। ਇਹਨਾਂ ਅਵਾਰਾ ਪਸ਼ੂਆਂ ਕਾਰਨ ਆਸੇ-ਪਾਸੇ ਦੇ ਪਿੰਡਾਂ ਦੇ ਲੋਕ ਵੀ ਬੇਹੱਦ ਪ੍ਰੇਸ਼ਾਨ ਸਨ। ਉਹਨਾਂ ਸਮੂਹ ਪੰਚਾਇਤ ਮੈਬਰਾਂ ਅਤੇ ਪਿੰਡ ਵਾਸੀਆਂ ਨੂੰ ਇਕੱਠਾ ਕਰਕੇ ਇਹ ਮਤਾ ਪਾਸ ਕੀਤਾ ਕਿ ਮਨਰੇਗਾ ਮਜ਼ਦੂਰ ਲਗਾ ਕੇ ਪਹਾੜੀ ਕਿੱਕਰਾਂ ਨੂੰ ਵੱਢ ਕੇ ਮੁੱਢੋ ਕੱਢਿਆ ਜਾਵੇ। ਮਹਿਕਮੇ ਤੋਂ ਮਨਜੂਰੀ ਲੈ ਕੇ ਅਸਟੀਮੇਟ ਲਵਾਇਆ ਗਿਆ ਅਤੇ ਮਾਸਟਰੋਲ ਕਢਾ ਕੇ ਪਿੰਡ ਦੀ ਮਨਰੇਗਾ ਇਸ ਕੰਮ ਲਈ ਲਗਾ ਦਿੱਤੀ ਗਈ।

ਮਨਰੇਗਾ ਮਜ਼ਦੂਰਾਂ ਦੇ ਸਹਿਯੋਗ ਨਾਲ 6 ਏਕੜ ਰਕਬੇ ਵਿਚੋਂ ਅੈਸਟੀਮੇਟ ਮੁਤਾਬਿਕ ਮੁੱਢ ਕੱਢ ਦਿੱਤੇ ਗਏ ਅਤੇ ਜ਼ਮੀਨ ਨੂੰ ਪੱਧਰਾ ਕਰਕੇ ਨਰਮਾ ਬੀਜ ਦਿੱਤਾ ਗਿਆ। ਲਾਕਡਾਊਨ ਵਿਚਕਾਰ ਹੀ ਉਹਨਾਂ ਨੇ ਬਾਕੀ 12 ਏਕੜ ਜਮੀਨ ਵਿਚੋਂ ਵੀ ਪਹਾੜੀ ਕਿੱਕਰਾਂ ਵੱਢ ਕੇ ਜ਼ਮੀਨ ਨੂੰ ਵਾਹੁਣਯੋਗ ਬਣਾ ਲਿਆ। ਪਿੰਡ ਵਿਚ ਕੀਤੇ ਗਏ ਇਸ ਸ਼ਲਾਘਾਯੋਗ ਕਾਰਜ ਲਈ ਸਰਪੰਚ ਸ਼ਮਿੰਦਰ ਸਿੰਘ ਗੋਗੀ ਨੇ ਸਮੂਹ ਪਿੰਡ ਵਾਸੀਆਂ, ਬੀ.ਡੀ.ਪੀ.ਓ. ਮੁਕਤਸਰ ਕੁਸਮ ਅਗਰਵਾਲ, ਸ਼ਮਸੇਰ ਸਿੰਘ ਰੁਪਾਣਾ ਅਤੇ ਹੋਰਨਾਂ ਦਾ ਧੰਨਵਾਦ ਕੀਤਾ। ਉਹਨਾਂ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਜਿੰਨਾਂ ਮਨਰੇਗਾ ਮਜ਼ਦੂਰਾਂ ਨੇ ਮਿਲ ਕੇ ਇਹ ਸ਼ਲਾਘਾਯੋਗ ਕੰਮ ਕੀਤਾ ਹੈ, ਉਹਨਾਂ ਨੂੰ ਸਰਕਾਰ ਵੱਲੋਂ ਸਨਮਾਨਿਤ ਕੀਤਾ ਜਾਵੇ।

ਜ਼ਿਕਰਯੋਗ ਹੈ ਕਿ ਆਸੇ-ਪਾਸੇ ਦੇ ਪਿੰਡਾਂ ਦੇ ਲੋਕ ਵੀ ਅਕਾਲਗੜ੍ਹ ਦੀ ਪੰਚਾਇਤ ਵੱਲੋਂ ਕੀਤੇ ਗਏ ਇਸ ਕੰਮ ਦੀ ਜ਼ੋਰਦਾਰ ਸ਼ਲਾਘਾ ਕਰ ਰਹੇ ਹਨ। ਇਸ ਮੌਕੇ ਉਹਨਾਂ ਨਾਲ ਹੋਰਨਾਂ ਤੋਂ ਇਲਾਵਾ ਮੈਂਬਰ ਗੁਰਪਿਆਰ ਸਿੰਘ, ਮਹਿਮਾ ਸਿੰਘ, ਗੁਰਭਗਤ ਸਿੰਘ, ਅਮਨਦੀਪ ਸਿੰਘ, ਪਲਵਿੰਦਰ ਕੌਰ, ਪਰਮਜੀਤ ਸਿੰਘ ਪੰਮਾ, ਗੁਰਸੇਵਕ ਸਿੰਘ, ਜਗਤਾਰ ਸਿੰਘ, ਬੋਹੜ ਸਿੰਘ, ਹਰਮੰਦਰ ਸਿੰਘ, ਬੂਟਾ ਸਿੰਘ ਨੰਬਰਦਾਰ, ਨਿਰੰਜਨ ਸਿੰਘ, ਹਰਚਰਨ ਸਿੰਘ, ਪਰਮਜੀਤ ਸਿੰਘ ਨੰਬਰਦਾਰ, ਮਲਕੀਤ ਸਿੰਘ, ਕੁਲਵੰਤ ਸਿੰਘ, ਸੁਖਦੇਵ ਸਿੰਘ, ਕਰਨੈਲ ਸਿੰਘ ਅਤੇ ਤਰਸੇਮ ਸਿੰਘ ਆਦਿ ਮੌਜ਼ੂਦ ਸਨ।

 

Harinder Kaur

This news is Content Editor Harinder Kaur