ਸੰਦੋਆ ਦੇ ਪੀ. ਏ. ਦਾ ਅਜਵਿੰਦਰ ਤੇ ਡਾ. ਦਲਜੀਤ ਚੀਮਾ ਨੂੰ ਚੈਲੰਜ (ਵੀਡੀਓ)

06/23/2018 4:44:47 PM

ਸ੍ਰੀ ਅਨੰਦਪੁਰ ਸਾਹਿਬ (ਰਾਕੇਸ਼ ਰਾਣਾ) : ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ 'ਤੇ ਮਾਈਨਿੰਗ ਮਾਫੀਆ ਵਲੋਂ ਲਗਾਏ ਗਏ ਰਿਸ਼ਵਤਖੋਰੀ ਦੇ ਦੋਸ਼ਾਂ ਤੋਂ ਬਾਅਦ ਵਿਧਾਇਕ ਸੰਦੋਆ ਦਾ ਪੀ. ਏ. ਖੁੱਲ੍ਹ ਕੇ ਸਾਹਮਣੇ ਆਇਆ ਹੈ। ਉਕਤ ਪੀ. ਏ. ਪਾਲੀ ਨੇ ਇਕ ਵੀਡੀਓ ਰਾਹੀਂ ਸੰਦੋਆ ਦੇ ਦਾਮਨ ਨੂੰ ਪਾਕਿ-ਸਾਫ ਦੱਸਦੇ ਹੋਏ ਸੰਦੋਆ ਦੀ ਕੁੱਟਮਾਰ ਕਰਨ ਵਾਲੇ ਤੇ 'ਆਪ' ਵਰਕਰ ਕਹੇ ਜਾਂਦੇ ਅਜਵਿੰਦਰ ਨੂੰ ਗੈਂਗਸਟਰ ਕਿਹਾ ਹੈ ਅਤੇ ਉਸ ਨੂੰ ਪਾਰਟੀ ਵਰਕਰ ਮੰਨਣ ਤੋਂ ਵੀ ਇਨਕਾਰ ਕੀਤਾ ਹੈ। ਇਸ ਦੇ ਨਾਲ ਪਾਲੀ ਨੇ ਕਿਹਾ ਕਿ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਅੱਜ ਸੰਦੋਆ 'ਤੇ ਸਵਾਲ ਚੁੱਕ ਰਹੇ ਹਨ ਪਹਿਲਾਂ ਉਹ ਇਹ ਸਹੁੰ ਖਾ ਕੇ ਦੱਸਣ ਕਿ ਉਨ੍ਹਾਂ ਦਾ ਦਾਮਨ ਕਿੰਨਾ ਕੁ ਪਾਕਿ ਸਾਫ ਹੈ ਤੇ ਉਹ ਕਿੰਨੇ ਇਮਾਨਦਾਰ ਹਨ। ਪਾਲੀ ਨੇ ਕਿਹਾ ਕਿ ਵਿਧਾਇਕ ਸੰਦੋਆ 'ਤੇ ਜੇ ਤਸਵੀਰਾਂ ਦੇ ਆਧਾਰ 'ਤੇ ਦੋਸ਼ ਲਗਾਏ ਜਾ ਰਹੇ ਹਨ ਤਾਂ ਬਿਕਰਮ ਮਜੀਠੀਆ ਵੀ ਦੋਸ਼ੀ ਹੈ ਕਿਉਂਕਿ ਮਜੀਠੀਆ ਦੀਆਂ ਵਿਵਾਦਿਤ ਤਸਵੀਰਾਂ ਵੀ ਸਮੇਂ-ਸਮੇਂ 'ਤੇ ਵਾਇਰਲ ਹੁੰਦੀਆਂ ਰਹੀਆਂ ਹਨ।
ਇਸਦੇ ਨਾਲ ਹੀ ਸੰਦੋਆ ਦੇ ਪੀ. ਏ. ਨੇ ਅਜਵਿੰਦਰ ਨੂੰ ਸਾਹਮਣੇ ਆ ਕੇ ਗੱਲ ਕਰਨ ਦਾ ਚੈਲੰਜ ਕੀਤਾ ਅਤੇ ਕਿਹਾ ਕਿ ਉਹ ਥੱਪੜ ਦਾ ਜਵਾਬ ਥੱਪੜ ਅਤੇ ਗੋਲੀ ਦਾ ਜਵਾਬ ਗੋਲੀ ਨਾਲ ਦੇਣ ਨੂੰ ਤਿਆਰ ਹੈ। ਪਾਲੀ ਨੇ ਅਕਾਲੀ ਦਲ ਵਲੋਂ ਸੰਦੋਆ 'ਤੇ ਅਜਵਿੰਦਰ ਦੀਆਂ ਵਾਇਰਲ ਕੀਤੀਆਂ ਜਾ ਰਹੀਆਂ ਤਸਵੀਰਾਂ ਦਾ ਵੀ ਜਵਾਬ ਦਿੱਤਾ ਹੈ। 
ਪਾਲੀ ਨੇ ਸਰਕਾਰ ਤੋਂ ਸਬੰਧਤ ਖੱਡ ਦੀ ਮਿਣਤੀ ਬਾਹਰੋਂ ਕਿਸੇ ਹੋਰ ਅਧਿਕਾਰੀਆਂ ਤੋਂ ਕਰਵਾਉਣ ਅਤੇ ਉਸਦੀ ਵੀਡੀਓਗ੍ਰਾਫੀ ਕਰਵਾਉਣ ਦੀ ਮੰਗ ਵੀ ਕੀਤੀ ਹੈ।