ਅਮਰਿੰਦਰ ਨੂੰ ਧਮਕੀ ਵਾਲਾ ਕੇਸ ਬੰਦ ਕਰਨ ''ਚ ਵਿਦੇਸ਼ ਮੰਤਰਾਲਾ ਦਖਲ ਦੇਵੇ : ਕਾਂਗਰਸ

07/24/2017 6:47:15 AM

ਜਲੰਧਰ  (ਧਵਨ) - ਕੈਨੇਡਾ ਸਰਕਾਰ ਵਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖਾਲਿਸਤਾਨੀ ਸਮਰਥਕਾਂ ਵਲੋਂ ਦਿੱਤੀਆਂ ਗਈਆਂ ਧਮਕੀਆਂ ਦੇ ਮਾਮਲੇ ਨੂੰ ਬੰਦ ਕਰਨ ਦੇ ਮਾਮਲੇ 'ਚ ਪੰਜਾਬ ਕਾਂਗਰਸ ਨੇ ਕੇਂਦਰ ਸਰਕਾਰ ਕੋਲ ਮੰਗ ਕੀਤੀ ਹੈ ਕਿ ਉਹ ਇਸ ਮਾਮਲੇ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਸਾਹਮਣੇ ਉਠਾਏ। ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸਰਕਾਰੀਆ ਅਤੇ ਰਮਨਜੀਤ ਸਿੰਘ ਸਿੱਕੀ ਨੇ ਕੇਂਦਰੀ ਵਿਦੇਸ਼ ਮੰਤਰਾਲਾ ਨੇ ਕਿਹਾ ਹੈ ਕਿ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਸ ਮਾਮਲੇ 'ਚ ਦਖਲ ਦੇਣ ਬਾਰੇ ਕਹਿਣ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੂੰ ਖਾਲਿਸਤਾਨੀ ਤੱਤਾਂ ਵਲੋਂ ਖੁਲ੍ਹੇਆਮ ਧਮਕੀਆਂ ਦਿੱਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਵੀ ਸਿੱਖ ਫਾਰ ਜਸਟਿਸ ਨਾਮੀ ਸੰਗਠਨ ਨੇ ਕੈ. ਅਮਰਿੰਦਰ ਸਿੰਘ ਦੇ ਖਿਲਾਫ ਕੈਨੇਡਾ 'ਚ ਝੂਠਾ ਕੇਸ ਦਾਇਰ ਕੀਤਾ ਸੀ।
ਪੰਜਾਬ ਕਾਂਗਰਸ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੇ ਕੌਮਾਂਤਰੀ ਚੈਨਲਾਂ ਦੀ ਮਾਰਫਤ ਕੈਨੇਡਾ ਸਰਕਾਰ 'ਤੇ ਦਬਾਅ ਪਾਏ ਕਿ ਉਹ ਭਾਰਤ ਵਿਰੋਧੀ ਸ਼ਕਤੀਆਂ ਨੂੰ ਕੈਨੇਡਾ 'ਚ ਜਗ੍ਹਾ ਨਾ ਦੇਵੇ। ਕੈਨੇਡਾ ਸਰਕਾਰ ਨੂੰ ਕੈਪਟਨ ਨੂੰ ਦਿੱਤੀਆਂ ਧਮਕੀਆਂ ਦੇ ਕੇਸ ਨੂੰ ਦੁਬਾਰਾ ਖੋਲ੍ਹਣਾ ਚਾਹੀਦਾ ਅਤੇ ਇਸ ਦੀ ਦੁਬਾਰਾ ਜਾਂਚ ਕਰਵਾਉਣੀ ਚਾਹੀਦੀ ਤਾਂ ਕਿ ਭਾਰਤ ਵਿਰੋਧੀ ਸ਼ਕਤੀਆਂ ਦਾ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ। ਕਾਂਗਰਸੀ ਆਗੂਆਂ ਨੇ ਕਿਹਾ ਕਿ 22 ਅਪ੍ਰੈਲ 2017 ਨੂੰ ਸਰੀ 'ਚ ਵਿਸਾਖੀ ਤਿਉਹਾਰ ਦੇ ਮੌਕੇ 'ਤੇ ਖਾਲਿਸਤਾਨੀ ਤੱਤਾਂ ਨੇ ਖੁੱਲ੍ਹ ਕੇ ਕੈਪਟਨ ਨੂੰ ਧਮਕੀਆਂ ਦਿੱਤੀਆਂ ਸਨ ਜਿਸ ਦੀ ਵੀਡੀਓ ਵੀ ਮੌਜੂਦ ਹੈ। ਜਦਕਿ ਕੈਨੇਡਾ ਸਰਕਾਰ ਇਹ ਕਹਿ ਰਹੀ ਹੈ ਕਿ ਉਨ੍ਹਾਂ ਕੋਲ ਕੋਈ ਸਬੂਤ ਨਹੀਂ। ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਨੂੰ ਉਪਰੋਕਤ ਵੀਡੀਓ ਦੇਖਣੀ ਚਾਹੀਦੀ ਹੈ, ਜਿਸ 'ਚ ਖਾਲਿਸਤਾਨੀਆਂ ਨੇ ਆਪਣੇ ਹੱਥਾਂ 'ਚ ਵੱਖਵਾਦੀ ਆਗੂ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਹੋਰ ਅੱਤਵਾਦੀਆਂ ਦੇ ਬੈਨਰ ਫੜੇ ਹੋਏ ਹਨ ਅਤੇ ਭਾਰਤ ਦੇ ਫੌਜੀ ਅਤੇ ਪੁਲਸ ਅਧਿਕਾਰੀਆਂ ਨੂੰ ਵੀ ਧਮਕੀਆਂ ਦੇ ਰਹੇ ਹਨ। ਇਸੇ ਤਰ੍ਹਾਂ ਵੀਡੀਓ 'ਚ ਕੈ. ਅਮਰਿੰਦਰ ਸਿੰਘ ਨੂੰ ਵੀ ਗੰਭੀਰ ਨਤੀਜਿਆਂ ਦੀਆਂ ਧਮਕੀਆਂ ਦਿੱਤੀਆਂ ਗਈਆਂ। ਕੈਨੇਡਾ ਸਰਕਾਰ ਦੇ ਅਧੀਨ ਸਭ ਕੁਝ ਹੁੰਦਾ ਪਰ ਉਸ ਨੇ ਖਾਲਿਸਤਾਨੀ ਅਤੇ ਗਰਮ ਤੱਤਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ।
ਕਾਂਗਰਸੀ ਆਗੂਆਂ ਨੇ ਕਿਹਾ ਕਿ ਕੈਨੇਡਾ ਸਰਕਾਰ ਆਪਣੀ ਜ਼ਮੀਨ 'ਤੇ ਖਾਲਿਸਤਾਨੀ ਤੱਤਾਂ ਨੂੰ ਉਤਸ਼ਾਹਿਤ ਕਰ ਰਹੀ ਹੈ, ਜੋ ਭਾਰਤ ਖਿਲਾਫ ਕੰਮ ਕਰ ਰਹੇ ਹਨ।