ਵੜਿੰਗ ਨੇ ਦੱਸੇ ਕੈਪਟਨ ਦੀ ਗੁਟਕਾ ਸਾਹਿਬ ਹੱਥ ''ਚ ਫੜ ਕੇ ਚੁੱਕੀ ਸਹੁੰ ਦੇ ਅਸਲ ਮਾਇਨੇ

01/28/2019 7:11:09 PM

ਗਿੱਦੜਬਾਹਾ : ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵਲੋਂ ਗੁਟਕਾ ਸਾਹਿਬ ਹੱਥ 'ਚ ਫੜ ਕੇ ਚੁੱਕੀ ਗਈ ਸਹੁੰ 'ਤੇ ਬੋਲਦੇ ਹੋਏ ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਇਸ ਸਹੁੰ ਦਾ ਗਲਤ ਮਤਲਬ ਕੱਢਿਆ ਗਿਆ ਹੈ। ਵੜਿੰਗ ਨੇ ਕਿਹਾ ਕਿ ਗੁਟਕਾ ਸਾਹਿਬ ਹੱਥ 'ਚ ਫੜ ਕੇ ਖਾਧੀ ਗਈ ਸਹੁੰ ਦਾ ਇਹ ਮਤਲਬ ਨਹੀਂ ਸੀ ਕਿ 45 ਦਿਨਾਂ ਵਿਚ ਪੰਜਾਬ 'ਚੋਂ ਨਸ਼ਾ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਵੇਗਾ ਜਦਕਿ ਇਸ ਦੇ ਮਾਇਨੇ ਇਹ ਸਨ ਕਿ ਉਹ ਆਪਣੀਆਂ ਅੱਖਾਂ ਸਾਹਮਣੇ ਨਸ਼ਾ ਨਹੀਂ ਵਿਕਣ ਦੇਣਗੇ। ਰਾਜਾ ਵੜਿੰਗ 'ਜਗ ਬਾਣੀ' ਦੇ ਸ਼ੋਅ 'ਜਨਤਾ ਦੀ ਸੱਥ' 'ਚ ਸਵਾਲਾਂ ਦੇ ਜਵਾਬ ਦੇ ਰਹੇ ਸਨ।  ਰਾਜਾ ਵੜਿੰਗ ਨੇ ਕਿਹਾ ਕਿ ਅਮਰੀਕਾ, ਕੈਨੇਡਾ ਵਰਗੇ ਵੱਡੇ ਦੇਸ਼ਾਂ ਵਿਚ ਵੀ ਨਸ਼ੇ ਦੀ ਸਮਗਲਿੰਗ ਹੁੰਦੀ ਹੈ ਜਦਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਵਿਚ 70 ਫੀਸਦੀ ਨਸ਼ੇ 'ਤੇ ਰੋਕ ਲਗ ਚੁੱਕੀ ਹੈ। 
ਕੁਲਬੀਰ ਜ਼ੀਰਾ ਵਿਵਾਦ 'ਤੇ ਬੋਲਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਜ਼ੀਰਾ ਨੇ ਸਿਰਫ ਸ਼ਰਾਬ ਦੀ ਗੱਲ ਕੀਤੀ ਸੀ। ਵੜਿੰਗ ਨੇ ਕਿਹਾ ਕਿ ਸੁਨਣ 'ਚ ਆਇਆ ਸੀ ਕਿ ਜ਼ੀਰਾ ਪੁਲਸ ਨੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਸੀ ਪਰ ਦੋਸ਼ੀਆਂ 'ਤੇ ਪਰਚਾ ਨਾ ਦਰਜ ਕਰਦੇ ਹੋਏ ਬਿਨਾਂ ਕਾਰਵਾਈ ਦੇ ਹੀ ਛੱਡ ਦਿੱਤਾ ਗਿਆ, ਜਿਸ ਨੂੰ ਲੈ ਕੇ ਵਿਧਾਇਕ ਕੁਲਬੀਰ ਜ਼ੀਰਾ ਨਾਰਾਜ਼ ਸਨ ਅਤੇ ਇਸੇ ਗੱਲ ਦਾ ਉਨ੍ਹਾਂ ਨੇ ਵਿਰੋਧ ਕੀਤਾ ਸੀ। 

Gurminder Singh

This news is Content Editor Gurminder Singh