ਅਮਰਿੰਦਰ ਸਰਕਾਰ ਕੋਲ ਪੰਜਾਬ ਦੀ ਭਲਾਈ ਲਈ ਕੋਈ ਪਾਜ਼ੀਟਿਵ ਏਜੰਡਾ ਨਹੀਂ: ਢੀਂਡਸਾ

05/24/2017 4:13:22 PM

ਪਟਿਆਲਾ— ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕੈਪਟਨ ਸਰਕਾਰ ਕੋਲ ਪੰਜਾਬ ਦੀ ਬਹਿਤਰੀ, ਤਰੱਕੀ ਅਤੇ ਵਿਕਾਸ ਲਈ ਕੋਈ ਪਾਜ਼ੀਟਿਵ ਏਜੰਡਾ ਨਹੀਂ ਹੈ। ਇਸ ਲਈ ਸਰਕਾਰ ਬਣਨ ਦੇ ਢਾਈ ਮਹੀਨੇ ਬਾਅਦ ਵੀ ਕੋਈ ਭਵਿੱਖ ਦੇ ਏਜੰਡੇ ਦੀ ਗੱਲ ਕਰਨ ਦੀ ਥਾਂ ਸਰਕਾਰ ਦੇ ਮੰਤਰੀ ਪਿਛਲੀ ਸਰਕਾਰ ਦੇ ਨੁਕਸ ਕੱਢਣ 'ਚ ਲੱਗੇ ਹੋਏ ਹਨ।
ਇਥੇ ਪਟਿਆਲਾ ਦੇਹਾਤੀ ਹਲਕੇ ਦੇ ਅਕਾਲੀ ਨੇਤਾਵਾਂ ਅਤੇ ਵਰਕਰਾਂ ਨਾਲ ਮੀਟਿੰਗ ਕਰਨ ਲਈ ਪਾਰਟੀ ਦੀ 3 ਮੈਂਬਰੀ ਕਮੇਟੀ ਜਿਸ 'ਚ ਢੀਂਡਸਾ ਤੋਂ ਇਲਾਵਾ ਪਾਰਟੀ ਦੇ ਖਜਾਨਚੀ ਅਤੇ ਵਿਧਾਇਕ ਐਨ. ਕੇ. ਸ਼ਰਮਾ, ਸੀਨੀਅਰ ਨੇਤਾ ਗੋਬਿੰਦ ਸਿੰਘ ਲੌਂਗੋਵਾਲ ਸ਼ਾਮਲ ਹਨ, ਦੀ ਅਗਵਾਈ ਕਰਦੇ ਹੋਏ ਢੀਂਡਸਾ ਨੇ ਕਿਹਾ ਕਿ ਅਮਰਿੰਦਰ ਸਿੰਘ ਸਰਕਾਰ ਦੇ ਮੰਤਰੀ ਰੋਜ਼ ਨਵੇਂ ਦਾਅਵੇ ਲੈ ਕੇ ਸਾਹਮਣੇ ਆਉਂਦੇ ਹਨ, ਜਦੋਂ ਕਿ ਪਿਛਲੇ 2 ਮਹੀਨਿਆਂ 'ਚ ਕੀਤਾ ਗਿਆ ਇਕ ਵੀ ਦਾਅਵਾ ਸਿੱਧ ਨਹੀਂ ਕਰ ਸਕੇ। ਐਨ. ਕੇ. ਸ਼ਰਮਾ ਅਤੇ ਗੋਬਿੰਦ ਸਿੰਘ ਲੌਂਗੋਵਾਲ, ਪਾਰਟੀ ਦੇ ਉਮੀਦਵਾਰ ਐਡਵੋਕੇਟ ਸਤਬੀਰ ਸਿੰਘ ਖਟੜਾ ਅਤੇ ਸੀਨੀਅਰ ਨੇਤਾ ਬਲਵਿੰਦਰ ਸਿੰਘ ਕੰਗ ਨੇ ਚੋਣਾਂ ਦੌਰਾਨ ਵੱਖ-ਵੱਖ ਨੇਤਾਵਾਂ ਵੱਲੋਂ ਨਿਭਾਈ ਗਈ ਭੂਮਿਕਾ ਦੀ ਰਿਪੋਰਟ ਪੇਸ਼ ਕੀਤੀ।