ਕੈਪਟਨ ਅਮਰਿੰਦਰ ਪੰਜਾਬ ਦੇ ਹਿੱਸੇ ਦੀ ਟੈਕਸ ਛੋਟ ਦਾ ਐਲਾਨ ਕਰ ਕੇ ਕੇਂਦਰ ਕੋਲ ਪਹੁੰਚ ਕਰਨ

07/19/2017 2:55:16 AM

ਪਟਿਆਲਾ (ਪਰਮੀਤ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਰਦੁਆਰਾ ਸਾਹਿਬਾਨ ਲਈ ਲੰਗਰ ਦੀ ਰਸਦ 'ਤੇ ਜੀ. ਐੱਸ. ਟੀ. ਲਈ ਛੋਟ ਦੇਣ ਵਾਸਤੇ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਪੱਤਰ ਲਿਖ ਕੇ ਖਾਨਾਪੂਰਤੀ ਕਰਨ ਦੀ ਜ਼ੋਰਦਾਰ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਹਿੱਸੇ ਦਾ ਜੀ. ਐੱਸ. ਟੀ. ਛੋਟ ਦਾ ਐਲਾਨ ਕਰ ਕੇ ਹੀ ਕੇਂਦਰ ਕੋਲ ਪਹੁੰਚ ਕਰਨੀ ਚਾਹੀਦੀ ਸੀ।
ਪ੍ਰੋ. ਬਡੂੰਗਰ ਨੇ ਕਿਹਾ ਕਿ ਅਮਰਿੰਦਰ ਸਿੰਘ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਗੁਰਦੁਆਰਾ ਸਾਹਿਬਾਨ ਦੇ ਲੰਗਰ ਦੀ ਰਸਦ 'ਤੇ ਪੰਜਾਬ ਦੇ ਹਿੱਸੇ ਦੀ ਬਣਦੀ ਰਾਸ਼ੀ ਦੀ ਮੁਆਫੀ ਦਾ ਐਲਾਨ ਜਨਤਕ ਤੌਰ 'ਤੇ ਕਰਨ। ਪਹਿਲਾਂ ਵੀ ਪੰਜਾਬ ਨੇ ਲੰਗਰ ਰਸਦ 'ਤੇ ਵੈਟ ਦੀ ਛੋਟ ਦਿੱਤੀ ਹੋਈ ਸੀ। ਪੰਜਾਬ ਦੇ ਹਿੱਸੇ ਦੀ ਛੋਟ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ। ਉਨ੍ਹਾਂ ਕਿਹਾ ਕਿ ਇਸ ਦਾ ਐਲਾਨ ਕਰ ਕੇ ਜੇਕਰ ਅਮਰਿੰਦਰ ਸਿੰਘ ਕੇਂਦਰੀ ਵਿੱਤ ਮੰਤਰੀ ਕੋਲ ਪਹੁੰਚ ਕਰਦੇ ਤਾਂ ਮਾਮਲਾ ਹੋਰ ਰੂਪ ਲੈਂਦਾ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ 'ਤੇ ਜ਼ੋਰਦਾਰ ਹਮਲਾ ਕਰਦਿਆਂ ਪ੍ਰੋ. ਬਡੂੰਗਰ ਨੇ ਕਿਹਾ ਕਿ ਪੱਗਾਂ ਦੇ ਰੰਗ ਬਦਲ ਕੇ ਉਹ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ। ਉਨ੍ਹਾਂ ਕਿਹਾ ਕਿ ਉਹ ਬਾਦਲ ਪਰਿਵਾਰ ਦੇ ਮੈਂਬਰ ਹਨ। ਪਹਿਲਾਂ ਅਕਾਲੀ ਸਰਕਾਰ ਸਮੇਂ ਵਿੱਤ ਮੰਤਰੀ ਹੁੰਦਿਆਂ ਉਨ੍ਹਾਂ ਖੁਦ ਲੰਗਰ ਦੀ ਰਸਦ 'ਤੇ ਵੈਟ ਦੀ ਛੋਟ ਦਾ ਐਲਾਨ ਕੀਤਾ ਸੀ ਤੇ ਖੁਦ ਇਸ ਸਾਰੇ ਮਾਮਲੇ ਤੋਂ ਜਾਣੂ ਸਨ। ਉਨ੍ਹਾਂ ਕਿਹਾ ਕਿ ਬੇਸ਼ੱਕ ਉਨ੍ਹਾਂ ਪਾਰਟੀ ਬਦਲ ਲਈ ਹੈ ਪਰ ਜ਼ਿੰਮੇਵਾਰੀਆਂ ਤਾਂ ਵਿੱਤ ਮੰਤਰੀ ਵਜੋਂ ਪਹਿਲਾਂ ਵਾਲੀਆਂ ਹੀ ਹਨ।
ਮੋਦੀ ਸਰਕਾਰ 'ਤੇ ਵੀ ਬੋਲਿਆ ਤਿੱਖਾ ਹਮਲਾ
ਕੇਂਦਰ ਦੀ ਮੋਦੀ ਸਰਕਾਰ 'ਤੇ ਵੀ ਤਿੱਖਾ ਹਮਲਾ ਬੋਲਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸੰਵਿਧਾਨ ਨੇ ਭਾਰਤੀ ਨਾਗਰਿਕਾਂ ਨੂੰ ਅਧਿਕਾਰ ਦਿੱਤਾ ਹੈ ਕਿ ਉਹ ਜੋ ਮਰਜ਼ੀ ਧਰਮ ਅਪਣਾ ਸਕਦੇ ਹਨ, ਇਸ ਦਾ ਪ੍ਰਚਾਰ ਕਰ ਸਕਦੇ ਹਨ। ਇਸ ਦੀ ਪਾਲਣਾ ਤੇ ਵਿਸ਼ਵਾਸ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਗੁਰੂ-ਘਰਾਂ ਵਿਚ ਸੰਗਤ ਲਈ ਮੁਫਤ ਛਕਾਏ ਜਾਂਦੇ ਲੰਗਰ ਉੱਪਰ ਟੈਕਸ ਲਾਉਣਾ ਮੋਦੀ ਸਰਕਾਰ ਵੱਲੋਂ ਸਾਡੇ ਸੰਵਿਧਾਨਕ ਅਧਿਕਾਰਾਂ 'ਤੇ ਹਮਲੇ ਦੇ ਤੁਲ ਹੈ। ਉੁਨ੍ਹਾਂ ਕਿਹਾ ਕਿ ਕੀ ਜੀ. ਐੱਸ. ਟੀ ਲਾਉਣ ਲੱਗਿਆਂ ਕੇਂਦਰ ਇਹ ਨਹੀਂ ਵੇਖ ਸਕਦਾ ਸੀ ਕਿ ਸੰਗਤ ਨੂੰ ਮੁਫਤ ਛਕਾਏ ਜਾਂਦੇ ਲੰਗਰ ਤੋਂ ਕਿਸ ਤਰ੍ਹਾਂ ਦੀ ਆਮਦਨ ਦੀ ਝਾਕ ਰਖਦਾ ਹੈ? ਲੰਗਰ ਦੀ ਮਾਇਆ ਸੰਗਤ ਵੱਲੋਂ ਹੀ ਦਾਨ ਦਿੱਤੀ ਜਾਂਦੀ ਹੈ ਤੇ ਦਾਨ ਦੀ ਰਾਸ਼ੀ ਉੱਪਰ ਟੈਕਸ ਕਿਵੇਂ ਵਾਜਬ ਕਿਹਾ ਜਾ ਸਕਦਾ ਹੈ?