ਅਮਾਇਰਾ ਮਿੱਤਲ ਸਬ-ਜੂਨੀਅਰ ਨੈਸ਼ਨਲ ਚੈੱਸ ਚੈਂਪੀਅਨਸ਼ਿਪ 2017 ''ਚ ਪੰਜਾਬ ਦੀ ਕਰੇਗੀ ਅਗਵਾਈ

07/21/2017 1:12:32 PM


ਜਲੰਧਰ(ਦਰਸ਼ਨ)—ਪਟਿਆਲਾ ਡਿਸਟ੍ਰਿਕਟ ਐਸੋਸੀਏਸ਼ਨ ਨੇ ਲੜਕੀਆਂ ਦੇ ਅੰਡਰ-7 ਸਬ-ਜੂਨੀਅਰ ਪੰਜਾਬ ਸਟੇਟ ਚੈੱਸ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ, ਜਿਥੇ ਜਲੰਧਰ ਦੀ ਅਮਾਇਰਾ ਮਿੱਤਲ ਨੂੰ ਪਹਿਲੇ ਦੋ ਜੇਤੂਆਂ 'ਚ ਐਲਾਨਿਆ ਗਿਆ ਹੈ। ਜਲੰਧਰ ਕੰਟੋਨਮੈਂਟ ਦੀ ਵਾਸੀ ਅਤੇ ਸੇਂਟ ਜੋਸਫ ਕਾਨਵੈਂਟ ਗਰਲਜ਼ ਸਕੂਲ ਦੀ ਪਹਿਲੀ ਜਮਾਤ ਦੀ ਵਿਦਿਆਰਥਣ ਅਮਾਇਰਾ ਹੁਣ ਵਿਜੇਵਾੜਾ (ਆਂਧਰਾ ਪ੍ਰਦੇਸ਼) 'ਚ ਆਯੋਜਿਤ ਹੋਣ ਜਾ ਰਹੀ ਸਬ-ਜੂਨੀਅਰ ਨੈਸ਼ਨਲ ਅੰਡਰ-7 (ਗਰਲਜ਼) ਚੈੱਸ ਚੈਂਪੀਅਨਸ਼ਿਪ 2017 'ਚ ਪੰਜਾਬ ਦੀ ਅਗਵਾਈ ਕਰੇਗੀ। ਅੰਤਰਰਾਸ਼ਟਰੀ ਫਿਡੇ (ਐੱਫ. ਆਈ. ਡੀ. ਈ.) ਰੈਂਕਿੰਗ ਦੇ ਅਨੁਸਾਰ ਪ੍ਰਫਾਰਮੈਂਸ ਰੇਟਿੰਗ 1149 ਤੇ 3.5 ਪੁਆਇੰਟ ਦੇ ਨਾਲ ਅਮਾਇਰਾ ਦਾ ਰੈਂਕ ਦੂਸਰਾ ਰਿਹਾ। 
ਜਲੰਧਰ ਡਿਸਟ੍ਰਿਕਟ ਚੈੱਸ ਚੈਂਪੀਅਨਸ਼ਿਪ ਦੇ ਸੈਕਰੇਟਰੀ ਮੁਨੀਸ਼ ਥਾਪਰ ਨੇ ਅਮਾਇਰਾ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਅਮਾਇਰਾ ਵਲੋਂ ਛੋਟੀ ਜਿਹੀ ਉਮਰ 'ਚ ਇਸ ਸ਼ਾਨਦਾਰ ਪ੍ਰਾਪਤੀ 'ਤੇ ਵਧਾਈ ਦਿੱਤੀ। ਅਮਾਇਰਾ ਦੇ ਮਾਤਾ-ਪਿਤਾ ਅਮਨ ਮਿੱਤਲ ਤੇ ਸ਼੍ਰੀਮਤੀ ਵਾਣੀ ਮਿੱਤਲ ਨੇ ਮਾਣ ਨਾਲ ਦੱਸਿਆ ਕਿ ਅਮਾਇਰਾ ਕਿਸੇ ਵੀ ਚੀਜ਼ ਜਾਂ ਗੱਲ ਨੂੰ ਮੂਲ ਰੂਪ ਤੋਂ ਜਾਣਨ ਦੀ ਇੱਛਾ ਰੱਖਦੀ ਹੈ ਅਤੇ ਇਨ੍ਹਾਂ 'ਤੇ ਬਹੁਤ ਜਲਦ ਆਪਣੀ ਪਕੜ ਬਣਾ ਲੈਂਦੀ ਹੈ ਇਸੇ ਤਰ੍ਹਾਂ ਉਸ ਨੇ ਚੈੱਸ ਸਕਿੱਲਜ਼ ਨੂੰ ਬਾਖੂਬੀ ਅਪਣਾਇਆ। ਅਮਾਇਰਾ ਦੇ ਕੋਚ ਦਿਨੇਸ਼ ਗੇਰਾ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਅਮਾਇਰਾ ਮੇਰੀ ਸ਼ਿਸ਼ ਰਹੀ ਕਿਉਂਕਿ ਉਹ ਉਨ੍ਹਾਂ ਲਈ ਆਪਣੀ ਇਸ ਛੋਟੀ ਜਿਹੀ ਉਮਰ 'ਚ ਇਕ ਵੱਡੀ ਪ੍ਰਾਪਤੀ ਲੈ ਕੇ ਆਈ। ਉਨ੍ਹਾਂ ਕਿਹਾ ਕਿ ਅਮਾਇਰਾ ਉਨ੍ਹਾਂ ਬੱਚਿਆਂ 'ਚੋਂ ਹੈ ਜਿਨ੍ਹਾਂ ਨੂੰ ਅਧਿਆਪਕ ਉਨ੍ਹਾਂ ਦੀਆਂ ਵਿਸ਼ੇਸ਼ ਯੋਗਤਾਵਾਂ ਕਾਰਨ ਟ੍ਰੇਨਿੰਗ ਦੇਣ ਲਈ ਪਹਿਲ ਦਿੰਦੇ ਹਨ। ਅਮਾਇਰਾ ਨੇ ਤਿੰਨ ਮਹੀਨਿਆਂ ਦੀ ਟਰੇਨਿੰਗ ਨਾਲ ਇਹ ਚਮਤਕਾਰ ਕਰ ਦਿਖਾਇਆ ਹੈ। ਉਸਦੀ ਉਮਰ ਦੇ ਹੋਰ ਖਿਡਾਰੀਆਂ ਨੂੰ ਤਾਂ ਇਕ ਤੋਂ ਜ਼ਿਆਦਾ ਸਾਲ ਲੱਗ ਜਾਂਦੇ ਹਨ ਤਾਂ ਜਾ ਕੇ ਉਹ ਕਿਤੇ ਅਮਾਇਰਾ ਜਿਹਾ ਪ੍ਰਦਰਸ਼ਨ ਕਰ ਕੇ ਦਿਖਾ ਸਕਦੇ ਹਨ। ਮੈਂ ਅਮਾਇਰਾ ਨੂੰ ਰਾਸ਼ਟਰੀ ਚੈਂਪੀਅਨਸ਼ਿਪ 'ਚ ਸਫਲਤਾ ਪ੍ਰਾਪਤ ਕਰਨ ਲਈ ਸ਼ੁਭਕਾਮਨਾਵਾਂ ਭੇਟ ਕਰਦਾ ਹਾਂ। ਜ਼ਿਕਰਯੋਗ ਹੈ ਕਿ ਇਹ ਸੂਬਾ ਪੱਧਰੀ ਦੋ ਰੋਜ਼ਾ ਚੈੱਸ ਪ੍ਰਤੀਯੋਗਿਤਾ ਸਵਿਸ ਲੀਗ ਸਿਸਟਮ ਤਹਿਤ ਫਿਡੇ ਦੇ ਨਵੇਂ ਨਿਯਮਾਂ ਦੇ ਅਨੁਸਾਰ 5 ਰਾਊਂਡ 'ਤੇ ਆਧਾਰਿਤ ਰਹੀ।