ਜਦੋਂ ਐੱਨ. ਆਰ. ਆਈ. ਨੇ ਪੰਜਾਬ ਪੁਲਸ ''ਤੇ ਲਾਏ ਗੰਭੀਰ ਦੋਸ਼...

01/19/2018 3:07:14 PM

ਚੰਡੀਗੜ੍ਹ : ਕੈਨੇਡਾ ਦੇ ਰਹਿਣ ਵਾਲੇ ਇਕ ਐੱਨ. ਆਰ. ਆਈ. ਨੇ ਪੰਜਾਬ ਪੁਲਸ 'ਤੇ ਗੰਭੀਰ ਦੋਸ਼ ਲਾਏ ਹਨ ਅਤੇ ਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਵੀ ਦਾਇਰ ਕੀਤੀ ਹੈ, ਜਿਸ ਤੋਂ ਬਾਅਦ ਹਾਈਕੋਰਟ ਨੇ ਪੰਜਾਬ ਸਰਕਾਰ, ਡੀ. ਜੀ. ਪੀ., ਸੀ. ਬੀ. ਆਈ. ਅਤੇ ਹੋਰਾਂ ਨੂੰ ਨੋਟਿਸ ਦਿੱਤਾ ਹੈ। ਜਾਣਕਾਰੀ ਮੁਤਾਬਕ ਕੈਨੇਡਾ ਦੇ ਰਹਿਣ ਵਾਲੇ ਐੱਨ. ਆਰ. ਆਈ. ਜਸਵੰਤ ਸਿੰਘ ਨੇ ਦੱਸਿਆ ਕਿ ਸਾਲ 1999 'ਚ ਉਹ ਅਮਰ ਸਿੰਘ ਚਹਿਲ ਨੂੰ ਉਸ ਸਮੇਂ ਮਿਲਿਆ ਸੀ, ਜਦੋਂ ਚਹਿਲ ਜਲੰਧਰ ਦਾ ਐੱਸ. ਪੀ. ਸੀ। ਚਹਿਲ ਨਾਲ ਉਸ ਦੇ ਰਿਸ਼ਤੇ ਬਹੁਤ ਵਧੀਆ ਸਨ। ਜਦੋਂ ਵੀ ਚਹਿਲ ਕੈਨੇਡਾ ਜਾਂਦਾ ਤਾਂ ਹਮੇਸ਼ਾ ਜਸਵੰਤ ਸਿੰਘ ਕੋਲ ਹੀ ਰੁਕਦਾ। ਫਿਰ ਅਮਰ ਸਿੰਘ ਚਹਿਲ ਨੇ ਪ੍ਰਾਪਰਟੀ 'ਚ ਨਿਵੇਸ਼ ਕਰਨ ਦਾ ਵੱਡਾ ਫਾਇਦਾ ਹੋਣ ਦਾ ਵਾਅਦਾ ਕਰਕੇ ਜਸਵੰਤ ਸਿੰਘ ਕੋਲੋਂ 6 ਕਰੋੜ ਤੋਂ ਜ਼ਿਆਦਾ ਦੀ ਰਕਮ ਲੈ ਗਈ ਪਰ ਬਾਅਦ 'ਚ ਰਕਮ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਜਸਵੰਤ ਸਿੰਘ ਨੇ ਇਸ ਦੀ ਸ਼ਿਕਾਇਤ ਐੱਨ. ਆਰ. ਆਈ. ਪੁਲਸ ਥਾਣੇ ਜਲੰਧਰ 'ਚ ਕੀਤੀ ਅਤੇ ਉੱਪਰਲੀ ਮਨਜ਼ੂਰੀ ਤੋਂ ਬਾਅਦ 30 ਜੂਨ, 2017 ਨੂੰ ਐੱਫ. ਆਈ. ਆਰ. ਦਰਜ ਕਰ ਲਈ ਗਈ।
ਜਸਵੰਤ ਸਿੰਘ ਨੇ ਦੋਸ਼ ਲਾਇਆ ਕਿ ਇਸ ਮਾਮਲੇ 'ਚ ਚਹਿਲ ਦਾ ਨਾਂ ਹੈ, ਜੋ ਫਿਲਹਾਲ ਆਈ. ਜੀ. ਹੈ। ਉਸ ਦਾ ਨਾਂ ਆਉਣ ਕਾਰਨ ਜਾਂਚ ਨੂੰ ਰੋਕ ਦਿੱਤਾ ਗਿਆ, ਜਿਸ ਤੋਂ ਬਾਅਦ ਜਸਵੰਤ ਸਿੰਘ ਨੇ ਹਾਈਕੋਰਟ 'ਚ ਪਟੀਸ਼ਨ ਪਾ ਕੇ ਇਸ ਮਾਮਲੇ ਦੀ ਜਾਂਚ ਸੀ. ਬੀ. ਆਈ. ਤੋਂ ਕਰਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ ਆਈ. ਜੀ. ਚਹਿਲ ਦਾ ਨਾਂ ਸ਼ਾਮਲ ਹੋਣ ਕਾਰਨ ਇਸ ਮਾਮਲੇ ਦੀ ਜਾਂਚ ਨਹੀਂ ਕੀਤੀ ਜਾ ਰਹੀ, ਜਿਸ ਤੋਂ ਬਾਅਦ ਹਾਈਕੋਰਟ ਨੇ ਇਸ ਸਬੰਧੀ ਵੱਖ-ਵੱਖ ਧਿਰਾਂ ਨੂੰ ਨੋਟਿਸ ਜਾਰੀ ਕੀਤਾ ਹੈ।