ਸ਼ਰਾਬ ਸਮੱਗਲਿੰਗ ਦੇ ਮਾਮਲੇ ''ਚ ਹੰਗਾਮਾ

11/20/2017 7:29:33 AM

ਜਲੰਧਰ, (ਪ੍ਰੀਤ)- ਕੁਝ ਦਿਨ ਪਹਿਲਾਂ ਥਾਣਾ ਭਾਰਗੋ ਕੈਂਪ ਤੋਂ ਲਾਈਨ ਹਾਜ਼ਰ ਕੀਤੇ ਗਏ ਪੁਲਸ ਮੁਲਾਜ਼ਮਾਂ ਵਲੋਂ ਸ਼ਰਾਬ ਸਮੱਗਲਿੰਗ ਦੇ ਦੋਸ਼ 'ਚ ਸੰਤ ਨਗਰ ਦੇ ਨੌਜਵਾਨ ਨੂੰ ਹਿਰਾਸਤ 'ਚ ਲਏ ਜਾਣ ਕਾਰਨ ਸਾਰਾ ਦਿਨ ਥਾਣਾ ਬਸਤੀ ਬਾਵਾ ਖੇਲ 'ਚ ਹੰਗਾਮਾ ਰਿਹਾ। ਪੁਲਸ ਦਾ ਦਾਅਵਾ ਹੈ ਕਿ ਦੋਵੇਂ ਮੁਲਾਜ਼ਮਾਂ ਨੇ ਨੌਜਵਾਨ ਕੋਲੋਂ 2 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਪਰ ਨੌਜਵਾਨ ਸਾਹਿਲ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਸਾਹਿਲ ਮੋਟਰਸਾਈਕਲ 'ਤੇ ਸੀ। ਉਹ ਸ਼ਰਾਬ ਦੀ ਪੇਟੀ ਮੋਟਰਸਾਈਕਲ 'ਤੇ ਨਹੀਂ ਲਿਜਾ ਸਕਦਾ। ਨਾਲ ਹੀ ਦੋਸ਼ ਹੈ ਕਿ ਦੋਵੇਂ ਮੁਲਾਜ਼ਮਾਂ ਨੇ ਸਾਹਿਲ ਨੂੰ ਥਾਣਾ ਕੈਂਟ 'ਚ ਲਿਜਾ ਕੇ ਮਾਰਕੁੱਟ ਕੀਤੀ। ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਨਾਜਾਇਜ਼ ਸ਼ਰਾਬ ਬਰਾਮਦਗੀ ਸਬੰਧੀ ਅਣਪਛਾਤੇ ਵਿਅਕਤੀ 'ਤੇ ਕੇਸ ਦਰਜ ਕਰਦਿਆਂ ਸਾਹਿਲ ਨੂੰ ਛੱਡ ਦਿੱਤਾ।
ਜਾਣਕਾਰੀ ਮੁਤਾਬਕ ਅੱਜ ਸਵੇਰੇ ਥਾਣਾ ਭਾਰਗੋ ਕੈਂਪ ਤੋਂ ਕੁਝ ਦਿਨ ਪਹਿਲਾਂ ਲਾਈਨ ਹਾਜ਼ਰ ਕੀਤੇ ਗਏ ਮੁਲਾਜ਼ਮ ਅਮਿਤ ਤੇ ਗੋਪੀ ਨੇ ਬਸਤੀਆਤ ਇਲਾਕੇ ਤੋਂ ਸਾਹਿਲ ਵਾਸੀ ਸੰਤ ਨਗਰ ਨੂੰ ਹਿਰਾਸਤ 'ਚ ਲਿਆ। ਦੋਸ਼ ਲਾਇਆ ਗਿਆ ਕਿ ਉਸ ਦੇ ਕੋਲੋਂ 2 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਸਾਹਿਲ ਨੂੰ ਹਿਰਾਸਤ 'ਚ ਲਏ ਜਾਣ ਤੋਂ ਬਾਅਦ ਉਸ ਦੇ ਸਮਰਥਕ ਥਾਣਾ ਬਸਤੀ ਬਾਵਾ ਖੇਲ ਪਹੁੰਚ ਗਏ। ਮਨਜੀਤ ਸਿੰਘ ਟੀਟੂ ਅਤੇ ਹਰਕੋਮਲਜੀਤ ਸਿੰਘ ਰੋਮੀ ਦੀ ਅਗਵਾਈ 'ਚ ਦਰਜਨਾਂ ਲੋਕਾਂ ਨੇ ਥਾਣਾ ਬਸਤੀ ਬਾਵਾ ਖੇਲ ਦਾ ਘਿਰਾਅ ਕੀਤਾ। 
ਮਨਜੀਤ ਸਿੰਘ ਟੀਟੂ ਤੇ ਉਨ੍ਹਾਂ ਦੇ ਸਮਰਥਕਾਂ ਨੇ ਦੋਸ਼ ਲਾਇਆ ਕਿ ਸਾਹਿਲ ਨਾਲ ਧੱਕਾ ਕੀਤਾ ਜਾ ਰਿਹਾ ਹੈ। ਸਾਹਿਲ ਅੱਜ ਸਵੇਰ ਕਿਸੇ ਕੰਮ ਲਈ ਆਪਣੇ ਮੋਟਰਸਾਈਕਲ 'ਤੇ ਗਿਆ ਸੀ ਪਰ ਦੋਵੇਂ ਮੁਲਾਜ਼ਮਾਂ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ ਅਤੇ ਦੋਸ਼ ਲਾਇਆ ਕਿ ਉਸ ਦੇ ਕੋਲੋਂ 2 ਪੇਟੀਆਂ ਨਾਜਾਇਜ਼ ਸ਼ਰਾਬ ਮਿਲੀ ਹੈ, ਜਦਕਿ ਉਹ ਤਾਂ ਮੋਟਰਸਾਈਕਲ 'ਤੇ ਸੀ। ਟੀਟੂ ਨੇ ਦੋਸ਼ ਲਾਇਆ ਕਿ ਉਕਤ ਮੁਲਾਜ਼ਮ ਸਾਹਿਲ ਨੂੰ ਫੜ ਕੇ ਪਹਿਲਾਂ ਥਾਣਾ ਬਸਤੀ ਬਾਵਾ ਖੇਲ ਲਿਆਉਣ ਦੀ ਬਜਾਏ ਸਿੱਧਾ ਥਾਣਾ ਕੈਂਟ ਲੈ ਗਏ। ਦੋਸ਼ ਹੈ ਕਿ ਸਾਹਿਲ ਨਾਲ ਥਾਣਾ ਕੈਂਟ 'ਚ ਮਾਰਕੁੱਟ ਕੀਤੀ ਗਈ ਅਤੇ ਬਾਅਦ 'ਚ ਉਸ ਨੂੰ ਵਾਪਸ ਥਾਣਾ ਬਸਤੀ ਬਾਵਾ ਖੇਲ ਲਿਆਇਆ ਗਿਆ। ਮੁਜ਼ਾਹਰਾਕਾਰੀਆਂ ਨੇ ਦੋਸ਼ ਲਾਇਆ ਕਿ ਦੋਵੇਂ ਮੁਲਾਜ਼ਮ ਲਾਈਨ ਹਾਜ਼ਰ ਹਨ ਪਰ ਫਿਰ ਵੀ ਇਲਾਕੇ ਦੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। 
ਥਾਣੇ 'ਚ ਪ੍ਰਦਰਸ਼ਨ ਦੀ ਸੂਚਨਾ ਮਿਲਦੇ ਹੀ ਏ. ਸੀ. ਪੀ. ਕੈਲਾਸ਼ ਚੰਦਰ, ਥਾਣਾ ਬਸਤੀ ਬਾਵਾ ਖੇਲ ਦੇ ਐੱਸ. ਐੱਚ. ਓ. ਸੁਖਵਿੰਦਰ ਸਿੰਘ, ਥਾਣਾ ਭਾਰਗੋ ਕੈਂਪ ਦੇ ਐੱਸ. ਐੱਚ. ਓ. ਜੀਵਨ ਸਿੰਘ ਪੁਲਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ ਅਤੇ ਲੋਕਾਂ ਨੂੰ ਸ਼ਾਂਤ ਕੀਤਾ। ਕਾਫੀ ਬਹਿਸਬਾਜ਼ੀ ਤੋਂ ਬਾਅਦ ਸਾਹਿਲ ਨੂੰ ਛੱਡ ਦਿੱਤਾ ਗਿਆ। ਦੇਰ ਸ਼ਾਮ ਏ. ਸੀ. ਪੀ. ਕੈਲਾਸ਼ ਚੰਦਰ ਨੇ ਦੱਸਿਆ ਕਿ ਦੋ ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦਗੀ ਸਬੰਧੀ ਅਣਪਛਾਤੇ ਲੋਕਾਂ 'ਤੇ ਕੇਸ ਦਰਜ ਕੀਤਾ ਗਿਆ ਹੈ। ਸਾਹਿਲ ਦੀ ਮੋਬਾਇਲ ਕਾਲ ਡਿਟੇਲ ਕੱਢਵਾ ਕੇ ਜਾਂਚ ਕੀਤੀ ਜਾਵੇਗੀ। ਜੇਕਰ ਸ਼ਰਾਬ ਸਮੱਗਲਿੰਗ 'ਚ ਉਸ ਦੀ ਮਿਲੀਭੁਗਤ ਸਾਹਮਣੇ ਆਉਂਦੀ ਹੈ ਤਾਂ ਕਾਰਵਾਈ ਕੀਤੀ ਜਾਵੇਗੀ ਨਹੀਂ ਤਾਂ ਜਾਂਚ ਕੀਤੀ ਜਾਵੇਗੀ ਕਿ ਦੋ ਪੇਟੀਆਂ ਨਾਜਾਇਜ਼ ਸ਼ਰਾਬ ਦੋਵੇਂ ਮੁਲਾਜ਼ਮਾਂ ਨੂੰ ਕਿੱਥੋਂ ਮਿਲੀਆਂ। ਦੋਵੇਂ ਮੁਲਾਜ਼ਮਾਂ ਦੀ ਤਾਇਨਾਤੀ ਸਬੰਧੀ ਅਧਿਕਾਰੀਆਂ ਨੇ ਕੁਝ ਸਪੱਸ਼ਟ ਨਹੀਂ ਕੀਤਾ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਮੁਲਾਜ਼ਮ ਏ. ਡੀ. ਸੀ. ਪੀ. ਨਾਲ ਅਟੈਚ ਕੀਤੇ ਗਏ ਹਨ।