ਪੰਜਾਬ ਸਰਕਾਰ ''ਤੇ ਆਪ ਵਿਧਾਇਕ ਵੱਲੋਂ ਕੋਵਿਡ ਕਿੱਟਾਂ ਟੈਂਡਰ ''ਚ ਘਪਲੇਬਾਜ਼ੀ ਦਾ ਦੋਸ਼ ਹਾਸੋਹੀਣਾ ਤੇ ਬੇਤੁਕਾ : ਕੈਪਟਨ

09/12/2020 9:18:37 PM

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਵੱਲੋਂ ਸੂਬਾ ਸਰਕਾਰ ’ਤੇ ਕੋਵਿਡ ਸੰਭਾਲ ਕਿੱਟਾਂ ਦੇ ਟੈਂਡਰ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਹੀ ਖਰੀਦ ਵਿੱਚ ਘਪਲੇਬਾਜ਼ੀ ਦੇ ਦੋਸ਼ ਲਾਉਣ ਨੂੰ ਹਾਸੋਹੀਣਾ ਤੇ ਬੇਤੁਕਾ ਕਰਾਰ ਦਿੱਤਾ ਹੈ ਜਿਨਾਂ ਦਾ ਕੋਈ ਸਿਰ-ਪੈਰ ਨਹੀਂ ਹੈ।ਆਪ ਵਿਧਾਇਕ ਅਮਨ ਅਰੋੜਾ ਵੱਲੋਂ ਕਿੱਟਾਂ ਖਰੀਦਣ ਵਿੱਚ ਘਪਲੇਬਾਜ਼ੀ ਦੇ ਲਾਏ ਦੋਸ਼ਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ’ਤੇ ਹਰ ਵੇਲੇ ਹਮਲਾ ਕਰਨ ਦੀ ਤਾਂਘ ਵਿੱਚ ਰਹਿੰਦੀ ਆਮ ਆਦਮੀ ਪਾਰਟੀ ਗਲਤ ਤੇ ਸਹੀ ਵਿੱਚ ਪਰਖ ਕਰਨਾ ਹੀ ਭੁੱਲ ਗਈ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਕਿੱਟਾਂ ਦੀ ਖਰੀਦ ਲਈ ਟੈਂਡਰ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਹੀ ਅਮਨ ਅਰੋੜਾ ਨੇ ਘਪਲੇਬਾਜ਼ੀ ਦੇ ਦੋਸ਼ ਲਾ ਦਿੱਤੇ ਹਨ। ਉਨ੍ਹਾਂ ਖੁਲਾਸਾ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨੇ 360 ਰੁਪਏ (ਜੀ.ਐਸ.ਟੀ. ਵੱਖਰੀ) ਦੇ ਨਬਜ਼ ਔਕਸੀਮੀਟਰ ਦੇ ਨਾਲ ਕਿੱਟ ਦੀ ਲਾਗਤ ਨੂੰ 748 ਰੁਪਏ ਅੰਤਿਮ ਰੂਪ ਦਿੱਤਾ ਹੈ।
ਆਪ ਵਿਧਾਇਕ ਨੇ ਇਕ ਰੇਟ ਲਿਸਟ (ਜਿਹੜੀ ਉਨਾਂ ਨੇ ਵੀ ਸਿਹਤ ਵਿਭਾਗ ਨੂੰ ਭੇਜੀ ਹੈ) ’ਤੇ ਆਧਾਰਿਤ ਦੋਸ਼ ਲਾਏ ਹਨ ਜਿਸ ਵਿੱਚ ਅਸਲ ’ਚ 13 ਆਈਟਮਾਂ ਦੀ ਸੂਚੀ ਦਿੱਤੀ ਗਈ ਹੈ ਜਦੋਂ ਕਿ ਸਰਕਾਰੀ ਕਿੱਟ ਲਈ 16 ਆਈਟਮਾਂ ਖਰੀਦੀਆਂ ਜਾ ਰਹੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਰੋੜਾ ਦੀ ਸੂਚੀ ਵਿੱਚ ਕੈਪਸੂਲ ਵਿਟਾਮਿਨ ਡੀ, ਬੀਟਾਡਿਨ ਗਾਰਗਿਲ ਤੇ ਬੈਲੂਨਜ਼ ਸ਼ਾਮਲ ਹੀ ਨਹੀਂ ਹੈ। ਇਸ ਤੋਂ ਇਲਾਵਾ ਉਨਾਂ ਦੀ ਸੂਚੀ ਵਿੱਚ 100 ਮਿਲੀਲੀਟਰ ਦਾ ਸੈਨੀਟਾਈਜ਼ਰ ਹੈ ਜਦੋਂ ਕਿ ਸਰਕਾਰੀ ਕਿੱਟ ਵਿੱਚ 500 ਮਿਲੀਲੀਟਰ ਦਾ ਸੈਨੀਟਾਈਜ਼ਰ ਹੈ। ਉਨਾਂ ਅੱਗੇ ਕਿਹਾ ਕਿ ਬਜ਼ਾਰ ਵਿੱਚ 10 ਰੁਪਏ ਦਾ ਤਰਲ ਕਾੜਾ ਮੌਜੂਦ ਹੀ ਨਹੀਂ ਹੈ। ਸ਼ਾਇਦ ਆਮ ਆਦਮੀ ਪਾਰਟੀ ਅਜਿਹੇ ਕੁਝ ਕਾੜੇ ਆਪਣੇ ਪੱਧਰ ਉਤੇ ਜਾਂ ਦਿੱਲੀ ਦੇ ਬਜ਼ਾਰ ਵਿੱਚ ਬਣਾ ਰਹੀ ਹੈ।
ਅਰੋੜਾ ਦੇ ਘਪਲੇ ਦੇ ਦੋਸ਼ਾਂ ਨੂੰ ਊਟ-ਪਟਾਂਗ ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਖਰੀਦ ਤੋਂ ਪਹਿਲਾਂ ਹੀ ਦੋਸ਼ ਲਾ ਕੇ ਆਪ ਵਿਧਾਇਕ ਨੇ ਆਪਣੀ ਪਾਰਟੀ ਦੀ ਸੂਬਾ ਸਰਕਾਰ ਵਿਰੁੱਧ ਤੱਥ ਰਹਿਤ ਨਕਰਾਤਮਕ ਪ੍ਰਚਾਰ ਕਰਨ ਦੀ ਰਣਨੀਤੀ ਨੂੰ ਉਜਾਗਰ ਕਰ ਦਿੱਤਾ ਹੈ। ਉਨ੍ਹਾਂ ਕਿਹਾ, ‘‘ਤੁਸੀਂ ਸਿੱਧ ਕਰ ਦਿੱਤਾ ਹੈ ਕਿ ਤੁਸੀਂ ਪੰਜਾਬ ਵਿੱਚ ਆਪਣਾ ਸਿਆਸੀ ਏਜੰਡਾ ਅੱਗੇ ਵਧਾਉਣ ਲਈ ਮੇਰੀ ਸਰਕਾਰ ਵਿਰੁੱਧ ਕਿਸੇ ਵੀ ਪੱਧਰ ਤੱਕ ਜਾ ਸਕਦੇ ਹੋ, ਚਾਹੇ ਪੂਰੀ ਤਰਾਂ ਕਾਲਪਨਿਕ ਤੇ ਝੂਠੇ ਦੋਸ਼ ਹੀ ਲਾਉਣੇ ਪੈਣ।’’ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਪ ਦੇ ਇਸ ਡਰਾਮੇ ਅਤੇ ਝੂਠੇ ਪ੍ਰਚਾਰ ’ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਘਰਾਂ ਤੇ ਹਸਪਤਾਲਾਂ ਵਿੱਚ ਏਕਾਂਤਵਾਸ ’ਤੇ ਗਏ ਲੋਕਾਂ ਨੂੰ ਮੁਫਤ ਕਿੱਟਾਂ ਦੇ ਐਲਾਨ ਕਰਨ ਮੌਕੇ ਉਨਾਂ ਵੱਖ-ਵੱਖ ਆਈਟਮਾਂ ਦੀ ਬਜ਼ਾਰੀ ਕੀਮਤ ’ਤੇ ਆਧਾਰਿਤ ਅਨੁਮਾਨਤ ਲਾਗਤ ਦਿੱਤੀ ਸੀ। ਬਜ਼ਾਰੀ ਕੀਮਤਾਂ ਵਿੱਚ ਉਤਰਾਅ-ਚੜਾਅ ਆਉਦਾ ਰਹਿੰਦਾ ਹੈ ਜਿਸ ਬਾਰੇ ਅਰੋੜਾ ਜਾਂ ਤਾਂ ਅਣਜਾਨ ਹੈ ਜਾਂ ਫੇਰ ਲੋਕਾਂ ਨੂੰ ਗੰੁਮਰਾਹ ਕਰਨ ਵਾਸਤੇ ਜਾਣਬੁੱਝ ਕੇ ਨਜ਼ਰਅੰਦਾਜ਼ ਕਰ ਰਿਹਾ ਹੈ।

ਕੈਪਟਨ ਅਮਰਿੰਦਰ ਨੇ ਦੱਸਿਆ ਕਿ ਉਨਾਂ ਦੁਆਰਾ ਪਹਿਲਾਂ ਐਲਾਨਿਆ ਗਿਆ 1700 ਰੁਪਏ ਦਾ ਅਨੁਮਾਨ ਉਸ ਕੀਮਤ ’ਤੇ ਅਧਾਰਤ ਸੀ ਜਿਸ ’ਤੇ ਪੰਜਾਬ ਪੁਲਿਸ ਸਥਾਨਕ ਬਾਜ਼ਾਰਾਂ ਵਿੱਚੋਂ ਇਹ ਕਿੱਟਾਂ ਬਾਜ਼ਾਰੀ ਕੀਮਤ 4000 ਰੁਪਏ ਦੇ ਮੁਕਾਬਲੇ ਆਪਣੀ ਲੋੜ ਅਨੁਸਾਰ ਥੋੜੀ ਗਿਣਤੀ ਵਿੱਚ ਖਰੀਦ ਰਹੀ ਸੀ। ਉਨਾਂ ਅੱਗੇ ਕਿਹਾ ਕਿ ਖਰੀਦ ਪ੍ਰਕਿਰਿਆ ਟੈਂਡਰ-ਆਧਾਰਿਤ ਹੈ, ਜਿਸ ਦਾ ਉਨਾਂ ਨੇ ਆਪਣੇ ਐਲਾਨ ਵਿਚ ਸਪੱਸ਼ਟ ਤੌਰ ’ਤੇ ਜ਼ਿਕਰ ਕੀਤਾ ਸੀ। ਉਨਾਂ ਕਿਹਾ ਕਿ ਅਖੀਰ ਵਿੱਚ ਸੂਬਾ ਸਰਕਾਰ ਨੂੰ ਕਿੱਟ ਲਈ ਜੋ ਅੰਤਿਮ ਕੀਮਤ ਪ੍ਰਾਪਤ ਹੋਈ, ਉਹ ਬਹੁਤ ਘੱਟ ਨਿਕਲੀ। ਉਨਾਂ ਕਿਹਾ ਕਿ  ਜਿਵੇਂ ਕਿ ਪਹਿਲਾਂ ਹੀ ਐਲਾਨ ਕੀਤਾ ਗਿਆ ਹੈ ਇਹ ਕਿੱਟਾਂ ਹਸਪਤਾਲ ਅਤੇ ਘਰੇਲੂ ਏਕਾਂਤਵਾਸ ਅਧੀਨ ਕੋਵਿਡ ਦੇ ਸਾਰੇ ਮਰੀਜ਼ਾਂ ਨੂੰ ਮੁਫਤ ਵੰਡੀਆਂ ਜਾਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਪਰ ਅਰੋੜਾ ਨੂੰ ਗਲਤ ਜਾਣਕਾਰੀ ਫੈਲਾਉਣ ਦੀ ਇੰਨੀ ਕਾਹਲੀ ਸੀ ਕਿ ਉਨਾਂ ਨੇ ਸਰਕਾਰ ਦੇ ਟੈਂਡਰ ਨੂੰ ਅੰਤਿਮ ਰੂਪ ਦੇਣ ਸਬੰਧੀ ਇੰਤਜ਼ਾਰ ਕਰਨ ਦੀ ਖੇਚਲ ਨਹੀਂ ਕੀਤੀ। ਉਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਝੂਠਾ ਪ੍ਰਚਾਰ ਆਪ ਦੀ ਫਿਤਰਤ ਅਤੇ ਸਿਆਸੀ ਰਣਨੀਤੀ ਬਣ ਗਿਆ ਹੈ। ਕੋਵਿਡ ਦੇ ਮਰੀਜ਼ਾਂ ਦੇ ਅੰਗ ਕੱਢੇ ਜਾਣ ਸਬੰਧੀ ਫਰਜ਼ੀ ਵੀਡੀਓ ਫੈਲਾਉਣ ਲਈ ਹਾਲ ਹੀ ਵਿੱਚ ਆਪ ਦੇ ਇਕ ਕਾਰਕੁੰਨ ਦੀ ਗਿ੍ਰਫਤਾਰੀ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਲੋਕ ਪੰਜਾਬ ਵਿੱਚ ਆਪਣੇ ਸੌੜੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਦਰਅਸਲ ਥੋਕ ਖਰੀਦ ਦੀ ਘੱਟ ਕੀਮਤ ਨੂੰ ਦੇਖਦਿਆਂ ਜੋ ਸਰਕਾਰ ਕਿੱਟਾਂ ਲਈ ਪ੍ਰਾਪਤ ਕਰਨ ਵਿਚ ਕਾਮਯਾਬ ਰਹੀ ਹੈ, ਉਨਾਂ ਦੀ ਸਰਕਾਰ ਨੇ ਪ੍ਰਵਾਨਿਤ ਵਿਕਰੇਤਾਵਾਂ ਰਾਹੀਂ ਬਿਨਾਂ ਮੁਨਾਫੇ-ਘਾਟੇ ਦੇ ਅਧਾਰ ’ਤੇ ਔਕਸੀਮੀਟਰ ਉਪਲੱਬਧ ਕਰਾਉਣ ਦਾ ਫੈਸਲਾ ਕੀਤਾ ਹੈ ਜੋ ਉਨਾਂ ਵੱਲੋਂ ਕੱਲ ਕੀਤੇ ਗਏ ਐਲਾਨ ਅਨੁਸਾਰ 514 ਰੁਪਏ ਨਾਲੋਂ ਘੱਟ ਕੀਮਤ ’ਤੇ ਵੇਚੇ ਜਾਣਗੇ। ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿ ਨਬਜ਼ ਔਕਸੀਮੀਟਰ ਵੀ ਬਾਜ਼ਾਰ  ਵਿਚ ਵੱਖ-ਵੱਖ ਕੀਮਤਾਂ ’ਤੇ ਉਪਲੱਬਧ ਹਨ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨਾਂ ਦੀ ਜਾਣਕਾਰੀ ਅਨੁਸਾਰ ਇਹ ਦਿੱਲੀ, ਜਿੱਥੇ ਆਪ ਦੀ ਸਰਕਾਰ ਹੈ,  ਵਿੱਚ 700 ਰੁਪਏ ਤੋਂ ਲੈ ਕੇ 3000 ਰੁਪਏ ਤੱਕ ਵੇਚੇ ਜਾ ਰਹੇ ਹਨ। ਇਸ ਦੇ ਉਲਟ ਕਿੱਟ ਵਿਚ ਔਕਸੀਮੀਟਰ ਲਈ ਅੰਤਿਮ ਕੀਮਤ 360 ਰੁਪਏ ਤੇ ਜੀ.ਐਸ.ਟੀ. ਨਿਰਧਾਰਤ ਕੀਤੀ ਗਈ ਹੈ। ਅਰੋੜਾ ਦੇ ਸੁਝਾਅ ’ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿ ਪੰਜਾਬ ਸਰਕਾਰ ਨੂੰ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਦੀ ਤਰਜ਼ ’ਤੇ ਕੋਵਿਡ ਮਹਾਂਮਾਰੀ ਨਾਲ ਨਜਿੱਠਣਾ ਚਾਹੀਦਾ ਹੈ, ਮੁੱਖ ਮੰਤਰੀ ਨੇ ਕਿਹਾ ਕਿ ਉਕਤ ਵਿਧਾਇਕ ਜਾਂ ਤਾਂ ਆਪਣੇ ਰਾਜ ਦੀ ਸਥਿਤੀ ਤੋਂ ਪੂਰੀ ਤਰਾਂ ਅਣਜਾਣ ਹੈ ਜਾਂ ਨਹੀਂ ਜਾਣਦੇ ਕਿ ਕੌਮੀ ਰਾਜਧਾਨੀ ਵਿਚ ਕੀ ਹੋ ਰਿਹਾ ਹੈ ਜਿੱਥੇ ਪਿਛਲੇ ਲਗਭਗ ਇੱਕ ਹਫਤੇ ਤੋਂ ਰੋਜ਼ਾਨਾ ਕੇਸਾਂ ਵਿੱਚ ਰਿਕਾਰਡ ਵਾਧਾ ਹੋ ਰਿਹਾ ਹੈ।

Bharat Thapa

This news is Content Editor Bharat Thapa