ਆਲ ਰੋਡ ਸ਼ੋਅ ਦੌਰਾਨ ਐਂਬੂਲੈਂਸਾਂ ਨੂੰ ਮੁਸ਼ਕਲਾਂ ਦਾ ਮਾਮਲਾ ਚੋਣ ਕਮਿਸ਼ਨ ਕੋਲ ਪੁੱਜਾ

05/10/2019 10:32:45 AM

ਚੰਡੀਗੜ੍ਹ (ਭੁੱਲਰ)- ਲੋਕਸਭਾ ਉਮੀਦਵਾਰਾਂ ਵਲੋਂ ਪੰਜਾਬ 'ਚ ਇਨ੍ਹੀਂ ਦਿਨੀਂ ਕੀਤੇ ਜਾ ਰਹੇ ਰੋਡ ਸ਼ੋਅ ਦੌਰਾਨ ਮਰੀਜ਼ਾਂ ਨੂੰ ਹਸਪਤਾਲ ਲੈ ਕੇ ਜਾ ਰਹੀਆਂ ਐਂਬੂਲੈਂਸਾਂ ਬਹੁਤ ਸਾਰਿਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦਾ ਮਾਮਲਾ ਚੋਣ ਕਮਿਸ਼ਨ ਕੋਲ ਪਹੁੰਚ ਗਿਆ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਨੇ ਉਚਿਤ ਕਾਰਵਾਈ ਦਾ ਭਰੋਸਾ ਦਿੱਤਾ ਹੈ। ਇਸ ਮਾਮਲੇ ਦੇ ਸਬੰਧ 'ਚ ਪਟਿਆਲਾ ਫਾਊਂਡੇਸ਼ਨ ਤੇ ਆਵੋਇਡ ਐਕਸੀਡੈਂਟ ਫੋਰਮ ਦੇ ਰਵੀ ਐੱਸ ਆਹਲੂਵਾਲੀਆ ਅਤੇ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ.ਐੱਸ. ਕਰੁਣਾ ਰਾਜੂ ਨੂੰ ਮੰਗ ਪੱਤਰ ਸੌਂਪਦਿਆਂ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਕਿ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਵਲੋਂ ਆਪਣੇ ਪ੍ਰਚਾਰ ਲਈ ਵੱਡੇ ਪੱਧਰ 'ਤੇ ਰੋਡ ਸ਼ੋਅ ਕੀਤੇ ਜਾ ਰਹੇ ਹਨ।

ਇਸ ਦੌਰਾਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੀਆਂ ਘਟਨਾਵਾਂ ਆਮ ਦੇਖਣ ਨੂੰ ਮਿਲਦੀਆਂ ਹਨ ਤੇ ਐਮਰਜੈਂਸੀ ਹਾਲਤ ਵਾਲੇ ਗੰਭੀਰ ਮਰੀਜ਼ਾਂ ਨੂੰ ਲੈ ਕੇ ਜਾ ਰਹੀਆਂ ਐਂਬੂਲੈਂਸਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਸੰਸਥਾਵਾਂ ਵਲੋਂ ਡਾ. ਰਾਜੂ ਤੋਂ ਮੰਗ ਕੀਤੀ ਗਈ ਕਿ ਇਸ ਤਰ੍ਹਾਂ ਦੇ ਰੋਡ ਸ਼ੋਅਜ਼ ਦੀ ਪ੍ਰਵਾਨਗੀ ਦੇਣ ਸਮੇਂ ਹੀ ਐਂਬਲੈਂਸ ਦੇ ਆਉਣ ਤੇ ਉਸ ਲਈ ਰਸਤਾ ਦੇਣ ਸਬੰਧੀ ਪਹਿਲਾਂ ਤੋਂ ਹੀ ਉਚਿਤ ਵਿਵਸਥਾ ਕੀਤੀ ਜਾਵੇ, ਕਿਉਂਕਿ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਵਲੋਂ ਰੋਡ ਸ਼ੋਅ ਲਗਾਤਾਰ ਕੀਤੇ ਜਾ ਰਹੇ ਹਨ। ਇਨ੍ਹਾਂ ਸੰਸਥਾਵਾਂ ਦੇ ਪ੍ਰਤੀਨਿਧਾਂ ਨੇ ਕਿਹਾ ਕਿ ਪੰਜਾਬ ਰਾਜ ਦੇ ਹਰੇਕ ਕਸਬੇ ਤੋਂ ਗੰਭੀਰ ਹਾਲਤ ਵਾਲੇ ਮਰੀਜ਼ ਐਮਰਜੰਸੀ 'ਚ ਵੱਡੇ ਸ਼ਹਿਰਾਂ ਤੇ ਚੰਡੀਗੜ੍ਹ ਸਥਿਤ ਪੀਜੀਆਈ ਵਿਖੇ ਇਲਾਜ ਕਰਵਾਉਣ ਲਈ ਲਿਆਂਦੇ ਜਾਂਦੇ ਹਨ ਅਤੇ ਰੋਡ ਸ਼ੋਅ ਕਾਰਨ ਇਸ ਤਰ੍ਹਾਂ ਦੇ ਗੰਭੀਰ ਮਰੀਜ਼ਾਂ ਨੂੰ ਲਿਜਾ ਰਹੀਆਂ ਐਂਬੂਲੈਂਸਾਂ ਵਿਚਕਾਰ ਫਸ ਜਾਂਦੀਆਂ ਹਨ। ਮੁੱਖ ਚੋਣ ਅਧਿਕਾਰੀ ਨੇ ਮੰਗ ਨੂੰ ਪੂਰੀ ਤਰ੍ਹਾਂ ਵਾਜਿਬ ਦੱਸਦਿਆਂ ਕਿਹਾ ਕਿ ਇਸ ਸਬੰਧੀ ਭਾਵੇਂ ਪਹਿਲਾਂ ਵੀ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ, ਪਰ ਉਹ ਮੁੜ ਜ਼ਿਲਾ ਅਧਿਕਾਰੀਆਂ ਨੂੰ ਮੁੜ ਦਿਸ਼ਾ ਨਿਰਦੇਸ਼ ਦੇਣਗੇ।

rajwinder kaur

This news is Content Editor rajwinder kaur