ਕਮੇਟੀਆਂ ਭੰਗ ਹੋਣ ਤੋਂ ਬਾਅਦ ਕਾਂਗਰਸੀ ਖੇਮਿਆਂ ''ਚ ਹਲਚਲ ਹੋਈ ਸ਼ੁਰੂ

01/22/2020 12:36:33 PM

ਜਲੰਧਰ (ਚੋਪੜਾ)— ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਕਾਰਜਕਾਰਨੀ ਅਤੇ ਜ਼ਿਲਾ ਕਮੇਟੀਆਂ ਦੇ ਭੰਗ ਕਰਨ ਦੇ ਫੈਸਲੇ ਦੇ ਨਾਲ ਹੀ ਕਾਂਗਰਸੀ ਖੇਮਿਆਂ 'ਚ ਹਲਚਲ ਸ਼ੁਰੂ ਹੋ ਗਈ ਹੈ। ਜ਼ਿਲਾ ਪ੍ਰਧਾਨਾਂ ਦੀ ਛੁੱਟੀ ਹੋਣ ਤੋਂ ਬਾਅਦ ਪ੍ਰਧਾਨਗੀ ਹਾਸਲ ਕਰਨ ਨੂੰ ਲੈ ਕੇ ਨਵੀਂ ਜ਼ੋਰ-ਅਜ਼ਮਾਇਸ਼ ਸ਼ੁਰੂ ਹੋਵੇਗੀ ਅਤੇ ਜ਼ਿਲੇ ਦੇ ਨੇਤਾ ਦੁਬਾਰਾ ਆਪਣੇ ਆਕਾਵਾਂ ਦੀ ਸ਼ਰਨ ਲੈਣਗੇ ਤਾਂ ਕਿ ਉਨ੍ਹਾਂ ਦੀਆਂ ਸਿਫਾਰਸ਼ਾਂ 'ਤੇ ਉਹ ਪ੍ਰਧਾਨ ਅਹੁਦੇ ਦਾ ਤਾਜ ਹਾਸਲ ਕਰ ਸਕਣ।

ਦੱਸਣਯੋਗ ਹੈ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਜਨਵਰੀ 2019 'ਚ ਸੂਬੇ ਦੇ ਜ਼ਿਲਾ ਪ੍ਰਧਾਨਾਂ ਨੂੰ ਬਣਾਇਆ ਸੀ। ਇਸ ਦੌਰਾਨ ਜ਼ਿਆਦਾਤਰ ਜ਼ਿਲਿਆਂ 'ਚ ਨੌਜਵਾਨ ਿਚਹਰਿਆਂ ਨੂੰ ਪ੍ਰਧਾਨ ਬਣਨ ਦਾ ਮੌਕਾ ਦਿੱਤਾ ਗਿਆ, ਹਾਲਾਂਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਨਿਯੁਕਤ ਹੋਏ ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਬਲਦੇਵ ਸਿੰਘ ਦੇਵ ਅਤੇ ਦਿਹਾਤੀ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ ਲਾਲੀ ਦੀ ਅਗਵਾਈ 'ਚ ਕਾਂਗਰਸ ਨੇ ਚੋਣ ਲੜੀ ਅਤੇ ਜਲੰਧਰ ਲੋਕ ਸਭਾ ਸੀਟ 'ਤੇ ਜਿੱਤ ਹਾਸਲ ਕੀਤੀ ਪਰ ਕਾਂਗਰਸ ਗੁੱਟਬਾਜ਼ੀ ਅਤੇ ਅਨੁਸ਼ਾਸਨਹੀਣਤਾ ਕਾਰਣ ਬਲਦੇਵ ਦੇਵ ਅਤੇ ਸੁੱਖਾ ਲਾਲੀ ਦੀ ਕਾਰਜਸ਼ੈਲੀ ਦੀ ਵਿਰੋਧਤਾ ਵੀ ਹੁੰਦੀ ਰਹੀ ਪਰ ਪਿਛਲੇ ਮਹੀਨੇ ਹੀ ਦਿਹਾਤੀ ਅਤੇ ਸ਼ਹਿਰੀ ਕਾਂਗਰਸ ਪ੍ਰਧਾਨਾਂ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਦੀ ਮੀਟਿੰਗ ਕਰਵਾ ਕੇ ਜ਼ਿਲਾ ਕਾਂਗਰਸ 'ਚ ਆਪਣੇ ਦਬਦਬੇ ਨੂੰ ਸਾਬਤ ਕਰ ਦਿੱਤਾ ਪਰ ਹੁਣ ਜ਼ਿਲਾ ਪ੍ਰਧਾਨਾਂ ਨੂੰ ਹਟਾਉਣ ਦਾ ਫਰਮਾਨ ਜਾਰੀ ਹੁੰਦੇ ਹੀ ਬਲਦੇਵ ਦੇਵ ਅਤੇ ਸੁੱਖਾ ਲਾਲੀ ਦੇ ਵਿਰੋਧੀ ਲਾਬੀ ਸਰਗਰਮ ਹੋਵੇਗੀ ਅਤੇ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਦੋਵੇਂ ਮੁੜ ਪ੍ਰਧਾਨ ਦਾ ਅਹੁਦਾ ਹਾਸਲ ਨਾ ਕਰ ਸਕਣ ਕਿਉਂਕਿ ਇਕ ਸਾਲ ਪਹਿਲਾਂ ਜਦ ਨਵੇਂ ਪ੍ਰਧਾਨ ਬਣਾਏ ਜਾਣੇ ਸਨ, ਉਦੋਂ ਦਾਅਵੇਦਾਰਾਂ ਦੀ ਸੂਚੀ ਬਹੁਤ ਲੰਬੀ ਸੀ, ਜਿਸ 'ਚ ਕਾਂਗਰਸ ਦੇ ਮਜ਼ਬੂਤ ਚਿਹਰੇ ਵੀ ਸ਼ਾਮਲ ਸਨ ਕਿਉਂਕਿ ਕਾਂਗਰਸ ਹਾਈਕਮਾਨ ਨੇ ਰਾਜਸਥਾਨ, ਮੱਧ ਪ੍ਰਦੇਸ਼, ਪੁੱਡੂਚੇਰੀ, ਛੱਤੀਸਗੜ੍ਹ 'ਚ ਕੋਆਰਡੀਨੇਸ਼ਨ ਕਮੇਟੀ ਦੇ ਗਠਨ ਕਰਨ ਦੇ ਇਕ ਦਿਨ ਬਾਅਦ ਹੀ ਪੰਜਾਬ ਨਾਲ ਸਬੰਧਤ 11 ਮੈਂਬਰੀ ਕੋਆਰਡੀਨੇਸ਼ਨ ਨੂੰ ਵੀ ਨਾਲ ਹੀ ਬਣਾ ਦਿੱਤਾ ਹੈ, ਜਿਸ ਕਾਰਨ ਹੁਣ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਆਪਣੇ ਕਾਰਜਕਾਰਨੀ ਦੇ ਗਠਨ ਅਤੇ ਜ਼ਿਲਾ ਪ੍ਰਧਾਨਾਂ ਦੀ ਨਿਯੁਕਤੀ ਦੇ ਫੈਸਲੇ ਨੂੰ ਜਲਦਬਾਜ਼ੀ ਨਹੀਂ ਕਰਨਗੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਅਪੀਲ ਤੋਂ ਬਾਅਦ ਹੀ ਹਾਈਕਮਾਨ ਨੇ ਅਜਿਹਾ ਵੱਡਾ ਫੈਸਲਾ ਲਿਆ ਹੈ।

ਇਸ ਤੋਂ ਇਲਾਵਾ ਜ਼ਿਲੇ ਨਾਲ ਸਬੰਧਤ ਦਰਜਨਾਂ ਅਜਿਹੇ ਚਿਹਰੇ ਹਨ, ਜਿਨ੍ਹਾਂ ਨੂੰ ਪ੍ਰਦੇਸ਼ ਕਾਂਗਰਸ ਕਾਰਜਕਾਰਨੀ 'ਚ ਐਡਜਸਟ ਕੀਤਾ ਗਿਆ ਹੈ। ਪ੍ਰਦੇਸ਼ ਅਹੁਦਾ ਪਾਉਣ ਵਾਲੇ ਕਈ ਨੇਤਾ ਤਾਂ ਅਜਿਹੇ ਹਨ ਜਿਨ੍ਹਾਂ ਨੇ ਨਾ ਤਾਂ ਕਦੇ ਪਾਰਟੀ ਦੇ ਕਿਸੇ ਪ੍ਰੋਗਰਾਮ 'ਚ ਹਿੱਸਾ ਲਿਆ ਅਤੇ ਨਾ ਹੀ ਕਾਂਗਰਸ ਦੀ ਵਿਚਾਰਧਾਰਾ ਬਾਰੇ ਕੋਈ ਗਿਆਨ ਹਾਸਲ ਹੈ। ਅਨੇਕਾਂ ਕਾਂਗਰਸੀ ਨੇਤਾ ਪ੍ਰਦੇਸ਼ ਉਪ ਪ੍ਰਧਾਨ, ਜਨਰਲ ਸਕੱਤਰ, ਸਕੱਤਰ ਵਰਗੇ ਮਹੱਤਵਪੂਰਨ ਅਹੁਦਿਆਂ ਨੂੰ ਹਾਸਲ ਕਰ ਚੁੱਕੇ ਹਨ ਪਰ ਉਹ ਸਿਰਫ ਚਿੱਠੀਆਂ ਲੈ ਕੇ ਹੀ ਘਰਾਂ ਤੱਕ ਸੀਮਤ ਹੋ ਗਏ ਸਨ ਕਿਉਂਕਿ 2022 ਦੀਆਂ ਵਿਧਾਨ ਸਭਾ ਚੋਣਾਂ 'ਚ 2 ਸਾਲ ਹੀ ਬਾਕੀ ਰਹਿ ਗਏ ਹਨ, ਜਿਸ ਕਾਰਨ ਹੁਣ ਪਾਰਟੀ ਪੱਧਰ 'ਤੇ ਪ੍ਰਦੇਸ਼ ਕਾਰਜਕਾਰਨੀ ਅਤੇ ਜ਼ਿਲਾ ਪ੍ਰਧਾਨਾਂ ਦੀ ਚੋਣ ਨੂੰ ਲੈ ਕੇ ਹਾਈਕਮਾਨ 'ਚ ਮੰਥਨ ਹੋਣਾ ਤੈਅ ਹੈ। ਹਾਈਕਮਾਨ ਵੱਲੋਂ ਸੰਗਠਨ ਅਤੇ ਸਰਕਾਰ ਦੇ ਵਿਚਕਾਰ ਤਾਲਮੇਲ ਬਣਾਏ ਜਾਣ ਨੂੰ ਲੈ ਕੇ ਐਲਾਨ ਕੀਤੀ ਗਈ ਕੋਆਰਡੀਨੇਸ਼ਨ ਕਮੇਟੀ ਦੀ ਭੂਮਿਕਾ ਵੀ ਅਹਿਮ ਹੋਵੇਗੀ। ਕਮੇਟੀ ਦੀ ਚੇਅਰਪਰਸਨ ਆਸ਼ਾ ਕੁਮਾਰੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਅੰਬਿਕਾ ਸੋਨੀ ਅਤੇ ਕੈਬਨਿਟ ਮੰਤਰੀਆਂ ਦੀ ਰਾਏ ਦੇ ਨਾਲ ਹੀ ਨਵੇਂ ਜ਼ਿਲਾ ਪ੍ਰਧਾਨਾਂ ਅਤੇ ਸੂਬਾ ਕਾਂਗਰਸ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ, ਜਿਸ ਕਾਰਨ ਹੁਣ ਕਾਂਗਰਸੀ ਨੇਤਾਵਾਂ ਦੇ ਦਰਮਿਆਨ ਪ੍ਰਧਾਨਗੀ ਦੀ ਲੜਾਈ ਦਿੱਲੀ ਅਤੇ ਚੰਡੀਗੜ੍ਹ ਦਰਬਾਰ 'ਚ ਹੋਣੀ ਤੈਅ ਮੰਨੀ ਜਾ ਰਹੀ ਹੈ।

ਸੰਸਦ ਮੈਂਬਰ ਅਤੇ ਵਿਧਾਇਕਾਂ 'ਚ ਵੀ ਲੱਗੇਗੀ ਸਿਰ-ਧੜ ਦੀ ਬਾਜ਼ੀ, ਆਪਣੇ-ਆਪਣੇ ਸਮਰਥਕ ਨੂੰ ਪ੍ਰਧਾਨ ਬਣਾਉਣ ਲਈ ਹੋਵੇਗੀ ਲਾਬਿੰਗ
ਜ਼ਿਲਾ ਕਾਂਗਰਸ ਸ਼ਹਿਰੀ ਅਤੇ ਦਿਹਾਤੀ ਪ੍ਰਧਾਨਾਂ ਨੂੰ ਹਟਾਉਣ ਤੋਂ ਬਾਅਦ ਹੁਣ ਸੰਸਦ ਮੈਂਬਰ ਸੰਤੋਖ ਚੌਧਰੀ ਅਤੇ ਕਾਂਗਰਸੀ ਵਿਧਾਇਕਾਂ 'ਚ ਆਪਣੇ ਸਮਰਥਕ ਨੇਤਾ ਨੂੰ ਪ੍ਰਧਾਨ ਬਣਾਉਣ ਨੂੰ ਲੈ ਕੇ ਇਕ ਵਾਰ ਫਿਰ ਸਿਰ-ਧੜ ਦੀ ਬਾਜ਼ੀ ਲੱਗੇਗੀ ਕਿਉਂਕਿ ਕਾਂਗਰਸੀ ਵਿਧਾਇਕਾਂ 'ਚ ਵੀ ਪ੍ਰਧਾਨਗੀ ਮਾਮਲੇ 'ਚ 2 ਗੁੱਟ ਬਣੇ ਹੋਏ ਹਨ, ਜਿਸ ਕਾਰਣ ਹਰੇਕ ਗੁੱਟ ਚਾਹੇਗਾ ਕਿ ਕਾਂਰਗਸ ਭਵਨ 'ਤੇ ਉਨ੍ਹਾਂ ਦੇ ਗੁੱਟ ਦਾ ਕਬਜ਼ਾ ਹੋ ਜਾਵੇ। ਜ਼ਿਕਰਯੋਗ ਹੈ ਕਿ ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਬਲਦੇਵ ਸਿੰਘ ਦੇਵ ਅਤੇ ਵਿਧਾਇਕ ਸੁਸ਼ੀਲ ਰਿੰਕੂ ਦੇ ਵਿਚਕਾਰ ਛੱਤੀ ਦਾ ਅੰਕੜਾ ਕਿਸੇ ਤੋਂ ਲੁਕਿਆ ਨਹੀਂ ਹੈ। ਵਿਧਾਇਕ ਰਿੰਕੂ ਆਪਣੇ ਕਿਸੇ ਸਮਰਥਕ ਨੇਤਾ ਨੂੰ ਪ੍ਰਧਾਨਗੀ ਦਿਵਾਉਣਾ ਚਾਹੁੰਦੇ ਸਨ ਪਰ ਸੰਸਦ ਮੈਂਬਰ ਅਤੇ ਵਿਧਾਇਕਾਂ ਦੇ ਦੂਜੇ ਗੁੱਟ ਨੇ ਬਲਦੇਵ ਦੇਵ ਦੇ ਨਾਂ ਨੂੰ ਹਰੀ ਝੰਡੀ ਦਿਵਾ ਦਿੱਤੀ।

ਜਦੋਂ ਤੋਂ ਬਲਦੇਵ ਦੇਵ ਪ੍ਰਧਾਨ ਬਣੇ ਹਨ ਉਦੋਂ ਤੋਂ ਰਿੰਕੂ ਨੇ ਕਦੇ ਕਾਂਗਰਸ ਭਵਨ ਦਾ ਰੁਖ ਨਹੀਂ ਕੀਤਾ ਅਤੇ ਨਾ ਹੀ ਉਨ੍ਹਾਂ ਦੇ ਸਮਰਥਕ ਕਾਂਗਰਸ ਦੇ ਕਿਸੇ ਪ੍ਰੋਗਰਾਮ 'ਚ ਦਿਸੇ, ਜਦਕਿ ਵਿਧਾਇਕ ਰਾਜਿੰਦਰ ਬੇਰੀ, ਵਿਧਾਇਕ ਜੂਨੀਅਰ ਅਵਤਾਰ ਹੈਨਰੀ ਅਤੇ ਵਿਧਾਇਕ ਪਰਗਟ ਸਿੰਘ ਦਾ ਬਲਦੇਵ ਦੇਵ ਨੂੰ ਸਮਰਥਨ ਮਿਲਦਾ ਰਿਹਾ ਹੈ। ਵਿਧਾਇਕ ਬੇਰੀ ਦਾ ਕਾਂਗਰਸ ਭਵਨ 'ਚ ਲਗਾਤਾਰ ਆਪਣੀ ਮੌਜੂਦਗੀ ਦਰਜ ਵੀ ਕਰਵਾਉਂਦੇ ਆਏ ਹਨ, ਉਥੇ ਵਿਧਾਇਕ ਰਿੰਕੂ ਅਤੇ ਉਨ੍ਹਾਂ ਦਾ ਗਰੁੱਪ ਸ਼ਹਿਰੀ ਪ੍ਰਧਾਨ ਦਾ ਲਗਾਤਾਰ ਵਿਰੋਧ ਕਰਦਾ ਆਇਆ ਹੈ। ਲੋਕ ਸਭਾ ਚੋਣਾਂ ਦੌਰਾਨ ਜਦੋਂ ਟਿਕਟ ਦੇ ਦਾਅਵੇਦਾਰ ਵਿਧਾਇਕ ਰਿੰਕੂ ਨੇ ਕਾਂਗਰਸੀ ਉਮੀਦਵਾਰ ਸੰਤੋਖ ਚੌਧਰੀ ਦੇ ਚੋਣ ਪ੍ਰਚਾਰ ਤੋਂ ਦੂਰੀ ਬਣਾ ਰੱਖੀ ਸੀ, ਅਜਿਹੇ ਸਮੇਂ 'ਚ ਸੰਸਦ ਮੈਂਬਰ ਚੌਧਰੀ ਵਿਧਾਇਕ ਰਿੰਕੂ ਨੂੰ ਮਨਾਉਣ ਉਨ੍ਹਾਂ ਦੇ ਘਰ ਆਏ ਸਨ। ਉਦੋਂ ਵੀ ਰਿੰਕੂ ਨੇ ਚੌਧਰੀ ਦੇ ਸਾਹਮਣੇ ਬਲਦੇਵ ਨੂੰ ਹਟਾਉਣ ਦੀ ਮੰਗ ਰੱਖੀ ਸੀ। ਸੰਤੋਖ ਚੌਧਰੀ ਨੇ ਆਪਣੇ ਚੋਣ ਪ੍ਰਚਾਰ 'ਚ ਖਲਲ ਪੈਂਦਿਆਂ ਦੇਖ ਵਿਧਾਇਕ ਿਰੰਕੂ ਦੀ ਮੰਗ ਨੂੰ ਮੰਨਦੇ ਹੋਏ ਲੋਕ ਸਭਾ ਚੋਣਾਂ ਤੋਂ ਬਾਅਦ ਨਵੇਂ ਪ੍ਰਧਾਨ ਦੀ ਨਿਯੁਕਤੀ ਕਰਨ ਦਾ ਭਰੋਸਾ ਦਿੱਤਾ ਸੀ ਪਰ ਚੋਣ ਨਤੀਜਿਆਂ ਤੋਂ ਬਾਅਦ ਸੰਸਦ ਮੈਂਬਰ ਚੌਧਰੀ ਵੱਲੋਂ ਵਿਧਾਇਕ ਰਿੰਕੂ ਨਾਲ ਕੀਤਾ ਵਾਅਦਾ ਹਵਾ-ਹਵਾਈ ਹੋ ਗਿਆ। ਇਸ ਪ੍ਰਕਾਰ ਜ਼ਿਲਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਦੇ ਅਹੁਦੇ ਨੂੰ ਪਾਉਣ ਲਈ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ, ਵਿਕਰਮਜੀਤ ਚੌਧਰੀ ਸਮੇਤ ਕਈ ਨੇਤਾ ਵੀ ਜ਼ੋਰ ਲਾ ਰਹੇ ਸਨ। ਸੰਸਦ ਮੈਂਬਰ ਚੌਧਰੀ ਆਪਣੇ ਬੇਟੇ ਨੂੰ ਪ੍ਰਧਾਨ ਬਣਾਉਣ ਦੀ ਲਾਬਿੰਗ ਕਰ ਰਹੇ ਹਨ ਪਰ ਕੈਪਟਨ ਅਮਰਿੰਦਰ ਸਿੰਘ ਦੀਆਂ ਨਜ਼ਦੀਕੀਆਂ ਕਾਰਣ ਸੁੱਖਾ ਲਾਲੀ ਪ੍ਰਧਾਨ ਬਣਨ 'ਚ ਕਾਮਯਾਬ ਹੋ ਗਏ। ਸੁੱਖਾ ਲਾਲੀ ਨੂੰ ਦਿਹਾਤੀ ਨਾਲ ਸਬੰਧਤ ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਵਿਧਾਇਕ ਲਾਡੀ ਸ਼ੇਰੋਵਾਲੀ ਸਮੇਤ ਕਈ ਸੀਨੀਅਰ ਨੇਤਾਵਾਂ ਦਾ ਸਮਰਥਨ ਹਾਸਲ ਰਿਹਾ ਹੈ। ਹੁਣ ਕਿਸੇ ਆਪਣੇ ਸਮਰਥਕ ਅਤੇ ਚਹੇਤੇ ਨੂੰ ਸ਼ਹਿਰੀ ਅਤੇ ਦਿਹਾਤੀ ਪ੍ਰਧਾਨ ਬਣਾਉਣ ਨੂੰ ਲੈ ਕੇ ਦੋਵੇਂ ਗੁੱਟਾਂ 'ਚ ਫਿਰ ਸਿਆਸੀ ਜੰਗ ਸ਼ੁਰੂ ਹੋਣੀ ਤੈਅ ਹੈ ਪਰ ਸਮਾਂ ਦੱਸੇਗਾ ਕਿ ਬਾਜ਼ੀ ਕੌਣ ਮਾਰਦਾ ਹੈ?

ਬਲਦੇਵ ਦੇਵ ਚਿੱਠੀਆਂ ਹੀ ਵੰਡਦੇ ਰਹਿ ਗਏ, ਹੱਥੋਂ ਨਿਕਲੀ ਖੁਦ ਦੀ ਪ੍ਰਧਾਨਗੀ
ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਬਲਦੇਵ ਦੇਵ ਨੇ ਪ੍ਰਧਾਨ ਬਣਦਿਆਂ ਹੀ ਜ਼ਿਲਾ ਕਾਰਜਕਾਰਨੀ ਨੂੰ ਭੰਗ ਕਰ ਦਿੱਤਾ ਸੀ। ਉਨ੍ਹਾਂ ਨੇ ਹਾਈਕਮਾਨ ਦੀ ਪ੍ਰਵਾਨਗੀ ਲਏ ਬਿਨਾਂ ਜ਼ਿਲਾ ਪੱਧਰ ਦੇ ਅਹੁਦੇਦਾਰਾਂ ਦੀ ਨਿਯੁਕਤੀ ਦਾ ਦੌਰ ਸ਼ੁਰੂ ਕਰ ਦਿੱਤਾ ਪਰ ਸੂਬਾ ਪ੍ਰਧਾਨ ਜਾਖੜ ਨੂੰ ਸ਼ਿਕਾਇਤ ਹੋਣ 'ਤੇ ਅਜਿਹੀਆਂ ਸਾਰੀਆਂ ਨਿਯੁਕਤੀਆਂ 'ਤੇ ਰੋਕ ਲਾ ਦਿੱਤੀ ਗਈ। ਇਕ ਸਾਲ ਬਾਅਦ ਹਾਈਕਮਾਨ ਨੇ ਜ਼ਿਲਾ ਪ੍ਰਧਾਨ ਵਲੋਂ ਭੇਜੀ 263 ਅਹੁਦੇਦਾਰਾਂ ਦੀ ਸੂਚੀ ਨੂੰ ਕੁਝ ਦਿਨ ਪਹਿਲਾਂ ਹੀ ਪ੍ਰਵਾਨਗੀ ਦਿੱਤੀ ਸੀ। ਹੁਣ ਜ਼ਿਲਾ ਪ੍ਰਧਾਨ ਪਾਰਟੀ 'ਚ ਗੁੱਟਬਾਜ਼ੀ ਤੋਂ ਬਚਦੇ 10-10 ਜ਼ਿਲਾ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੰਡ ਰਹੇ ਸਨ ਤਾਂ ਚਿੱਠੀਆਂ ਵੰਡਦੇ ਬਲਦੇਵ ਦੇਵ ਦੇ ਹੱਥੋਂ ਖੁਦ ਦੀ ਪ੍ਰਧਾਨਗੀ ਖਿਸਕ ਗਈ।

ਸੂਬੇ ਦੇ ਸਾਰੇ ਜ਼ਿਲਾ ਪ੍ਰਧਾਨਾਂ ਨੂੰ ਹਟਾਇਆ, ਹਾਈਕਮਾਨ ਦਾ ਹਰੇਕ ਫੈਸਲਾ ਮਨਜ਼ੂਰ : ਸੁੱਖਾ ਲਾਲੀ, ਬਲਦੇਵ ਦੇਵ
ਇਸ ਸਬੰਧ ਵਿਚ ਸੁੱਖਾ ਲਾਲੀ ਅਤੇ ਬਲਦੇਵ ਦੇਵ ਨੇ ਕਿਹਾ ਕਿ ਹਾਈਕਮਾਨ ਨੇ ਸਿਰਫ ਜਲੰਧਰ ਜ਼ਿਲੇ ਨਾਲ ਸਬੰਧਤ ਪ੍ਰਧਾਨਾਂ ਨੂੰ ਨਹੀਂ, ਸਾਰੇ ਸੂਬੇ ਭਰ ਦੇ ਜ਼ਿਲਾ ਪ੍ਰਧਾਨਾਂ ਨੂੰ ਹਟਾਇਆ ਹੈ। ਦੋਵਾਂ ਸਾਬਕਾ ਪ੍ਰਧਾਨਾਂ ਨੇ ਕਿਹਾ ਕਿ ਆਲ ਇੰਡੀਆ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਸੰਗਠਨ ਨੂੰ ਮਜ਼ਬੂਤ ਕਰਨ ਨੂੰ ਲੈ ਕੇ ਅਜਿਹਾ ਕਦਮ ਉਠਾਇਆ ਹੈ ਅਤੇ ਉਨ੍ਹਾਂ ਨੂੰ ਹਾਈਕਮਾਨ ਦਾ ਹਰੇਕ ਫੈਸਲਾ ਮਨਜ਼ੂਰ ਹੈ। ਬਲਦੇਵ ਦੇਵ ਅਤੇ ਸੁੱਖਾ ਲਾਲੀ ਨੇ ਦਾਅਵਾ ਕੀਤਾ ਕਿ ਬਦਲਾਅ ਦਾ ਅੰਤਿਮ ਫੈਸਲਾ ਸੀਨੀਅਰ ਲੀਡਰਸ਼ਿਪ ਨੇ ਲੈਣਾ ਹੈ ਪਰ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਕਾਂਗਰਸ ਪਾਰਟੀ ਲਈ ਕੀਤੇ ਗਏ ਕੰਮਾਂ ਦੇ ਸਦਕਾ ਉਨ੍ਹਾਂ ਨੂੰ ਮੁੜ ਪ੍ਰਧਾਨ ਬਣਾ ਕੇ ਜਨਤਾ ਦੀ ਸੇਵਾ ਕਰਨ ਦਾ ਮੌਕਾ ਮਿਲੇਗਾ।

ਚੇਅਰਮੈਨ ਅਤੇ ਡਾਇਰੈਕਟਰ ਬਣਨ ਵਾਲੇ ਚਿਹਰੇ ਹੋਣਗੇ ਪ੍ਰਧਾਨਗੀ ਪਾਉਣ ਦੀ ਦੌੜ ਤੋਂ ਬਾਹਰ
2018-19 ਦੇ ਮੱਧ ਜ਼ਿਲਾ ਕਾਂਗਰਸ ਪ੍ਰਧਾਨ ਅਹੁਦਾ ਹਾਸਲ ਕਰਨ ਨੂੰ ਅਨੇਕਾਂ ਅਜਿਹੇ ਦਾਅਵੇਦਾਰ ਦੌੜ ਵਿਚ ਸ਼ਾਮਲ ਸਨ, ਜਿਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਵਿਭਾਗਾਂ 'ਚ ਚੇਅਰਮੈਨ ਅਤੇ ਡਾਇਰੈਕਟਰ ਅਹੁਦਾ ਸੌਂਪ ਦਿੱਤਾ ਹੈ। ਇਨ੍ਹਾਂ 'ਚੋਂ ਕਈ ਅਜਿਹੇ ਡਾਇਰੈਕਟਰ ਹਨ, ਜਿਨ੍ਹਾਂ ਦੇ ਕੋਲ ਨਾਂ ਦਾ ਹੀ ਅਹੁਦਾ ਹੈ ਪਰ ਵਿਭਾਗ ਪਹਿਲਾਂ ਹੀ ਆਰਥਿਕ ਹਾਲਾਤ ਕਾਰਣ ਦਮ ਤੋੜ ਚੁੱਕਾ ਹੈ ਪਰ ਹੁਣ ਉਕਤ ਨੇਤਾ ਚਾਹੁੰਦੇ ਹੋਏ ਵੀ ਪ੍ਰਧਾਨ ਅਹੁਦੇ 'ਤੇ ਦਾਅਵਾ ਨਹੀਂ ਜਤਾ ਸਕਣਗੇ ਕਿਉਂਕਿ ਹਾਈਕਮਾਨ ਨੇ ਉਨ੍ਹਾਂ ਨੂੰ ਸਰਕਾਰ 'ਚ ਐਡਜਸਟ ਕੀਤਾ ਹੋਇਆ ਹੈ। ਉਮੀਦ ਹੈ ਕਿ ਹੁਣ ਜ਼ਿਲਾ ਪ੍ਰਧਾਨਾਂ ਦੀ ਦੌੜ ਵਿਚ ਪੁਰਾਣੇ ਦੀ ਬਜਾਏ ਨਵੇਂ ਚਿਹਰੇ ਵੀ ਸ਼ਾਮਲ ਹੋਣਗੇ।

ਬਲਦੇਵ ਦੇਵ ਦੇ ਹਟਦੇ ਹੀ ਅੰਗਦ ਦੱਤਾ ਨੇ ਪ੍ਰਧਾਨ ਦੀ ਕੁਰਸੀ 'ਤੇ ਜਮਾਇਆ ਕਬਜ਼ਾ
ਜਿਵੇਂ ਹੀ ਕਾਂਗਰਸ ਵੱਲੋਂ ਸੂਬਾ ਕਾਰਜਕਾਰਨੀ ਨੂੰ ਭੰਗ ਕਰਦੇ ਹੋਏ ਜ਼ਿਲਾ ਪ੍ਰਧਾਨਾਂ ਨੂੰ ਹਟਾਉਣ ਦਾ ਫੈਸਲਾ ਕੀਤਾ, ਉਸੇ ਦੌਰਾਨ ਕਾਂਗਰਸ ਭਵਨ 'ਚ ਅਹੁਦੇਦਾਰਾਂ ਦੀ ਮੀਟਿੰਗ ਹੋਣ ਜਾ ਰਹੀ ਸੀ। ਬਲਦੇਵ ਦੇਵ ਦੇ ਹਟਣ ਦੀ ਖਬਰ ਫੈਲਦਿਆਂ ਹੀ ਯੂਥ ਕਾਂਗਰਸ ਜਲੰਧਰ ਸ਼ਹਿਰੀ ਦੇ ਪ੍ਰਧਾਨ ਅੰਗਦ ਦੱਤਾ ਨੇ ਜ਼ਿਲਾ ਪ੍ਰਧਾਨ ਦੀ ਕੁਰਸੀ 'ਤੇ ਆਪਣਾ ਕਬਜ਼ਾ ਜਮਾ ਲਿਆ ਹੈ। ਉਨ੍ਹਾਂ ਦੀ ਪ੍ਰਧਾਨ ਦੀ ਕੁਰਸੀ 'ਤੇ ਬੈਠਣਾ ਨੌਜਵਾਨਾਂ 'ਚ ਚਰਚਾ ਦਾ ਵਿਸ਼ਾ ਬਣਿਆ ਰਿਹਾ।

shivani attri

This news is Content Editor shivani attri