ਬੀਜ ਘਪਲੇ ਦੇ ਸਾਰੇ ਦੋਸ਼ੀਆਂ ਦੀ ਹੋਵੇ ਹਿਰਾਸਤੀ ਪੁੱਛਗਿੱਛ : ਅਕਾਲੀ ਦਲ

05/28/2020 1:02:43 AM

ਚੰਡੀਗੜ੍ਹ, (ਅਸ਼ਵਨੀ)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਰੋੜਾਂ ਰੁਪਏ ਦਾ ਬੀਜ ਘਪਲਾ ਕਰਨ ਵਾਲੇ ਸਾਰੇ ਦੋਸ਼ੀਆਂ ਦੀ ਹਿਰਾਸਤੀ ਪੁੱਛਗਿੱਛ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਇਸ ਘਪਲੇ ਦੀ ਮੁੱਖ ਦੋਸ਼ੀ ਕੰਪਨੀ-ਕਰਨਾਲ ਐਗਰੀ ਸੀਡਜ਼ ਦੇ ਬੁਲਾਰੇ ਵਾਂਗ ਵਿਵਹਾਰ ਕਰਨ ਲਈ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਝਾੜ ਪਾਈ ਹੈ ਅਤੇ ਕਿਹਾ ਹੈ ਕਿ ਸਮੁੱਚੇ ਮਾਮਲੇ ਦੀ ਸੁਤੰਤਰ ਜਾਂਚ ਰਾਹੀਂ ਸਾਰੇ ਦੋਸ਼ੀਆਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂਆਂ ਬਿਕਰਮ ਮਜੀਠੀਆ ਅਤੇ ਡਾ. ਦਲਜੀਤ ਚੀਮਾ ਨੇ ਕਿਹਾ ਕਿ ਬੜੇ ਅਫ਼ਸੋਸ ਦੀ ਗੱਲ ਹੈ ਕਿ ਖੇਤੀਬਾੜੀ ਵਿਭਾਗ ਵਲੋਂ ਪੀਆਰ-128 ਅਤੇ ਪੀਆਰ-129 ਦੇ ਨਕਲੀ ਬੀਜਾਂ ਦੀ ਵਿਕਰੀ ਅਤੇ ਕਿਸਾਨਾਂ ਦੀ ਕੀਤੀ ਜਾ ਰਹੀ ਲੁੱਟ ਖ਼ਿਲਾਫ਼ ਦਰਜ ਕਰਵਾਈ ਐੱਫ. ਆਈ. ਆਰ. ਨੂੰ 15 ਦਿਨ ਬੀਤ ਗਏ ਹਨ ਅਤੇ ਅਜੇ ਤੱਕ ਨਕਲੀ ਬੀਜ ਬਣਾਉਣ ਅਤੇ ਸਟੋਰ ਕਰਕੇ ਰੱਖਣ ਵਾਲੀਆਂ ਥਾਂਵਾਂ ’ਤੇ ਛਾਪੇ ਮਾਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ’ਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ। ਇੰਝ ਜਾਪਦਾ ਹੈ ਕਿ ਸਰਕਾਰ ਇਨ੍ਹਾਂ ਘਪਲੇਬਾਜ਼ਾਂ ਨੂੰ ਸਾਰੇ ਸਬੂਤ ਮਿਟਾਉਣ ਅਤੇ ਝੂਠੇ ਰਿਕਾਰਡ ਤਿਆਰ ਕਰਨ ਵਾਸਤੇ ਸਮਾਂ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਇਹ ਸਭ ਉਨ੍ਹਾਂ ਕਿਸਾਨਾਂ ਦੀ ਕੀਮਤ ’ਤੇ ਕੀਤਾ ਜਾ ਰਿਹਾ ਹੈ, ਜਿਹੜੇ ਸਰਕਾਰ ਦੀ ਅਜਿਹੀ ਲਾਪਰਵਾਹੀ ਸਦਕਾ ਖੁਦਕੁਸ਼ੀ ਵੱਲ ਧੱਕੇ ਜਾਣਗੇ। ਅਕਾਲੀ ਆਗੂਆਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਸਿਰਫ਼ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਇਹ ਮੁੱਦਾ ਉਠਾਇਆ ਹੈ ਅਤੇ ਜਦੋਂ ਤਕ ਇਸ ਕੇਸ ’ਚ ਇਨਸਾਫ਼ ਨਹੀਂ ਮਿਲਦਾ, ਉਹ ਬੀਜ ਘਪਲੇ ਖ਼ਿਲਾਫ ਆਪਣੀ ਆਵਾਜ਼ ਉਠਾਉਂਦੇ ਰਹਿਣਗੇ।

ਅਕਾਲੀ ਆਗੂਆਂ ਨੇ ਕਿਹਾ ਕਿ ਜਿਵੇਂ ਕਿ ਸਰਕਾਰ ਇਸ ਮਾਮਲੇ ’ਚ ਕਾਰਵਾਈ ਕਰਨ ’ਚ ਨਾਕਾਮ ਹੋ ਚੁੱਕੀ ਹੈ ਅਤੇ ਇਹ ਵੀ ਜਾਪਦਾ ਹੈ ਕਿ ਕਰਨਾਲ ਸੀਡਜ਼ ਦੇ ਮਾਲਕ ਦੇ ’ਤੇ ਸਿਆਸੀ ਹੱਥ ਹੈ, ਸਿਰਫ ਸੀ. ਬੀ. ਆਈ. ਵਲੋਂ ਕੀਤੀ ਜਾਂਚ ਹੀ ਇਸ ਮਾਮਲੇ ਦੇ ਸੱਚ ਨੂੰ ਬਾਹਰ ਲਿਆ ਸਕਦੀ ਹੈ। ਉਨ੍ਹਾਂ ਕਿਹਾ ਕਿ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਇਸ ’ਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿਉਂਕਿ ਉਹ ਖ਼ੁਦ ਇਸ ਮਾਮਲੇ ਦੀ ਜਾਂਚ ਕਰਵਾਉਣ ਦਾ ਸਵਾਗਤ ਕਰ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਰੰਧਾਵਾ ਇਸ ਜਾਂਚ ਦੀ ਕਿਸਮ ਬਾਰੇ ਅਸਪੱਸ਼ਟਤਾ ਬਰਕਰਾਰ ਰੱਖ ਕੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਤੁਰੰਤ ਰੰਧਾਵਾ ਦੀ ਪੇਸ਼ਕਸ਼ ਸਵੀਕਾਰ ਕਰ ਲੈਣੀ ਚਾਹੀਦੀ ਹੈ ਅਤੇ ਜਾਂਚ ਲਈ ਇਹ ਕੇਸ ਸੀ. ਬੀ. ਆਈ. ਨੂੰ ਸੌਂਪ ਦੇਣਾ ਚਾਹੀਦਾ ਹੈ। ਇਸ ਮਾਮਲੇ ਦੀ ਜਾਂਚ ’ਚ ਦੇਰੀ ਲਈ ਸਰਕਾਰ ਦੀ ਝਾੜਝੰਬ ਕਰਦਿਆਂ ਮਜੀਠੀਆ ਅਤੇ ਡਾ. ਚੀਮਾ ਨੇ ਕਿਹਾ ਕਿ ਇਸ ਦੇਰੀ ਨਾਲ ਇਹੀ ਸੁਨੇਹਾ ਗਿਆ ਹੈ ਕਿ ਸਰਕਾਰ ਨਹੀਂ ਚਾਹੁੰਦੀ ਕਿ ਸੱਚ ਸਾਹਮਣੇ ਆਵੇ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਇਸ ਕੇਸ ਦੇ ਮੁੱਖ ਦੋਸ਼ੀ ਲੱਕੀ ਢਿੱਲੋਂ ਨੂੰ ਖੁਦ ਨੂੰ ਬੇਕਸੂਰ ਦੱਸਣ ਲਈ ਪ੍ਰੈਸ ਕਾਨਫਰੰਸ ਕਰਨ ਦੀ ਆਗਿਆ ਦਿੱਤੀ ਗਈ ਹੈ, ਉਸ ਨੇ ਇਸ ਵਿਸ਼ਵਾਸ਼ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਹੋਰ ਵੀ ਅਫਸੋਸਨਾਕ ਹੈ ਕਿ ਸੁਖਜਿੰਦਰ ਰੰਧਾਵਾ ਮੀਡੀਆ ਨੂੰ ਕਰਨਾਲ ਐਗਰੀ ਸੀਡਜ਼ ਦੇ ਬਿਲ ਵਿਖਾ ਕੇ ਇਸ ਫਰਮ ਦੇ ਮੁਨੀਮ ਵਾਂਗ ਵਿਵਹਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਕੈਬਨਿਟ ਮੰਤਰੀ ਨੂੰ ਅਜਿਹਾ ਵਿਵਹਾਰ ਕਰਨਾ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਰੰਧਾਵਾ ਨੂੰ ਜੁਆਬ ਦੇਣਾ ਚਾਹੀਦਾ ਹੈ ਕਿ ਉਹ ਬੀਜ ਘੁਟਾਲੇ ਦੇ ਦੋਸ਼ੀਆਂ ਕਰਨਾਲ ਐਗਰੀ ਸੀਡਜ਼ ਅਤੇ ਬਾਕੀਆਂ ਵਲੋਂ ਕਿਸਾਨਾਂ ਨਾਲ ਕੀਤੀ ਧੋਖਾਧੜੀ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਿਉਂ ਕਰ ਰਿਹਾ ਹੈ?

ਹੋਰ ਜਾਣਕਾਰੀ ਦਿੰਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਮਈ 2020 'ਚ ਪੀਆਰ-128 ਅਤੇ ਪੀਆਰ-129 ਦਾ ਬਰੀਡਰ ਬੀਜ ਕਿਸਾਨਾਂ ਨੂੰ ਬਹੁਤ ਥੋੜ੍ਹੀ ਮਾਤਰਾ 'ਚ ਦਿੱਤਾ ਗਿਆ ਸੀ ਅਤੇ ਇਸ ਦੀ ਪ੍ਰਾਈਵੇਟ ਵਿਕਰੀ ਦੀ ਅਜੇ ਵੀ ਆਗਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਬੀਜ ਕੰਪਨੀ ਕੋਲ ਇਸ ਨੂੰ ਵੇਚਣ ਦਾ ਅਧਿਕਾਰ ਨਹੀਂ ਹੈ।

Bharat Thapa

This news is Content Editor Bharat Thapa