ਪੁਲਸ ਨੂੰ ਅੰਗੂਠਾ ਦਿਖਾ ਕੇ ਸ਼ਰਾਬ ਸਮੱਗਲਿੰਗ ਦਾ ਕਾਰੋਬਾਰ ਕਰ ਰਹੀ 2 ਸਮੱਗਲਰਾਂ ਦੀ ਜੋੜੀ

08/11/2019 11:53:23 AM

ਜਲੰਧਰ (ਵਰੁਣ)— ਨਾਜਾਇਜ਼ ਤੌਰ 'ਤੇ ਸ਼ਰਾਬ ਦਾ ਕਾਰੋਬਾਰ ਕਰਨ ਵਾਲੀ ਸਮੱਗਲਰਾਂ ਦੀ ਜੋੜੀ ਨੂੰ ਪੁਲਸ ਫੜਨ 'ਚ ਅਸਫਲ ਹੈ। ਨਾਜਾਇਜ਼ ਤੌਰ 'ਤੇ ਸ਼ਰਾਬ ਦੀ ਕਾਫੀ ਵੱਡੀ ਗਿਣਤੀ 'ਚ ਰਿਕਵਰੀ ਹੋਣ ਦੇ ਬਾਵਜੂਦ ਇਹ ਸਮੱਗਲਰਾਂ ਦੀ ਜੋੜੀ ਸ਼ਰੇਆਮ ਘੁੰਮ ਰਹੀ ਹੈ ਪਰ ਉਨ੍ਹਾਂ ਦੇ ਕਰਿੰਦਿਆਂ ਨੂੰ ਗ੍ਰਿਫਤਾਰ ਕਰਕੇ ਪੁਲਸ ਆਪਣੇ ਆਪ ਦੀ ਪਿੱਠ ਥਾਪੜ ਕੇ ਇਨ੍ਹਾਂ ਸਮੱਗਲਰਾਂ ਨੂੰ ਗ੍ਰਿਫਤਾਰ ਕਰਨਾ ਭੁੱਲ ਚੁੱਕੀ ਹੈ। ਸ਼ਰਾਬ ਸਮੱਗਲਰ ਦਲਜੀਤ ਉਰਫ ਕਾਲਾ ਰਾਏਪੁਰੀਆ ਅਤੇ ਸੋਨੂੰ ਟੁੰਡਾ ਦੀ ਜੋੜੀ ਸ਼ਹਿਰ 'ਚ ਕਾਫੀ ਚਰਚਾ ਬਟੌਰ ਰਹੀ ਹੈ। ਇੰਨਾ ਹੀ ਨਹੀਂ, ਪੁਲਸ ਅਧਿਕਾਰੀਆਂ ਤੋਂ ਲੈ ਕੇ ਕਾਂਗਰਸੀ ਆਗੂਆਂ ਨਾਲ ਇਨ੍ਹਾਂ ਦੋਵਾਂ ਦੀ ਇੰਨੀ ਸੈਟਿੰਗ ਹੈ ਕਿ ਕਿਸੇ ਵੀ ਥਾਣੇ ਦੀ ਪੁਲਸ ਇਨ੍ਹਾਂ ਸਮੱਗਲਰਾਂ ਨੂੰ ਗ੍ਰਿਫਤਾਰ ਨਹੀਂ ਕਰ ਸਕੀ। 23 ਦਿਨ ਪਹਿਲਾਂ ਕਾਲਾ ਸਮੱਗਲਰ ਅਤੇ ਉਸ ਦੇ ਸਾਥੀਆਂ ਵੱਲੋਂ ਕਿਰਾਏ 'ਤੇ ਲਏ ਗਏ ਗੋਦਾਮ ਵਿਚੋਂ ਸੀ. ਆਈ. ਏ. ਸਟਾਫ ਦੀ ਟੀਮ ਨੇ ਛਾਪੇਮਾਰੀ ਕਰਕੇ 675 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਸਨ ਅਤੇ ਕਾਲਾ ਦੇ 2 ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਕਾਲਾ ਹੱਥ ਨਹੀਂ ਲੱਗਾ ਸੀ, ਜਿਸ ਤੋਂ ਬਾਅਦ ਕਾਲਾ ਦੀ ਜ਼ਮਾਨਤ ਵੀ ਰੱਦ ਹੋ ਗਈ ਪਰ ਸ਼ਰੇਆਮ ਘੁੰਮਣ ਵਾਲੇ ਕਾਲਾ ਨੂੰ ਪੁਲਸ ਹੱਥ ਤੱਕ ਨਹੀਂ ਲਗਾ ਸਕੀ।

ਇਸੇ ਤਰ੍ਹਾਂ ਅਮਨ ਨਗਰ ਦਾ ਸੋਨੂੰ ਟੁੰਡਾ ਵੀ ਕਾਫੀ ਸਮੇਂ ਤੋਂ ਸ਼ਰਾਬ ਸਮੱਗਲਿੰਗ ਦਾ ਕੰਮ ਕਰ ਰਿਹਾ ਹੈ ਪਰ ਪੁਲਸ ਵੀ ਉਸ ਦੇ ਕਰਿੰਦੇ ਨੂੰ ਫੜ ਕੇ ਸੋਨੂੰ ਟੁੰਡਾ ਨੂੰ ਗ੍ਰਿਫਤਾਰ ਨਹੀਂ ਕਰ ਸਕੀ। ਕਾਲਾ ਖੁਦ ਨੂੰ ਕਾਂਗਰਸੀ ਕਹਾਉਂਦਾ ਹੈ, ਉਹੀ ਸੋਨੂੰ ਟੁੰਡਾ ਦਾ ਕਥਿਤ ਰਿਸ਼ਤੇਦਾਰ ਕਾਂਗਰਸੀ ਆਗੂ ਹੈ। ਇਸ ਸਬੰਧੀ ਸੀ. ਆਈ. ਏ. ਸਟਾਫ ਦੇ ਮੁਖੀ ਹਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਕਾਲਾ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦੀ ਹੀ ਉਨ੍ਹਾਂ ਦੋਵਾਂ ਨੂੰ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਾਲਾ ਦੇ ਕੋਲ ਲਾਇਸੈਂਸ ਵੈਪਨ ਹੈ ਤਾਂ ਇਸ ਦੀ ਜਾਂਚ ਕਰਵਾਉਣਗੇ ਅਤੇ ਲਾਇਸੈਂਸ ਰੱਦ ਕਰਵਾਉਣ ਲਈ ਅਧਿਕਾਰੀਆਂ ਨੂੰ ਲਿਖਤੀ 'ਚ ਦੇਣਗੇ।

shivani attri

This news is Content Editor shivani attri