ਫਿਲੌਰ : ਸ਼ਰਾਬ ਸਮੱਗਲਰਾਂ ਨੇ ਕੱਪੜੇ ਪਾੜ ਕੇ ਮਾਂ-ਧੀ ਨੂੰ ਮੁਹੱਲੇ 'ਚ ਘੁਮਾਇਆ

03/09/2018 6:49:43 AM

ਫਿਲੌਰ(ਭਾਖੜੀ)-ਜਿੱਥੇ ਇਕ ਪਾਸੇ ਵੀਰਵਾਰ ਨੂੰ ਦੇਸ਼ ਭਰ 'ਚ ਮਹਿਲਾ ਦਿਵਸ ਮਨਾ ਕੇ ਔਰਤਾਂ ਦਾ ਸਨਮਾਨ ਕੀਤਾ ਜਾ ਰਿਹਾ ਸੀ, ਉਥ ਦੂਜੇ ਪਾਸੇ ਨਾਜਾਇਜ਼ ਜ਼ਹਿਰੀਲੀ ਸ਼ਰਾਬ ਦਾ ਧੰਦਾ ਖੁੱਲ੍ਹੇਆਮ ਹੁੰਦਾ ਦੇਖ ਇਤਰਾਜ਼ ਜਤਾਉਣ 'ਤੇ ਸਮੱਗਲਰਾਂ ਨੇ ਮਾਂ-ਧੀ ਦੇ ਕੱਪੜੇ ਪਾੜ ਕੇ ਉਨ੍ਹਾਂ ਨੂੰ ਨੰਗਾ ਕਰ ਕੇ ਕੁੱਟਿਆ। ਸ਼ਹਿਰ ਦੇ ਮੁਹੱਲੇ ਉੱਚੀ ਘਾਟੀ ਦੀ ਰਹਿਣ ਵਾਲੀ ਜ਼ਖਮੀ ਸ਼ਾਲੂ ਅਤੇ ਉਸ ਦੀ ਮਾਂ ਗੇਜੋ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਦਾ ਰਹਿਣ ਵਾਲਾ ਜੋਜੀ ਅਤੇ ਉਸ ਦਾ ਪੂਰਾ ਪਰਿਵਾਰ ਨਾਜਾਇਜ਼ ਸ਼ਰਾਬ ਸਮੱਗਲਿੰਗ ਦਾ ਧੰਦਾ ਪਿਛਲੇ ਲੰਬੇ ਸਮੇਂ ਤੋਂ ਕਰਦਾ ਆ ਰਿਹਾ ਹੈ, ਜਿਸ ਦੇ ਇਥੇ ਸਸਤੀ ਤੇ ਜ਼ਹਿਰੀਲੀ ਸ਼ਰਾਬ ਪੀਣ ਅਤੇ ਖਰੀਦਣ ਵਾਲਿਆਂ ਦਾ ਜਮਾਵੜਾ ਲੱਗਾ ਰਹਿੰਦਾ ਹੈ। ਸ਼ਾਮ 4 ਵਜੇ ਉਹ ਆਪਣੀ ਬੇਟੀ ਨਾਲ ਕਿਸੇ ਕੰਮ ਜਾ ਰਹੀ ਸੀ। ਜਿਉਂ ਹੀ ਉਹ ਉਨ੍ਹਾਂ ਦੇ ਘਰ ਦੇ ਸਾਹਮਣਿਓਂ ਗੁਜ਼ਰਨ ਲੱਗੇ ਤਾਂ ਇਕ ਸ਼ਰਾਬੀ ਲੜਕਾ ਉਸ ਦੀ ਬੇਟੀ ਨਾਲ ਆ ਟਕਰਾਇਆ। ਇਤਰਾਜ਼ ਜਤਾਉਣ 'ਤੇ ਜੋਜੀ ਅਤੇ ਉਸ ਦਾ ਪੂਰਾ ਪਰਿਵਾਰ ਬਾਹਰ ਆ ਗਿਆ। ਜਿਉਂ ਹੀ ਮਾਂ-ਧੀ ਨੇ ਉਨ੍ਹਾਂ ਨੂੰ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਮੁਹੱਲੇ 'ਚ ਬੰਦ ਕਰਨ ਦੀ ਗੱਲ ਕਹੀ ਤਾਂ ਉਹ ਭੜਕ ਗਏ। ਉਕਤ ਲੋਕਾਂ ਨੇ ਕੁੱਟ-ਮਾਰ ਕਰਦਿਆਂ ਸਾਡੇ ਕੱਪੜੇ ਪਾੜ ਦਿੱਤੇ ਅਤੇ ਨਗਨ ਹਾਲਤ 'ਚ ਵਾਲਾਂ ਤੋਂ ਘੜੀਸਦੇ ਹੋਏ ਮੁਹੱਲੇ 'ਚ ਘੁੰਮਾਇਆ। ਮਾਂ-ਧੀ ਦੀ ਹਾਲਤ ਖਰਾਬ ਹੁੰਦੀ ਦੇਖ ਕੇ ਮੁਹੱਲੇ ਦੇ ਰਹਿਣ ਵਾਲੇ ਮੋਹਨੀ ਅਤੇ ਮਨੀ ਨੇ ਹੌਸਲਾ ਕਰ ਕੇ ਕਿਸੇ ਤਰ੍ਹਾਂ ਹਮਲਾਵਰਾਂ ਤੋਂ ਉਨ੍ਹਾਂ ਨੂੰ ਛੁਡਵਾ ਕੇ ਆਪਣੀਆਂ ਪਹਿਨੀਆਂ ਹੋਈਆਂ ਕਮੀਜ਼ਾਂ ਉਤਾਰ ਕੇ ਉਨ੍ਹਾਂ ਨੂੰ ਪਹਿਨਾ ਕੇ ਇਲਾਜ ਲਈ ਸਥਾਨਕ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ।
ਸ਼ਰਾਬ ਸਮੱਗਲਰਾਂ ਦੀ ਗੁੰਡਾਗਰਦੀ ਖਿਲਾਫ ਔਰਤਾਂ ਉੱਤਰੀਆਂ ਸੜਕਾਂ 'ਤੇ
ਅੱਜ ਵਾਰਡ ਨੰਬਰ 10 'ਚ ਪੈਂਦੇ ਮੁਹੱਲਾ ਉੱਚੀ ਘਾਟੀ ਦੀਆਂ ਔਰਤਾਂ ਮਾਂ-ਧੀ ਨੂੰ ਨੰਗਾ ਕਰ ਕੇ ਕੁੱਟਣ ਵਾਲੇ ਸ਼ਰਾਬ ਸਮੱਗਲਰਾਂ ਖਿਲਾਫ ਸੜਕਾਂ 'ਤੇ ਉੱਤਰ ਆਈਆਂ। ਔਰਤਾਂ ਜਲੂਸ ਦੀ ਸ਼ਕਲ 'ਚ ਆਪਣੇ ਹੱਥਾਂ 'ਚ ਖਾਲੀ ਬੋਤਲਾਂ ਫੜ ਕੇ ਪੂਰੇ ਸ਼ਹਿਰ ਦਾ ਚੱਕਰ ਲਾਉਂਦੀਆਂ ਹੋਈਆਂ ਡੀ. ਐੱਸ. ਪੀ. ਦਫਤਰ ਪੁੱਜੀਆਂ। ਉਨ੍ਹਾਂ ਨੇ ਡੀ. ਐੱਸ. ਪੀ. ਅਮਰੀਕ ਸਿੰਘ ਨੂੰ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ 'ਚ ਜੋਜੀ ਅਤੇ ਉਸ ਦਾ ਪਰਿਵਾਰ ਸ਼ਰੇਆਮ ਜ਼ਹਿਰੀਲੀ ਸ਼ਰਾਬ ਦਾ ਧੰਦਾ ਕਰ ਰਿਹਾ ਹੈ। ਸ਼ਰਾਬ ਦੇ ਰੇਟ ਠੇਕੇ ਤੋਂ ਮਿਲਣ ਵਾਲੀ ਸ਼ਰਾਬ ਤੋਂ ਘੱਟ ਹੋਣ ਕਾਰਨ ਉਨ੍ਹਾਂ ਦੇ ਮੁਹੱਲੇ ਦੇ ਜ਼ਿਆਦਾਤਰ ਪੁਰਸ਼ ਜਾਨ ਤੋਂ ਹੱਥ ਧੋ ਬੈਠੇ ਹਨ, ਜੋ ਬਚੇ ਹਨ ਉਹ ਲਿਵਰ ਖਰਾਬ ਵਰਗੀ ਗੰਭੀਰ ਬੀਮਾਰੀ ਤੋਂ ਪੀੜਤ ਹਨ। ਉਕਤ ਸਮੱਗਲਰਾਂ ਦਾ ਮਾਂ-ਧੀ ਨੂੰ ਨੰਗਾ ਕਰ ਕੇ ਮੁਹੱਲੇ 'ਚ ਕੁੱਟਣ ਦਾ ਸਿਰਫ ਇਕ ਹੀ ਮਕਸਦ ਸੀ ਕਿ ਕੋਈ ਉਨ੍ਹਾਂ ਵਿਰੁੱਧ ਆਵਾਜ਼ ਨਾ ਚੁੱਕ ਸਕੇ। ਡੀ. ਐੱਸ. ਪੀ. ਨੇ ਔਰਤਾਂ ਨੂੰ ਤੁਰੰਤ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਉਹ ਵਾਪਸ ਮੁੜੀਆਂ।
ਜ਼ਹਿਰੀਲੀ ਸ਼ਰਾਬ ਪੀਣ ਨਾਲ ਅੱਧਾ ਦਰਜਨ ਤੋਂ ਜ਼ਿਆਦਾ ਹੋ ਚੁੱਕੀਆਂ ਮੌਤਾਂ
ਵਾਰਡ ਨੰਬਰ 10 ਦੀ ਔਰਤ ਕੌਂਸਲਰ ਨੀਤੂ ਡਾਬਰ ਅਤੇ ਉਨ੍ਹਾਂ ਦੇ ਪਤੀ ਸੁਰਿੰਦਰ ਡਾਬਰ ਨੇ ਪੱਤਰਕਾਰਾਂ ਦੇ ਸਾਹਮਣੇ ਪੀੜਤ ਔਰਤਾਂ ਸੁਨੀਤਾ ਮਸੀਹ ਪਤਨੀ ਸਵ. ਨਿੱਕਾ ਮਸੀਹ, ਬੇਗੋ ਪਤਨੀ ਸਵ. ਕਾਲਾ ਮਸੀਹ, ਚੰਦਾ ਪਤਨੀ ਸਵ. ਬਿੱਟੂ ਨੂੰ ਦਿਖਾਉਂਦੇ ਹੋਏ ਦੱਸਿਆ ਕਿ ਉਕਤ ਲੋਕਾਂ ਵੱਲੋਂ ਵੇਚੀ ਜਾ ਰਹੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਇਨ੍ਹਾਂ ਦੇ ਪਤੀ ਦਮ ਤੋੜ ਚੁੱਕੇ ਹਨ। ਹੁਣ ਇਹ ਔਰਤਾਂ ਲੋਕਾਂ ਦੇ ਘਰਾਂ ਵਿਚ ਭਾਂਡੇ ਮਾਂਜ ਕੇ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰ ਰਹੀਆਂ ਹਨ। ਉਨ੍ਹਾਂ ਦਿਖਾਇਆ ਕਿ ਸਮੱਗਲਰਾਂ ਵੱਲੋਂ ਵੇਚੀ ਜਾਣ ਵਾਲੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਸ਼ਾਦੀ ਰਾਮ (52) ਦਾ ਲਿਵਰ ਖਰਾਬ ਹੋ ਚੁੱਕਾ ਹੈ। ਔਰਤ ਕੌਂਸਲਰ ਦੇ ਪਤੀ ਸੁਰਿੰਦਰ ਡਾਬਰ ਨੇ ਦੱਸਿਆ ਕਿ ਉਨ੍ਹਾਂ ਦੇ ਵਾਰਡ 'ਚ ਵਿਧਵਾ ਔਰਤਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਜਿਨ੍ਹਾਂ ਦੇ ਪਤੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਦਮ ਤੋੜ ਚੁੱਕੇ ਹਨ ਅਤੇ ਇਸ ਨੂੰ ਪੀਣ ਵਾਲੇ ਜੋ ਪੁਰਸ਼ ਬਚੇ ਹਨ, ਉਹ ਲਿਵਰ ਖਰਾਬ ਹੋਣ ਵਰਗੀਆਂ ਬੀਮਾਰੀਆਂ ਨਾਲ ਜੂਝ ਰਹੇ ਹਨ।
ਪੁਲਸ ਨੇ ਵੱਡੀ ਮਾਤਰਾ 'ਚ ਕੀਤੀ ਨਾਜਾਇਜ਼ ਸ਼ਰਾਬ ਜ਼ਬਤ
ਇਸ ਸਬੰਧੀ ਪੁੱਛਣ 'ਤੇ ਥਾਣਾ ਮੁਖੀ ਇੰਸ. ਜਸਵਿੰਦਰ ਸਿੰਘ ਨੇ ਦੱਸਿਆ ਕਿ ਜਿਉਂ ਹੀ ਉਨ੍ਹਾਂ ਨੇ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਚੱਲਣ ਅਤੇ ਇਤਰਾਜ਼ ਜਤਾਉਣ ਵਾਲੀ ਮਾਂ-ਬੇਟੀ ਨੂੰ ਨੰਗਾ ਕਰ ਕੇ ਕੁੱਟਣ ਦੀ ਸ਼ਿਕਾਇਤ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਪੁਲਸ ਪਾਰਟੀ ਨੂੰ ਕਾਰਵਾਈ ਕਰਨ ਲਈ ਭੇਜਿਆ। ਪੁਲਸ ਨੇ ਸ਼ਰਾਬ ਸਮੱਗਲਰ ਜੋਜੀ ਦੇ ਘਰੋਂ ਛਾਪਾ ਮਾਰ ਕੇ 15 ਹਜ਼ਾਰ ਐੱਮ. ਐੱਲ. ਨਾਜਾਇਜ਼ ਸ਼ਰਾਬ ਅਤੇ 36 ਬੋਤਲਾਂ ਅੰਗਰੇਜ਼ੀ ਸ਼ਰਾਬ ਦੀਆਂ ਬਰਾਮਦ ਕੀਤੀਆਂ। ਪੁਲਸ ਨੇ ਇਸ ਸਬੰਧੀ ਔਰਤ ਸਮੱਗਲਰ ਪਾਸ਼ੋ ਪਤਨੀ ਜੋਜੀ 'ਤੇ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਉਹ ਸ਼ਰਾਬ ਦਾ ਸੈਂਪਲ ਭਰ ਕੇ ਉਸ ਨੂੰ ਜਾਂਚ ਲਈ ਲੈਬਾਰਟਰੀ ਵਿਚ ਭੇਜਣਗੇ। ਇਸ ਤੋਂ ਇਲਾਵਾ ਜਿਨ੍ਹਾਂ ਵਿਅਕਤੀਆਂ ਨੇ ਮਾਂ-ਬੇਟੀ ਦੇ ਕੱਪੜੇ ਪਾੜ ਕੇ ਉਨ੍ਹਾਂ ਨੂੰ ਨੰਗਾ ਕਰ ਕੇ ਕੁੱਟਿਆ, ਉਨ੍ਹਾਂ ਵਿਚ ਟੁੰਡਾ, ਲੂਲਾ, ਨੰਦੀ ਪੁੱਤਰ ਕਾਲਾ, ਵਿਜੇ ਪੁੱਤਰ ਜੋਜੀ ਅਤੇ ਖਰੈਤੀ, ਪਾਸ਼ੋ, ਕੰਬੋ ਤੋਂ ਇਲਾਵਾ 5 ਹੋਰਨਾਂ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।