ਧੜੱਲੇ ਨਾਲ ਵਿਕ ਰਹੀ ਹੈ ਅਲਕੋਹਲ ਤੋਂ ਬਣੀ ਸ਼ਰਾਬ

07/13/2017 4:04:48 AM

ਜੰਡਿਆਲਾ ਗੁਰੂ,   (ਬੱਲ)-  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਤੋਂ ਪਹਿਲਾਂ ਗੁਟਕਾ ਸਾਹਿਬ ਦੀ ਕਸਮ ਖਾ ਕੇ ਪੰਜਾਬ 'ਚੋਂ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਦਾ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਪਰ ਕੈਪਟਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਸੂਬੇ ਅੰਦਰ ਨਸ਼ਿਆਂ ਦੀ ਵਿਕਰੀ ਸ਼ਰੇਆਮ ਹੋ ਰਹੀ ਹੈ। ਹੈਰੋਇਨ, ਸਮੈਕ ਤੇ ਅਫੀਮ ਤੋਂ ਇਲਾਵਾ ਗੈਰ-ਵਿਗਿਆਨਕ ਤਰੀਕੇ ਨਾਲ ਅਲਕੋਹਲ ਤੋਂ ਤਿਆਰ ਕੀਤੀ ਜਾਂਦੀ ਦੇਸੀ ਸ਼ਰਾਬ ਦੀ ਹੋ ਰਹੀ ਵਿਕਰੀ ਨੂੰ ਲੈ ਕੇ ਸਮਾਜ ਪੱਖੀ ਸੰਜੀਦਾ ਸ਼ਖਸੀਅਤਾਂ 'ਚ ਖੌਫ ਹੈ ਕਿਉਂਕਿ ਉਕਤ ਸ਼ਰਾਬ ਸਿਹਤ ਨੂੰ ਵੱਡਾ ਨੁਕਸਾਨ ਪਹੁੰਚਾਉਣ ਵਾਲੀ ਅਤੇ ਜਾਨਲੇਵਾ ਵੀ ਮੰਨੀ ਜਾਂਦੀ ਹੈ। ਦੇਸੀ ਸ਼ਰਾਬ ਦੇ ਵੱਡੇ ਪੱਧਰ 'ਤੇ ਹੋ ਰਹੇ ਨਾਜਾਇਜ਼ ਧੰਦੇ 'ਤੇ ਸਖਤ ਇਤਰਾਜ਼ ਕਰਦਿਆਂ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਠੇਕੇਦਾਰਾਂ ਨੇ ਕਿਹਾ ਕਿ ਪੁਲਸ ਵਿਭਾਗ ਵੱਲੋਂ ਸ਼ਰਾਬ ਦੇ ਨਾਜਾਇਜ਼ ਧੰਦੇ ਨੂੰ ਰੋਕਣ ਲਈ ਸਖਤੀ ਨਾ ਕਰਨ ਕਰ ਕੇ ਸਾਨੂੰ ਵੱਡਾ ਨੁਕਸਾਨ ਹੋ ਰਿਹਾ ਹੈ।
ਦੇਸੀ ਰੂੜੀ ਮਾਰਕਾ ਸ਼ਰਾਬ ਵੀ ਵਿਕ ਰਹੀ ਹੈ ਆਮ : ਇਹ ਵੀ ਪਤਾ ਲੱਗਾ ਹੈ ਕਿ ਅਲਕੋਹਲ ਤੋਂ ਇਲਾਵਾ ਗੁੜ ਦੀ ਬਣਾਈ ਦੇਸੀ ਰੂੜੀ ਮਾਰਕਾ ਨਾਜਾਇਜ਼ ਸ਼ਰਾਬ ਵੀ ਆਮ ਵਿਕ ਰਹੀ ਹੈ। ਕੁਝ ਮਾਹਿਰਾਂ ਨਾਲ ਅਲਕੋਹਲ ਤੋਂ ਤਿਆਰ ਹੋਣ ਵਾਲੀ ਸ਼ਰਾਬ ਸਬੰਧੀ ਜਦੋਂ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਸ ਸ਼ਰਾਬ ਦਾ ਧੰਦਾ ਕਰਨ ਵਾਲੇ ਵਿਅਕਤੀ 50 ਰੁਪਏ 'ਚ ਅਲਕੋਹਲ ਦੀ ਇਕ ਬੋਤਲ ਖਰੀਦਦੇ ਹਨ ਅਤੇ ਫਿਰ ਉਸ ਤੋਂ ਪਾਣੀ ਮਿਲਾ ਕੇ 5 ਬੋਤਲਾਂ ਸ਼ਰਾਬ ਤਿਆਰ ਕਰ ਕੇ ਇਕ ਬੋਤਲ 100 ਦੀ ਗਾਹਕ ਨੂੰ ਵੇਚ ਦਿੰਦੇ ਹਨ। ਸਸਤੀ ਮਿਲਣ ਕਰ ਕੇ ਇਸ ਸ਼ਰਾਬ ਨੂੰ ਜ਼ਿਆਦਾਤਰ ਮਜ਼ਦੂਰ, ਰਿਕਸ਼ਾ ਚਾਲਕ ਆਦਿ ਪੀਂਦੇ ਹਨ ਪਰ ਜਾਣਕਾਰਾਂ ਅਨੁਸਾਰ ਗੈਰ-ਵਿਗਿਆਨਕ ਢੰਗ ਨਾਲ ਬਣਨ ਵਾਲੀ ਉਕਤ ਸ਼ਰਾਬ ਇਨਸਾਨ ਦੇ ਗੁਰਦਿਆਂ ਤੇ ਜਿਗਰ ਲਈ ਬੇਹੱਦ ਘਾਤਕ ਹੈ ਅਤੇ ਨਜ਼ਰ ਵੀ ਕਮਜ਼ੋਰ ਕਰਦੀ ਹੈ। ਇਸ ਸ਼ਰਾਬ ਦੇ ਪਿਆਕੜਾ ਨੂੰ ਕਾਲਾ ਪੀਲੀਆ ਹੋਣ ਦਾ ਵੀ ਖਦਸ਼ਾ ਹੁੰਦਾ ਹੈ। 
ਮਿਲੀਭੁਗਤ ਨਾਲ ਚੱਲ ਰਿਹੈ ਧੰਦਾ : ਠੇਕੇਦਾਰਾਂ ਨੇ ਦੱਸਿਆ ਕਿ ਸਰਕਾਰੀ ਮੁਲਾਜ਼ਮਾਂ ਦੀ ਕਥਿਤ ਮਿਲੀਭੁਗਤ ਨਾਲ ਕੁਝ ਲੋਕਾਂ ਵੱਲੋਂ ਸਾਡੇ ਇਲਾਕੇ 'ਚ ਅੰਗਰੇਜ਼ੀ ਸ਼ਰਾਬ ਵੀ ਗੈਰ-ਕਾਨੂੰਨੀ ਢੰਗ ਨਾਲ ਵੇਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਬਿਨਾਂ ਟੈਕਸ ਦੇ ਸਰਕਾਰ ਨੂੰ ਵੀ ਚੂਨਾ ਲਾਉਂਦੇ ਹਨ। ਉਨ੍ਹਾਂ ਸਰਕਾਰ ਅਤੇ ਸੀਨੀਅਰ ਪੁਲਸ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਸ਼ਰਾਬ ਦਾ ਨਾਜਾਇਜ਼ ਧੰਦਾ ਕਰਨ ਵਾਲੇ ਵਿਅਕਤੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਠੇਕੇਦਾਰਾਂ ਵੱਲੋਂ ਲਾਏ ਗਏ ਦੋਸ਼ਾਂ ਸਬੰਧੀ ਜਦੋਂ ਪੁਲਸ ਅਫਸਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਸ ਵਿਭਾਗ ਵੱਲੋਂ ਨਸ਼ਿਆਂ ਖਿਲਾਫ ਜ਼ੋਰਦਾਰ ਮੁਹਿੰਮ ਚਲਾਈ ਜਾ ਰਹੀ ਹੈ।