ਪੁਲਸ ਨੂੰ ਦੇਖ ਕਾਰ ਛੱਡ ਕੇ ਭੱਜਿਆ, ਨਾਜਾਇਜ਼ ਸ਼ਰਾਬ ਬਰਾਮਦ

07/08/2017 3:12:12 AM

ਲੁਧਿਆਣਾ(ਰਾਮ)-ਸ਼ਰਾਬ ਨਸ਼ਾ ਸਮੱਗਲਰਾਂ ਖਿਲਾਫ ਥਾਣਾ ਜਮਾਲਪੁਰ ਦੀ ਪੁਲਸ ਨੂੰ ਇਕ ਵੱਡੀ ਸਫਲਤਾ ਉਸ ਸਮੇਂ ਹੱਥ ਲੱਗੀ, ਜਦੋਂ ਗਸ਼ਤ ਦੌਰਾਨ ਥਾਣਾ ਮੁਖੀ ਅਵਤਾਰ ਸਿੰਘ ਦੀ ਪੁਲਸ ਪਾਰਟੀ ਨੇ ਇਕ ਜ਼ੈੱਨ ਕਾਰ 'ਚੋਂ ਨਾਜਾਇਜ਼ ਸ਼ਰਾਬ ਦੇ 5 ਥੈਲੇ ਬਰਾਮਦ ਹੋਏ, ਜਦਕਿ ਕਾਰ ਚਾਲਕ ਹਨੇਰੇ ਦਾ ਫਾਇਦਾ ਉਠਾਉਂਦਾ ਹੋਇਆ ਮੌਕੇ 'ਤੋਂ ਫਰਾਰ ਹੋ ਗਿਆ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਪੁਲਸ ਪਾਰਟੀ ਸਮੇਤ ਗਸ਼ਤ ਸਬੰਧੀ ਤਾਜਪੁਰ ਰੋਡ ਭਾਮੀਆਂ ਕਲਾਂ ਵਿਖੇ ਜਾ ਰਹੇ ਸਨ। ਇਸ ਦੌਰਾਨ ਕੱਕਾ ਧੌਲਾ ਵਾਲੀ ਸਾਈਡ ਤੋਂ ਇਕ ਜ਼ੈੱਨ ਕਾਰ ਆਉਂਦੀ ਵਿਖਾਈ ਦਿੱਤੀ। ਜਦੋਂ ਉਨ੍ਹਾਂ ਦੀ ਪੁਲਸ ਪਾਰਟੀ ਨੇ ਟਾਰਚ ਦੀ ਰੌਸ਼ਨੀ ਨਾਲ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਤੁਰੰਤ ਮੌਕੇ 'ਤੋਂ ਕਾਰ ਛੱਡ ਕੇ ਹਨੇਰੇ ਦਾ ਫਾਇਦਾ ਉਠਾ ਕੇ ਫਰਾਰ ਹੋ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਤਲਾਸ਼ੀ ਦੌਰਾਨ ਉਕਤ ਗੱਡੀ 'ਚੋਂ 5 ਥੈਲੇ ਬਰਾਮਦ ਕੀਤੇ, ਜਿਸ 'ਚ ਟ੍ਰਿਪਲ ਐਕਸ ਰਮ ਦੀਆਂ 180 ਬੋਤਲਾਂ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਪੁਲਸ ਨੇ ਅਣਪਛਾਤੇ ਕਾਰ ਚਾਲਕ ਖਿਲਾਫ ਐਕਸਾਈਜ਼ ਐਕਟ ਤਹਿਤ ਮੁਕੱਦਮਾ ਦਰਜ ਕਰ ਕੇ ਕਾਰ ਚਾਲਕ ਦੀ ਤਲਾਸ਼ ਸ਼ੁਰੂ ਕੀਤੀ ਹੈ, ਜਿਸ ਨੂੰ ਜਲਦ ਹੀ ਕਾਬੂ ਕਰ ਕੇ ਪੁੱਛਗਿੱਛ ਕੀਤੀ ਜਾਵੇਗੀ।