ਚੰਡੀਗੜ੍ਹ ''ਚ ਟਰੇਨਾਂ ਰਾਹੀਂ ਹੋ ਰਹੀ ਸ਼ਰਾਬ ਸਮੱਗਲਿੰਗ

12/16/2019 5:25:05 PM

ਚੰਡੀਗੜ੍ਹ (ਲਲਨ) : ਚੰਡੀਗੜ੍ਹ 'ਚ ਸ਼ਰਾਬ ਸਸਤੀ ਹੋਣ 'ਤੇ ਸ਼ਰਾਬ ਮਾਫੀਆ ਟਰੇਨਾਂ ਰਾਹੀਂ ਦੂਜੇ ਰਾਜਾਂ 'ਚ ਧੜੱਲੇ ਨਾਲ ਸ਼ਰਾਬ ਸਮੱਗਲਿੰਗ ਕਰ ਰਹੇ ਹਨ। ਉਹ ਟਰੇਨਾਂ 'ਚ ਚੈਕਿੰਗ ਨਾ ਹੋਣ ਦਾ ਫਾਇਦਾ ਉਠਾ ਰਹੇ ਹਨ। ਚੰਡੀਗੜ੍ਹ ਤੋਂ ਸ਼ਰਾਬ ਸਮੱਗਲਰ ਟਰੇਨਾਂ 'ਚ ਸ਼ਰਾਬ ਦੀਆਂ ਪੇਟੀਆਂ ਲੁਕਾ ਕੇ ਦੂਜੇ ਰਾਜਾਂ 'ਚ ਆਸਾਨੀ ਨਾਲ ਲਿਜਾ ਰਹੇ ਹਨ। ਟਰੇਨਾਂ 'ਚ ਸ਼ਰਾਬ ਸਮੱਗਲਿੰਗ ਦੇ ਜ਼ਿਆਦਾ ਮਾਮਲੇ 2016 ਤੋਂ ਬਾਅਦ ਵਧੇ ਹਨ। ਇਸ ਦਾ ਕਾਰਨ ਯੂ.ਪੀ. 'ਚ ਸ਼ਰਾਬ ਮਹਿੰਗੀ ਹੋਣਾ ਅਤੇ ਬਿਹਾਰ 'ਚ ਸ਼ਰਾਬ ਬੰਦ ਹੋਣਾ ਹੈ। ਜੀ.ਆਰ.ਪੀ. ਅਤੇ ਆਰ.ਪੀ.ਐੱਫ. ਦੀ ਮੰਨੀਏ ਤਾਂ ਸ਼ਰਾਬ ਸਮੱਗਲਿੰਗ ਤੋਂ ਜ਼ਿਆਦਾ ਮਾਮਲੇ ਯੂ.ਪੀ. ਅਤੇ ਬਿਹਾਰ ਜਾਣ ਵਾਲੀ ਟਰੇਨਾਂ 'ਚ ਫੜੇ ਗਏ ਹਨ। ਸਾਲ 2019 'ਚ ਹੁਣ ਤੱਕ 1506 ਬੋਤਲਾਂ ਸ਼ਰਾਬ ਦੀਆਂ ਫੜੀਆਂ ਜਾ ਚੁੱਕੀਆਂ ਹਨ। ਇਸ ਦੇ ਨਾਲ ਹੀ 99,100 ਰੁਪਏ ਦਾ ਜੁਰਮਾਨਾ ਵੀ ਮੁਲਜ਼ਮਾਂ ਨੂੰ ਹੋ ਚੁੱਕਿਆ ਹੈ।

ਹੁਣ ਬਦਲ ਦਿੱਤੇ ਹਨ ਸਮੱਗਲਿੰਗ ਦੇ ਤਰੀਕੇ
ਮਾਫੀਆ ਸ਼ਰਾਬ ਸਮੱਗਲਿੰਗ ਲਈ ਵਾਹਨਾਂ ਜਾਂ ਫਿਰ ਰਾਜਾਂ ਦੇ ਬਾਰਡਰ ਕ੍ਰਾਸ ਕਰਨ ਲਈ ਜਾਨਵਰਾਂ ਦਾ ਸਹਾਰਾ ਲੈਂਦੇ ਸਨ ਪਰ ਹੁਣ ਮਾਫੀਆ ਨੇ ਸਮੱਗਲਿੰਗ ਦਾ ਤਰੀਕਾ ਬਦਲ ਦਿੱਤਾ ਹੈ। ਹੁਣ ਵਾਹਨਾਂ ਅਤੇ ਜਾਨਵਰਾਂ ਦੀ ਬਜਾਏ ਟਰੇਨਾਂ ਰਾਹੀਂ ਸਮੱਗਲਿੰਗ ਕੀਤੀ ਜਾ ਰਹੀ ਹੈ। ਇਸਦਾ ਖੁਲਾਸਾ ਰੇਲਵੇ ਪੁਲਸ ਵਲੋਂ ਫੜੀ ਗਈ ਸ਼ਰਾਬ ਦੀਆਂ ਪੇਟੀਆਂ ਤੋਂ ਹੁੰਦਾ ਹੈ। ਰੇਲਵੇ ਪੁਲਸ ਵਲੋਂ ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਮਹੀਨੇ 'ਚ ਕਰੀਬ 2 ਤੋਂ 3 ਵਾਰ ਸ਼ਰਾਬ ਦੀਆਂ ਬੋਤਲਾਂ ਫੜੀਆਂ ਜਾ ਰਹੀਆਂ ਹਨ।

ਸੰਦੂਕ, ਬਾਕਸ, ਬੈਗ ਅਤੇ ਡਰੰਮ 'ਚ ਹੁੰਦੀ ਹੈ ਸਪਲਾਈ 
ਹੁਣ ਤੱਕ ਆਰ.ਪੀ.ਐੱਫ. ਤੇ ਜੀ.ਆਰ.ਪੀ. ਤੋਂ ਫੜੀ ਗਈ ਸ਼ਰਾਬ ਜ਼ਿਆਦਾਤਰ ਬੈਗ, ਸੰਦੂਕ, ਬਾਕਸ ਅਤੇ ਡਰੰਮ 'ਚ ਹੁੰਦੀ ਹੈ, ਜਿਸ ਨਾਲ ਕਿ ਪੁਲਸ ਨੂੰ ਸ਼ੱਕ ਨਾ ਹੋ ਸਕੇ। ਰੇਲਵੇ ਪੁਲਸ ਅਨੁਸਾਰ 2016 ਤੋਂ ਬਾਅਦ ਟਰੇਨਾਂ 'ਚ ਸ਼ਰਾਬ ਸਮੱਗਲਿੰਗ ਵਧੀ ਹੈ। ਮਿਲੇ ਅੰਕੜਿਆਂ ਅਨੁਸਾਰ ਜੀ.ਆਰ.ਪੀ. ਕੋਲ 2016 'ਚ ਸ਼ਰਾਬ ਦਾ ਕੋਈ ਵੀ ਮਾਮਲਾ ਦਰਜ ਨਹੀਂ ਹੋਇਆ ਅਤੇ ਨਾ ਹੀ ਕਿਸੇ ਪ੍ਰਕਾਰ ਦੀ ਗ਼ੈਰ-ਕਾਨੂੰਨੀ ਸ਼ਰਾਬ ਫੜੀ ਗਈ ਪਰ ਇਸ ਤੋਂ ਬਾਅਦ ਤੋਂ ਸ਼ਰਾਬ ਮਾਫੀਆ ਕਾਫ਼ੀ ਸਰਗਰਮ ਹੋ ਗਿਆ।

ਰੇਲਵੇ ਸਟੇਸ਼ਨ 'ਤੇ ਹਰ ਰੋਜ਼ ਚੈਕਿੰਗ ਕੀਤੀ ਜਾ ਰਹੀ ਹੈ। ਸੀ.ਸੀ.ਟੀ.ਵੀ. ਕੈਮਰੇ ਰਾਹੀਂ ਵੀ ਨਜ਼ਰ ਰੱਖੀ ਜਾ ਰਹੀ ਹੈ। ਰੇਲਵੇ ਸਟੇਸ਼ਨ 'ਤੇ ਪੁਲਸ ਦੇ ਜਵਾਨ ਸਿਵਲ ਡ੍ਰੈੱਸ 'ਚ ਵੀ ਘੁੰਮਦੇ ਹਨ, ਤਾਂ ਕਿ ਰੇਲਵੇ ਸਟੇਸ਼ਨ ਤੋਂ ਕੋਈ ਗੈਰ-ਕਾਨੂੰਨੀ ਕੰਮ ਨਾ ਹੋ ਸਕੇ। -ਰਾਜੇਸ਼ ਰਾਣਾ, ਥਾਣਾ ਇੰਚਾਰਜ, ਆਰ. ਪੀ. ਐੱਫ., ਚੰਡੀਗੜ੍ਹ ਰੇਲਵੇ ਸਟੇਸ਼ਨ।

ਚੰਡੀਗੜ੍ਹ ਸਟੇਸ਼ਨ 'ਤੇ ਜੀ. ਆਰ. ਪੀ. ਪੂਰੀ ਤਰ੍ਹਾਂ ਚੌਕਸ ਹੈ। ਵਿਭਾਗ ਵਲੋਂ ਕਿਸੇ ਤਰ੍ਹਾਂ ਦੀ ਕਸਰ ਨਹੀਂ ਛੱਡੀ ਜਾ ਰਹੀ। ਸ਼ਰਾਬ ਸਮੱਗਲਿੰਗ ਕਰਨ ਵਾਲੇ ਫੜੇ ਜਾ ਰਹੇ ਹਨ। -ਨਰੇਸ਼ ਕੁਮਾਰ, ਥਾਣਾ ਇੰਚਾਰਜ, ਜੀ. ਆਰ. ਪੀ., ਚੰਡੀਗੜ੍ਹ।

ਇਹ ਹਨ ਅੰਕੜੇ:

ਸਾਲ  ਕੁਲ ਫੜੀਆਂ ਬੋਤਲਾਂ     ਫੜੇ ਗਏ ਮੁਲਜ਼ਮ     ਅਣਪਛਾਤੀ ਮਿਲੀ  ਜੁਰਮਾਨਾ
2016    ਕੋਈ ਵੀ ਨਹੀਂ                ਕੋਈ ਵੀ ਨਹੀਂ                  ਕੋਈ ਵੀ ਨਹੀਂ     ਕੋਈ ਵੀ ਨਹੀਂ
2017        481               43       438 7700
2018      1519             273                              1246 85116
2019     ਹੁਣ ਤੱਕ 1506     665            841   99100

 

 

Anuradha

This news is Content Editor Anuradha