ਨਸ਼ਿਆਂ ਦੇ ਮੁੱਦੇ ''ਤੇ ਅਕਾਲੀਆਂ ਰਾਜਨੀਤੀ ਜਾਇਜ਼ ਨਹੀਂ - ਡਾ. ਹਰੀਸ਼ ਸ਼ਰਮਾ

11/19/2017 5:29:21 PM

ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) - 'ਛੱਜ ਤਾਂ ਬੋਲੇ, ਛਾਨਣੀ ਕਿਉਂ ਬੋਲੇ' ਦੀ ਕਹਾਵਤ ਵਾਂਗ ਨਸ਼ਿਆਂ ਦੇ ਮਾਮਲੇ 'ਚ ਘਿਰੇ ਵਿਰੋਧੀ ਧਿਰ ਦੇ ਆਗੂ ਅਤੇ 'ਆਪ' ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਅਖੌਤੀ ਰਾਜਨੀਤੀ ਜਾਇਜ਼ ਨਹੀਂ ਹੈ। ਇਹ ਪ੍ਰਗਟਾਵਾ ਹਲਕਾ ਤਰਨਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੇ ਕਰੀਬੀ ਡਾ. ਹਰੀਸ਼ ਸ਼ਰਮਾਂ ਨੇ ਕਰਦਿਆਂ ਕਿਹਾ ਕਿ ਪਿੱਛਲੇ 10 ਸਾਲਾਂ ਦੇ ਕਾਰਜਕਾਲ ਦੌਰਾਨ ਅਕਾਲੀ ਸਰਕਾਰ ਨੇ ਰੱਜ ਕੇ ਨਸ਼ਿਆਂ ਦੇ ਵਹਿਣ ਵਗਾ ਛੱਡੇ ਹਨ ਜਿਸ ਦੇ ਨਤੀਜੇ ਵਜੋਂ ਸੂਬੇ ਅੰਦਰ ਬਣੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਅਕਾਲੀਆਂ ਦੇ ਫੈਲਾਏ ਇਸ ਜ਼ਹਿਰ ਨੂੰ ਖਤਮ ਕਰਨ ਲਈ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਾ. ਹਰੀਸ਼ ਸ਼ਰਮਾ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਨੇ ਪੰਜਾਬ ਦਾ ਪੂਰੀ ਤਰ੍ਹਾਂ ਵਿਨਾਸ਼ ਕਰਕੇ ਰੱਖ ਦਿੱਤਾ ਹੈ। ਪੰਜਾਬ ਦੀ ਜਵਾਨੀ ਅਤੇ ਕਿਸਾਨੀ ਬੁਰੀ ਤਰ੍ਹਾਂ ਰੋਲ ਕੇ ਰੱਖ ਦਿੱਤੀ ਹੈ, ਨਸ਼ਾ ਤਸ਼ਕਰਾਂ ਦੀਆਂ ਜੜ੍ਹਾਂ ਐਨੀਆਂ ਮਜ਼ਬੂਤ ਹੋ ਗਈਆਂ ਹਨ ਕਿ ਇਨ੍ਹਾਂ ਨੂੰ ਖਤਮ ਕਰਨ ਲਈ ਸਰਕਾਰ ਨੂੰ ਸਮਾਂ ਲੱਗ ਰਿਹਾ ਹੈ। ਸ਼ਰਮਾ ਨੇ ਕਿਹਾ ਕਿ ਹਲਕਾ ਤਰਨਤਾਰਨ ਅੰਦਰੋਂ ਨਸ਼ਾਖੋਰੀ ਨੂੰ ਖਤਮ ਕਰਨ ਲਈ ਵਿਧਾਇਕ ਡਾ. ਅਗਨੀਹੋਤਰੀ ਪੂਰੀ ਤਰ੍ਹਾਂ ਦ੍ਰਿੜ ਹਨ ਅਤੇ ਉਨ੍ਹਾਂ ਵੱਲੋਂ ਪੁਲਸ ਪ੍ਰਸਾਸ਼ਨ ਨੂੰ ਸਖਤ ਹਦਾਇਤਾਂ ਵੀ ਕੀਤੀਆਂ ਗਈਆਂ ਹਨ ਕਿ ਨਸ਼ਾ ਕਾਰੋਬਾਰੀਆਂ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇ। ਉਨ੍ਹਾਂ ਨੇ ਸੁਖਪਾਲ ਸਿੰਘ ਖਹਿਰਾ ਨੂੰ ਨੈਤਿਕਤਾ ਦੇ ਅਧਾਰ 'ਤੇ ਅਸਤੀਫਾ ਦੇਣ ਦੀ ਸਲਾਹ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਦੇਸ਼ ਦੇ ਸੰਵਿਧਾਨ ਅਤੇ ਨਿਆਂਪਾਲਿਕਾ ਦਾ ਸਨਮਾਨ ਕਰਨਾ ਚਾਹੀਦਾ ਹੈ।