ਵਿੱਤੀ ਸੰਕਟ ਲਈ ਅਕਾਲੀ ਜ਼ਿੰਮੇਵਾਰ, ਹੁਣ ਨਾ ਵਹਾਉਣ ਮਗਰਮੱਛ ਦੇ ਹੰਝੂ : ਕੈਪਟਨ

12/23/2019 8:08:07 PM

ਚੰਡੀਗੜ੍ਹ,(ਅਸ਼ਵਨੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ 'ਚ ਵਿੱਤੀ ਸਥਿਤੀ 'ਤੇ ਮਨਪ੍ਰੀਤ ਬਾਦਲ ਦਾ ਅਸਤੀਫ਼ਾ ਮੰਗਣ ਬਾਰੇ ਸ਼੍ਰੋਮਣੀ ਅਕਾਲੀ ਦਲ ਦੀ ਮੰਗ ਨੂੰ ਹਾਸੋਹੀਣਾ ਦੱਸਿਆ ਕਿਹਾ ਕਿ ਸੂਬੇ ਨੂੰ ਆਰਥਿਕ ਸੰਕਟ 'ਚ ਧੱਕਣ ਲਈ ਪੂਰੀ ਤਰ੍ਹਾਂ ਅਕਾਲੀ ਜ਼ਿੰਮੇਵਾਰ ਹਨ, ਜਿਸ ਨੂੰ ਪੈਰਾਂ ਸਿਰ ਕਰਨ ਲਈ ਉਨ੍ਹਾਂ ਦੀ ਸਰਕਾਰ ਸਖ਼ਤ ਮਿਹਨਤ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ 10 ਸਾਲ ਸੱਤਾ ਦਾ ਸੁੱਖ ਭੋਗਣ ਵਾਲੇ ਅਕਾਲੀਆਂ ਨੇ ਆਪਣੇ ਨਿੱਜੀ ਮੁਫ਼ਾਦਾਂ ਖਾਤਰ ਸੂਬੇ ਦੀ ਆਰਥਿਕਤਾ ਨੂੰ ਮੂਧੇ-ਮੂੰਹ ਸੁੱਟ ਦਿੱਤਾ ਸੀ। ਮੁੱਖ ਮੰਤਰੀ ਨੇ ਆਪਣੇ ਪਿਛਲੇ ਕਾਰਜਕਾਲ ਨੂੰ ਚੇਤੇ ਕੀਤਾ ਜਦੋਂ ਉਨ੍ਹਾਂ ਦੀ ਸਰਕਾਰ ਨੇ ਮਜ਼ਬੂਤ ਆਰਥਿਕਤਾ ਛੱਡੀ ਸੀ ਪਰ ਅਕਾਲੀ-ਭਾਜਪਾ ਗੱਠਜੋੜ ਨੇ ਆਪਣੀਆਂ ਲੋਕ ਵਿਰੋਧੀ ਅਤੇ ਮਾੜੀਆਂ ਨੀਤੀਆਂ ਨਾਲ ਇਸ ਨੂੰ ਤਬਾਹ ਕਰਕੇ ਰੱਖ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀਆਂ ਤੇ ਉਸ ਦੀ ਭਾਈਵਾਲ ਭਾਜਪਾ ਨੇ ਆਪਣੇ ਦਹਾਕਾ ਲੰਮੇ ਸਾਸ਼ਨਕਾਲ ਦੌਰਾਨ ਸੂਬੇ ਦੇ ਖਜ਼ਾਨੇ ਦਾ ਸਾਰਾ ਪੈਸਾ ਬਰਬਾਦ ਕਰ ਦਿੱਤਾ ਤੇ ਅਰਥਚਾਰੇ ਨੂੰ ਹੁਲਾਰਾ ਦੇਣ ਲਈ ਹਾਂ-ਪੱਖੀ ਕਦਮ ਨਹੀਂ ਚੁੱਕੇ।

ਕੈਪਟਨ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਅਕਾਲੀਆਂ ਦੀਆਂ ਨਾਂਹ-ਪੱਖੀ ਨੀਤੀਆਂ ਨੇ ਨਿਵੇਸ਼ਕਾਂ ਦੇ ਜਜ਼ਬਾਤਾਂ ਨੂੰ ਪੂਰੀ ਤਰ੍ਹਾਂ ਮਧੋਲ ਕੇ ਰੱਖ ਦਿੱਤਾ, ਜਿਸ ਦੇ ਨਤੀਜੇ ਵਜੋਂ ਉਦਯੋਗ ਅਤੇ ਕਾਰੋਬਾਰੀ ਸੂਬੇ ਤੋਂ ਹਿਜ਼ਰਤ ਲਈ ਮਜ਼ਬੂਰ ਹੋ ਗਏ ਸਨ। ਇਨ੍ਹਾਂ ਨੀਤੀਆਂ ਕਰਕੇ ਹੀ ਸੂਬੇ ਸਿਰ ਕਰਜ਼ੇ ਦਾ ਬੋਝ ਹੋਰ ਵਧ ਗਿਆ ਅਤੇ ਉਨ੍ਹਾਂ ਦੀ ਸਰਕਾਰ ਇਹ ਕਰਜ਼ਾ ਲਾਹੁਣ ਲਈ ਜਦੋ-ਜਹਿਦ ਕਰ ਰਹੀ ਹੈ। ਕੈਪਟਨ ਨੇ ਅੱਗੇ ਕਿਹਾ ਕਿ ਹੋਰ ਤਾਂ ਹੋਰ, ਸਾਲ 2017 ਵਿਧਾਨ ਸਭਾ ਚੋਣ ਤੋਂ ਮਹਿਜ਼ ਕੁਝ ਮਹੀਨੇ ਪਹਿਲਾਂ ਤਤਕਾਲੀ ਅਕਾਲੀ-ਭਾਜਪਾ ਸਰਕਾਰ ਨੇ ਕੇਂਦਰੀ ਪੂਲ ਲਈ ਅਨਾਜ ਦੀ ਖਰੀਦ ਦੇ ਸਬੰਧ 'ਚ ਸੂਬੇ ਸਿਰ 31000 ਕਰੋੜ ਰੁਪਏ ਦਾ ਕਰਜ਼ਾ ਹੋਰ ਚੜ੍ਹਾ ਦਿੱਤਾ। ਜਿਸ ਨਾਲ ਪੰਜਾਬ ਦਾ ਵਿੱਤੀ ਸੰਕਟ ਗਹਿਰਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਸੂਬੇ ਦੀ ਗੰਭੀਰ ਆਰਥਿਕ ਸਥਿਤੀ ਅਕਾਲੀਆਂ ਪਾਸੋਂ ਵਿਰਾਸਤ ਦੇ ਰੂਪ 'ਚ ਮਿਲੀ ਹੈ ਅਤੇ ਸੂਬੇ ਨੂੰ ਇਸ ਸੰਕਟ 'ਚ ਧੱਕਣ ਵਾਲੇ ਅਕਾਲੀ ਹੁਣ ਮਗਰਮੱਛ ਦੇ ਹੂੰਝ ਵਹਾ ਰਹੇ ਹਨ। ਕੈਪਟਨ ਨੇ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਆਪਣੀਆਂ ਇਨ੍ਹਾਂ ਕਾਰਵਾਈਆਂ ਦੇ ਅਫ਼ਸੋਸ ਕਰਨ ਅਤੇ ਇਸ ਲਈ ਲੋਕਾਂ ਤੋਂ ਮੁਆਫੀ ਮੰਗਣ ਦੀ ਬਜਾਏ ਅਕਾਲੀਆਂ ਵਲੋਂ ਹੁਣ ਵਿੱਤੀ ਰੌਲੇ-ਘਚੋਲੇ ਦਾ ਦੋਸ਼ ਉਨ੍ਹਾਂ ਦੀ ਸਰਕਾਰ ਅਤੇ ਵਿੱਤ ਮੰਤਰੀ ਦੇ ਸਿਰ ਮੜ੍ਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਮੁੱਚੀ ਸਰਕਾਰ ਖਾਸ ਕਰਕੇ ਵਿੱਤ ਮੰਤਰੀ ਨਿਵੇਸ਼ਕਾਂ ਅਤੇ ਉਦਯੋਗ ਦੇ ਭਰੋਸੇ ਦੀ ਬਹਾਲੀ ਰਾਹੀਂ ਆਰਥਿਕ ਸਥਿਤੀ ਨੂੰ ਮੁੜ ਪੈਰਾਂ-ਸਿਰ ਕਰਨ ਲਈ ਪੂਰੀ ਵਾਹ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਨਵੀਂ ਉਦਯੋਗਿਕ ਨੀਤੀ ਅਤੇ ਕਾਰੋਬਾਰ ਨੂੰ ਸੁਖਾਲਾ ਬਣਾਉਣ ਲਈ ਚੁੱਕੇ ਗਏ ਕਦਮ ਸਦਕਾ ਜ਼ਮੀਨੀ ਪੱਧਰ 'ਤੇ 50,000 ਕਰੋੜ ਰੁਪਏ ਦਾ ਨਿਵੇਸ਼ ਹੋ ਚੁੱਕਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਨਾਲ ਕਿਹਾ ਕਿ ਬਦਕਿਸਮਤੀ ਨਾਲ ਕੇਂਦਰ ਸਰਕਾਰ ਜੀ.ਐਸ.ਟੀ. ਮਾਲੀਏ ਦਾ ਪ੍ਰਬੰਧਨ ਕਰਨ ਅਤੇ ਸੂਬੇ ਨੂੰ ਉਸ ਦਾ ਬਣਦਾ ਹਿੱਸਾ ਸਮੇਂ ਸਿਰ ਦੇਣ 'ਚ ਨਾਕਾਮ ਰਹੀ ਹੈ ਜਿਸ ਕਰਕੇ ਪੰਜਾਬ 'ਚ ਅਰਥਚਾਰੇ ਦੀ ਬਹਾਲੀ ਲਈ ਉਨ੍ਹਾਂ ਦੀ ਸਰਕਾਰ ਦੇ ਯਤਨਾਂ 'ਚ ਅੜਿੱਕਾ ਪੈਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਇਹ ਕਾਬਲੇਗੌਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਐਨ.ਡੀ.ਏ. ਸਰਕਾਰ 'ਚ ਭਾਈਵਾਲ ਵੀ ਹੈ ਅਤੇ ਫਿਰ ਵੀ ਅਕਾਲੀ ਨਿਰਲੱਜਤਾ ਨਾਲ ਸੂਬੇ ਦੀਆਂ ਵਿੱਤੀ ਸਮੱਸਿਆਵਾਂ ਦਾ ਦੋਸ਼ ਮੌਜੂਦਾ ਸਰਕਾਰ 'ਤੇ ਮੜ੍ਹ ਰਹੇ ਹਨ। ਮੁੱਖ ਮੰਤਰੀ ਨੇ ਅਕਾਲੀ ਲੀਡਰਸ਼ਿਪ ਨੂੰ ਸੂਬੇ ਦੀ ਆਰਥਿਕਤਾ ਦਾ ਫਿਕਰ ਛੱਡ ਕੇ ਆਪਣੇ ਸਿਆਸੀ ਭਵਿੱਖ ਦਾ ਫਿਕਰ ਕਰਨ ਲਈ ਆਖਿਆ ਕਿਉਂਕਿ ਸੂਬੇ ਦੀ ਵਾਗਡੋਰ ਹੁਣ ਸੁਰੱਖਿਅਤ ਹੱਥਾਂ 'ਚ ਹੈ।


Related News