ਸਮਰਾਲਾ : ਦੁਕਾਨ 'ਤੇ ਜ਼ਬਰੀ ਕਬਜ਼ੇ ਨੂੰ ਲੈ ਕੇ ਅਕਾਲੀਆਂ ਨੇ ਲਾਇਆ ਜਾਮ

06/18/2019 9:56:02 AM

ਸਮਰਾਲਾ (ਗਰਗ, ਬੰਗੜ) : ਇੱਥੇ ਮੰਗਲਵਾਰ ਤੜਕੇ 5 ਵਜੇ ਕੁਝ ਕਾਂਗਰਸੀ ਸਮਰਥਕ ਵਿਅਕਤੀਆਂ ਵੱਲੋਂ ਸ਼ਹਿਰ ਦੇ ਮੁੱਖ ਬਜ਼ਾਰ ਅੰਦਰ ਇਕ ਗਰੀਬ ਟੇਲਰ ਮਾਸਟਰ ਦੀ ਦੁਕਾਨ ਦੇ ਜਿੰਦਰੇ ਤੋੜ ਦਿੱਤੇ ਗਏ ਅਤੇ ਜ਼ਬਰੀ ਉਸ ਦੀ ਦੁਕਾਨ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਦੁਕਾਨ ਅੰਦਰ ਪਿਆ ਸਾਰਾ ਸਾਮਾਨ ਆਪਣੀ ਟਰਾਲੀ 'ਚ ਭਰ ਕੇ ਲੈ ਜਾਣ ਮਗਰੋਂ ਦੁਕਾਨ ਨੂੰ ਜਿੰਦੇ ਲੱਗਾ ਦਿੱਤੇ ਗਏ।

ਇਸ ਧੱਕੇਸ਼ਾਹੀ ਤੋਂ ਬਾਅਦ ਰੋਹ 'ਚ ਆਏ ਲੋਕਾਂ ਅਤੇ ਸਾਬਕਾ ਅਕਾਲੀ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਦੀ ਅਗਵਾਈ 'ਚ ਅਕਾਲੀ ਵਰਕਰਾਂ ਨੇ ਵਿਰੋਧ ਜਤਾਉਂਦੇ ਹੋਏ ਨੈਸ਼ਨਲ ਹਾਈਵੇਅ 'ਤੇ ਧਰਨਾ ਦਿੰਦੇ ਹੋਏ ਸੜਕ ਜਾਮ ਲੱਗਾ ਦਿੱਤਾ ਅਤੇ ਇਸ ਧੱਕੇਸ਼ਾਹੀ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਕਾਰਵਾਈ ਦੀ ਮੰਗ ਕੀਤੀ। ਹਾਲਾਤ ਵਿਗੜਦੇ ਵੇਖ ਥਾਣਾ ਮੁੱਖੀ ਸੁਖਬੀਰ ਸਿੰਘ ਤੁਰੰਤ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਬਕਾ ਵਿਧਾਇਕ ਕਾਰਵਾਈ 'ਤੇ ਅੜੇ ਰਹੇ, ਜਿਸ 'ਤੇ ਥਾਣਾ ਮੁੱਖੀ ਨੇ ਸਾਰੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦਾ ਐਲਾਨ ਕਰਦੇ ਹੋਏ ਧਰਨਾ ਖਤਮ ਕਰਵਾਇਆ।

ਇਸ ਮੌਕੇ ਐਸ. ਐੱਚ. ਓ. ਨੇ ਦੱਸਿਆ ਕਿ ਪੁਲਸ ਨੇ ਕਾਰਵਾਈ ਕਰਦੇ ਹੋਏ ਤਿੰਨ ਵਿਅਕਤੀਆਂ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਦੁਕਾਨ 'ਚੋਂ ਜ਼ਬਰੀ ਚੁੱਕਿਆ ਸਮਾਨ ਵੀ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ 'ਚ ਢੁੱਕਵੀ ਕਾਰਵਾਈ ਹੋਵੇਗੀ ਅਤੇ ਗਰੀਬ ਟੇਲਰ ਮਾਸਟਰ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਓਧਰ ਦੁਕਾਨ ਦੇ ਬਾਹਰ ਡੱਟੇ ਖੜ੍ਹੇ ਸਾਬਕਾ ਅਕਾਲੀ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਕਿਹਾ ਕਿ ਜਦੋਂ ਤੱਕ ਪੁਲਸ ਦੋਸ਼ੀਆਂ ਖਿਲਾਫ਼ ਚੋਰੀ ਦਾ ਕੇਸ ਦਰਜ ਨਹੀਂ ਕਰਦੀ, ਉਹ ਇਥੋਂ ਨਹੀਂ ਹਟਣਗੇ।

Babita

This news is Content Editor Babita