ਅਕਾਲੀ ਪੰਥ ਵਿਰੋਧੀ ਤੇ ਕਾਂਗਰਸ ਪੰਜਾਬ ਵਿਰੋਧੀ : ਖਹਿਰਾ

09/15/2018 9:34:52 AM

ਜਗਰਾਓਂ (ਸ਼ੇਤਰਾ)— 'ਸ਼੍ਰੋਮਣੀ ਅਕਾਲੀ ਦਲ ਹੁਣ ਉਹ ਪੰਥਕ ਪਾਰਟੀ ਨਹੀਂ ਰਹੀ, ਜੋ ਕਦੇ ਮਾਸਟਰ ਤਾਰਾ ਸਿੰਘ ਹੋਰਾਂ ਵੇਲੇ ਹੋਇਆ ਕਰਦੀ ਸੀ ਕਿਉਂਕਿ ਜਦੋਂ ਤੋਂ ਇਸ 'ਤੇ ਬਾਦਲਾਂ ਦਾ ਕਬਜ਼ਾ ਹੋਇਆ ਹੈ ਇਸ ਪਾਰਟੀ ਦੇ ਨਾਲ ਅਕਾਲੀ ਵੀ ਪੰਥ ਵਿਰੋਧੀ ਹੋ ਨਿੱਬੜੇ ਹਨ। ਦੂਜੇ ਪਾਸੇ ਕਾਂਗਰਸ ਸ਼ੁਰੂ ਤੋਂ ਪੰਥ ਦੇ ਨਾਲ-ਨਾਲ ਪੰਜਾਬ ਵਿਰੋਧੀ ਰਹੀ ਹੈ। ਇਸੇ ਲਈ ਲੋਕ ਤੀਜਾ ਬਦਲ ਚਾਹੁੰਦੇ ਹਨ, ਜੋ ਉਨ੍ਹਾਂ ਦੀ ਆਮ ਆਦਮੀ ਪਾਰਟੀ ਵਲੋਂ ਦੇਣ ਦੀ ਈਮਾਨਦਾਰੀ ਨਾਲ ਕੋਸ਼ਿਸ਼ ਹੋ ਰਹੀ ਹੈ।' ਇਹ ਪ੍ਰਗਟਾਵਾ ਇਥੇ ਇਕ ਸਮਾਗਮ 'ਚ ਸ਼ਿਰਕਤ ਕਰਨ ਲਈ ਪਹੁੰਚੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਤੇ 'ਆਪ' ਦੇ ਬਾਗ਼ੀ ਧੜੇ ਦੀ ਅਗਵਾਈ ਕਰ ਰਹੇ ਸੁਖਪਾਲ ਸਿੰਘ ਖਹਿਰਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ।

ਉਨ੍ਹਾਂ ਕਿਹਾ ਕਿ ਬੇਅਦਬੀ ਤੇ ਬਹਿਬਲ ਕਲਾਂ ਘਟਨਾਵਾਂ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨਾਲ ਇਹ ਗੱਲ ਸਿੱਧ ਹੋ ਗਈ ਹੈ ਕਿ ਅਕਾਲੀ ਦਲ ਤੇ ਅਕਾਲੀ ਪੰਥ ਹਿਤੈਸ਼ੀ ਹੋਣ ਦਾ ਦਿਖਾਵਾ ਹੀ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਇਸ ਸਮੇਂ ਬੜੇ ਨਾਜ਼ੁਕ ਦੌਰ 'ਚੋਂ ਲੰਘ ਰਿਹਾ ਹੈ ਅਤੇ ਕੋਈ ਵੀ ਗ਼ਲਤ ਸਿਆਸੀ ਫ਼ੈਸਲਾ ਘਾਤਕ ਹੋ ਸਕਦਾ ਹੈ। ਬੇਅਦਬੀ ਮਾਮਲੇ ਵਿਰੁੱਧ ਉਨ੍ਹਾਂ ਜਲਦ ਹੀ ਸਰਬ ਪਾਰਟੀ ਮੀਟਿੰਗ ਸੱਦਣ ਤੇ ਜਗਰਾਓਂ ਦੀ ਪਿਛਲੇ ਦਿਨੀਂ ਉਨ੍ਹਾਂ ਦੀ ਸਿਹਤ ਖ਼ਰਾਬ ਹੋਣ ਕਾਰਨ ਮੁਲਤਵੀ ਹੋਈ ਕਨਵੈਨਸ਼ਨ ਅਕਤੂਬਰ ਦੇ ਪਹਿਲੇ ਹਫਤੇ ਰੱਖਣ ਦੀ ਵੀ ਗੱਲ ਆਖੀ। ਇਸ ਮੌਕੇ ਵਿਧਾਇਕ ਜਗਤਾਰ ਸਿੰਘ ਹਿੱਸੋਵਾਲ, ਜਗਦੀਪ ਬਰਾੜ, ਬਲਦੇਵ ਸਿੰਘ ਗਰਚਾ, ਗੁਰਪ੍ਰੀਤ ਸਿੰਘ, ਸੁਖਦੇਵ ਸਿੰਘ ਡੱਲਾ, ਦਵਿੰਦਰ ਸਿੰਘ ਸ਼ੇਰਪੁਰਾ, ਰਾਣਾ ਸ਼ਿਵਦੀਪ ਸਿੰਘ ਆਦਿ ਮੌਜੂਦ ਸਨ। ਇਸ ਮੌਕੇ ਖਹਿਰਾ ਨੂੰ ਉਨ੍ਹਾਂ ਦੇ ਜਗਰਾਉਂ ਇਲਾਕੇ ਵਿਚਲੇ ਹਮਾਇਤੀਆਂ ਵੱਲੋਂ ਸਨਮਾਨਤ ਵੀ ਕੀਤਾ ਗਿਆ।