ਬੈਠਕ ਦੌਰਾਨ ਭਿੜੇ ਅਕਾਲੀ, ਜਮ ਕੇ ਕੀਤਾ ਗਾਲੀ-ਗਲੋਚ

03/15/2019 11:13:40 AM

ਜਲੰਧਰ (ਬੁਲੰਦ) - ਲੋਕ ਸਭਾ ਚੋਣਾਂ ਤੋਂ ਪਹਿਲਾਂ ਇਕ ਵਾਰ ਫਿਰ ਸ਼ਹਿਰ 'ਚ ਅਕਾਲੀ ਆਗੂਆਂ ਦੀ ਗੁੱਟਬਾਜ਼ੀ ਖੁੱਲ੍ਹ ਕੇ ਸਾਹਮਣੇ ਨਜ਼ਰ ਆ ਗਈ ਹੈ। ਇਸੇ ਕਾਰਨ ਅਕਾਲੀ ਨੇਤਾਵਾਂ ਦਾ ਇਕ ਵਾਰ ਫਿਰ ਤੋਂ ਝਗੜਾ ਸਾਹਮਣੇ ਆਇਆ ਹੈ। ਜਾਣਕਾਰਾਂ ਦੀ ਮੰਨੀਏ ਤਾਂ ਇਸ ਝਗੜੇ ਦੀ ਆਂਚ ਆਉਣ ਵਾਲੇ ਦਿਨਾਂ 'ਚ ਅਕਾਲੀ ਦਲ ਦੀਆਂ ਬੈਠਕਾਂ, ਰੈਲੀਆਂ ਅਤੇ ਚੋਣ ਪ੍ਰਚਾਰ 'ਚ ਦੇਖਣ ਨੂੰ ਮਿਲ ਸਕਦੀ ਹੈ। ਦੱਸ ਦੇਈਏ ਕਿ ਇਸ ਝਗੜੇ ਦੀ ਸ਼ੁਰੂਆਤ ਬੈਠਕ ਕੈਂਸਲ ਹੋਣ ਤੋਂ ਦੱਸੀ ਜਾ ਰਹੀ ਹੈ। 16 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਜਲੰਧਰ ਕੈਂਟ ਹਲਕੇ ਦੇ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕਰਨੀ ਹੈ, ਜਿਸ ਨੂੰ ਸਫਲ ਬਣਾਉਣ ਲਈ ਜ਼ਿਲੇ ਦਾ ਅਕਾਲੀ ਦਲ ਜ਼ੋਰ-ਸ਼ੋਰ ਨਾਲ ਲੱਗਾ ਹੋਇਆ ਹੈ। ਇਸੇ ਸਬੰਧ 'ਚ ਅਕਾਲੀ ਦਲ ਦੇ ਆਗੂਆਂ ਵਲੋਂ ਵੱਖ-ਵੱਖ ਸਥਾਨਾਂ 'ਤੇ ਬੈਠਕਾਂ ਕੀਤੀਆਂ ਜਾ ਰਹੀਆਂ ਹਨ ਪਰ ਅਕਾਲੀ ਦਲ ਦੇ ਇਕ ਗੁੱਟ ਦੇ ਨੇਤਾ ਐੱਚ. ਐੱਸ. ਵਾਲੀਆ, ਕਮਲਜੀਤ ਸਿੰੰਘ ਭਾਟੀਆ, ਬਲਜੀਤ ਸਿੰਘ ਨੀਲਾਮਹਿਲ ਅਤੇ ਡਾ. ਅਮਰਜੀਤ ਥਿੰਦ ਆਪਣੇ ਸਾਥੀਆਂ ਸਮੇਤ ਬੈਠਕ ਸਥਾਨ ਦਾ ਜਾਇਜ਼ਾ ਲੈਣ ਲਈ ਪਰਾਗਪੁਰ ਪੁੱਜੇ। ਉੱਥੇ ਅਜੇ ਉਹ ਬੈਠਕ ਨੂੰ ਲੈ ਕੇ ਯੋਜਨਾ ਬਣਾ ਹੀ ਰਹੇ ਸਨ ਕਿ ਦੂਜੇ ਗੁੱਟ ਦੇ ਸਰਬਜੀਤ ਸਿੰਘ ਮੱਕੜ ਸਾਬਕਾ ਵਿਧਾਇਕ ਆਪਣੇ ਦਰਜਨ ਭਰ ਸਾਥੀਆਂ ਨਾਲ ਉਥੇ ਪੁੱਜ ਗਏ, ਜਿੱਥੇ ਗਾਲਾਂ ਦਾ ਦੰਗਲ ਸ਼ੁਰੂ ਹੋ ਗਿਆ।

ਮੱਕੜ ਨੇ ਸੀਨੀਅਰ ਅਕਾਲੀ ਨੇਤਾਵਾਂ ਨੂੰ ਕੱਢੀਆਂ ਗਾਲ੍ਹਾਂ, ਸੁਖਬੀਰ ਨੂੰ ਕੀਤੀ ਸ਼ਿਕਾਇਤ : ਵਾਲੀਆ, ਭਾਟੀਆ
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐੱਚ. ਐੱਸ. ਵਾਲੀਆ ਅਤੇ ਕਮਲਜੀਤ ਸਿੰਘ ਭਾਟੀਆ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਡਿਊਟੀ ਲਾਈ ਗਈ ਸੀ ਕਿ 16 ਦੀ ਬੈਠਕ ਨੂੰ ਕਾਮਯਾਬ ਬਣਾਉਣ ਲਈ ਕੋਈ ਕਮੀ ਨਾ ਰਹੇ। ਜਿਸ ਕਾਰਨ ਉਹ ਪਾਰਟੀ ਦੇ ਸੀਨੀਅਰ ਨੇਤਾਵਾਂ ਨੀਲਾਮਹਿਲ ਅਤੇ ਡਾ. ਅਮਰਜੀਤ ਸਿੰਘ ਥਿੰਦ ਨਾਲ ਉਥੇ ਪੁੱਜੇ ਸਨ ਪਰ ਉਦੋਂ ਹੀ ਮੱਕੜ ਆਪਣੇ ਦਰਜਨ ਭਰ ਸਾਥੀਆਂ ਨਾਲ ਉੱਥੇ ਪੁੱਜ ਗਏ ਅਤੇ ਉਨ੍ਹਾਂ ਨੂੰ ਗਾਲ੍ਹਾਂ ਕੱਢਣ ਲੱਗ ਪਏ। ਵਾਲੀਆ ਤੇ ਭਾਟੀਆ ਨੇ ਦੱਸਿਆ ਕਿ ਮੱਕੜ ਨੇ ਉਨ੍ਹਾਂ ਨੂੰ ਕਿਹਾ ਕਿ ਤੁਹਾਡਾ ਇਸ ਬੈਠਕ 'ਚ ਕੋਈ ਕੰਮ ਨਹੀਂ ਹੈ ਅਤੇ ਜੇਕਰ ਤੁਸੀਂ ਫਿਰ ਤੋਂ ਇੱਥੇ ਦਿੱਸੇ ਤਾਂ ਤੁਹਾਡੀਆਂ ਲੱਤਾਂ ਤੋੜ ਦੇਵਾਂਗੇ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੀ ਇੱਜ਼ਤ ਦਾ ਖਿਆਲ ਰੱਖਦੇ ਹੋਏ ਉੱਥੋਂ ਚਲੇ ਗਏ। ਜਿਸ ਤੋਂ ਬਾਅਦ ਉਹ ਸ਼ਹਿਰੀ ਪ੍ਰਧਾਨ ਮੰਨਣ ਸਮੇਤ ਦਰਜਨ ਭਰ ਨੇਤਾਵਾਂ ਨੂੰ ਲੈ ਕੇ ਸੁਖਬੀਰ ਬਾਦਲ ਨੂੰ ਮਿਲਣ ਲਈ ਚੰਡੀਗੜ੍ਹ ਗਏ ਅਤੇ ਉੱਥੇ ਸੁਖਬੀਰ, ਮਜੀਠੀਆ ਅਤੇ ਦਲਜੀਤ ਚੀਮਾ ਨੂੰ ਸਾਰੀ ਸ਼ਿਕਾਇਤ ਦੱਸ ਕੇ ਆਏ ਹਨ। ਵਾਲੀਆ ਨੇ ਕਿਹਾ ਕਿ ਸੁਖਬੀਰ ਨੇ ਉਨ੍ਹਾਂ ਨੂੰ ਸਾਰੇ ਮਾਮਲੇ 'ਚ ਉਚਿੱਤ ਕਾਰਵਾਈ ਦਾ ਭਰੋਸਾ ਦਿੱਤਾ ਹੈ ਅਤੇ ਕਿਹਾ ਹੈ ਕਿ ਤੁਸੀਂ ਆਪਣਾ ਕੰਮ ਜਾਰੀ ਰੱਖੋ ਅਤੇ ਬੈਠਕ ਦੇ ਸਾਰੇ ਇੰਤਜ਼ਾਮ ਪੂਰੇ ਕਰੋ।
ਮੇਰੇ ਹਲਕੇ  'ਚ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕਰਾਂਗਾ : ਮੱਕੜ
ਉਧਰ ਦੂਜੇ ਪਾਸੇ ਸਾਰੇ ਮਾਮਲੇ ਬਾਰੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਨੇ ਕਿਹਾ ਕਿ 16 ਨੂੰ ਸੁਖਬੀਰ ਦਾ ਪ੍ਰੋਗਰਾਮ ਕੋਈ ਰੈਲੀ ਨਹੀਂ ਹੈ, ਜੋ ਹਰ ਕੋਈ ਇਸ 'ਚ ਦਖਲ ਦੇਵੇਗਾ। ਇਹ ਕੈਂਟ ਹਲਕੇ ਦੇ ਵਰਕਰਾਂ ਦਾ ਸੰਗਤ ਦਰਸ਼ਨ ਹੈ। ਮੱਕੜ ਨੇ ਕਿਹਾ ਕਿ ਵਾਲੀਆ, ਭਾਟੀਆ ਜਾਂ ਉਨ੍ਹਾਂ ਦੇ ਸਾਥੀਆਂ ਦਾ ਕੈਂਟ ਹਲਕੇ 'ਚ ਕੋਈ ਲੈਣਾ ਦੇਣਾ ਨਹੀਂ ਅਤੇ ਉਹ ਜਾਣਬੁੱਝ ਕੇ ਇਸ ਪ੍ਰੋਗਰਾਮ 'ਚ ਦਖਲ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਮੈਂ ਕਿਸੇ ਦੇ ਹਲਕੇ 'ਚ ਦਖਲ ਨਹੀਂ ਦਿੰਦਾ ਤਾਂ ਫਿਰ ਕੋਈ ਮੇਰੇ ਹਲਕੇ 'ਚ ਦਖਲ ਕਿਉਂ ਦੇਵੇ, ਮੈਂ ਇਸ ਨੂੰ ਸਹਿਣ ਨਹੀਂ ਕਰਾਂਗਾ। ਉਨ੍ਹਾਂ ਕਿਹਾ ਕਿ ਉਕਤ ਨੇਤਾ ਮੇਰੇ ਹਲਕੇ ਬਾਰੇ ਝੂਠੀਆਂ ਖਬਰਾਂ ਲਗਵਾ ਕੇ ਮੇਰੇ ਹਲਕੇ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ, ਜਿਸ ਦੀ ਸਾਰੀ ਜਾਣਕਾਰੀ ਉਨ੍ਹਾਂ ਨੇ ਹਾਈਕਮਾਨ ਨੂੰ ਦੇ ਦਿੱਤੀ ਹੈ।
16 ਦਾ ਪ੍ਰੋਗਰਾਮ ਕਿਸੇ ਇਕ ਪਾਰਟੀ ਦਾ ਨਹੀਂ, ਦੋਵੇਂ ਗੁੱਟ ਇਸ ਦਾ ਖਿਆਲ ਰੱਖਣ : ਮੰਨਣ
ਉਧਰ ਅਕਾਲੀ ਦਲ ਦੇ ਜਲੰਧਰ ਸ਼ਹਿਰੀ ਜਥੇ ਦੇ ਪ੍ਰਧਾਨ ਕੁਲਵੰਤ ਸਿੰਘ ਮੰਨਣ ਦਾ ਕਹਿਣਾ ਹੈ ਕਿ ਸੁਖਬੀਰ ਨੇ ਹਲਕਾ ਜਥੇਦਾਰਾਂ ਦੀ ਚੰਡੀਗੜ੍ਹ 'ਚ ਬੈਠਕ ਬੁਲਾਈ ਸੀ, ਜਿਸ 'ਚ ਉਕਤ ਝਗੜੇ ਦੀ ਚਰਚਾ ਹੋਈ। ਉਨ੍ਹਾਂ ਕਿਹਾ ਕਿ ਇਹ ਬਦਕਿਸਮਤੀ ਵਾਲੀ ਗੱਲ ਹੈ ਕਿ ਪਰਾਟੀ ਪ੍ਰਧਾਨ ਮਿਹਨਤ ਕਰਕੇ ਪੰਜਾਬ 'ਚ ਪਾਰਟੀ ਨੂੰ ਉੱਚਾ ਚੁੱਕਣ 'ਚ ਲੱਗੇ ਹੋਏ ਹਨ ਪਰ ਕੁਝ ਨੇਤਾ ਆਪਣੀ ਨਿੱਜੀ ਰੰਜਿਸ਼ ਕੱਢਣ 'ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ 16 ਦਾ ਪ੍ਰੋਗਰਾਮ ਪਾਰਟੀ ਦਾ ਸਾਂਝਾ ਪ੍ਰੋਗਰਾਮ ਹੈ ਨਾ ਕਿ ਕਿਸੇ ਇਕ ਦਾ।

ਸੁਖਬੀਰ ਦਾ ਭਲਕੇ ਦਾ ਜਲੰਧਰ ਦੌਰਾ ਰੱਦ, ਪ੍ਰੋਗਰਾਮ ਵੀ ਹੋਇਆ ਮੁਲਤਵੀ
ਬਾਠ ਕੈਸਲ 'ਚ ਹੋਇਆ ਮੱਕੜ-ਵਾਲੀਆ ਝਗੜਾ ਅਕਾਲੀ ਦਲ ਦੇ ਜਲੰਧਰ ਵਰਕਰਾਂ ਲਈ ਇਕ ਬੁਰੀ ਖਬਰ ਲੈ ਕੇ ਆਇਆ ਹੈ । ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਆਪਣਾ 16 ਮਾਰਚ ਦਾ ਜਲੰਧਰ ਦੌਰਾ ਰੱਦ ਕਰ ਦਿੱਤਾ ਹੈ। ਇਸ ਮਾਮਲੇ ਬਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ 16 ਨੂੰ ਪਾਰਟੀ ਵਲੋਂ ਪੰਜਾਬ ਭਰ 'ਚ ਵਿਸ਼ਵਾਸਘਾਤ ਕਾਂਗਰਸ ਦਾ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਇਕ ਹੀ ਦਿਨ 'ਚ 2 ਪ੍ਰੋਗਰਾਮ ਹੋਣ ਕਾਰਨ ਸੁਖਬੀਰ ਨੇ ਜਲੰਧਰ ਕੈਂਟ ਹਲਕੇ ਦੇ ਵਰਕਰਾਂ ਨਾਲ ਮਿਲਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ। ਉਨ੍ਹਾਂ ਵਲੋਂ ਜਲਦ ਇਸ ਦੌਰੇ ਦੀ ਨਵੀਂ ਤਰੀਕ ਦਾ ਐਲਾਨ ਕਰ ਦਿੱਤਾ ਜਾਵੇਗਾ। ਉਧਰ ਚੀਮਾ ਦੇ ਇਸ ਬਿਆਨ ਨਾਲ ਜ਼ਿਲੇ ਦੇ ਅਕਾਲੀ ਹੀ ਸਹਿਮਤ ਨਹੀਂ ਦਿਖ ਰਹੇ। ਕਈ ਸੀਨੀਅਰ ਅਕਾਲੀ ਨੇਤਾਵਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸਲ 'ਚ ਅੱਜ ਹੋਏ ਆਪਸੀ ਝਗੜੇ ਤੋਂ ਬਾਅਦ ਹੀ ਸੁਖਬੀਰ ਨੂੰ ਉਕਤ ਪ੍ਰੋਗਰਾਮ ਰੱਦ ਕਰਨਾ ਪਿਆ ਹੈ ਕਿਉਂਕਿ ਪਾਰਟੀ ਪ੍ਰਧਾਨ ਉਕਤ ਝਗੜੇ ਤੋਂ ਕਾਫੀ ਨਾਰਾਜ਼ ਹਨ ਅਤੇ ਉਹ ਨਹੀਂ ਚਾਹੁੰਦੇ ਕਿ 16 ਨੂੰ ਫਿਰ ਤੋਂ ਸਾਰੇ ਵਰਕਰਾਂ ਤੇ ਮੀਡੀਆ ਦੇ ਸਾਹਮਣੇ ਤਮਾਸ਼ਾ ਹੋਵੇ।ਜਾਣਕਾਰਾਂ ਦੀ ਮੰਨੀਏ ਤਾਂ ਉਕਤ ਝਗੜੇ 'ਚ ਸ਼ਾਮਲ ਸਾਰੇ ਆਗੂਆਂ ਨੂੰੰ ਸੁਖਬੀਰ ਬਾਦਲ ਜਲਦ ਚੰਡੀਗੜ੍ਹ ਬੁਲਾ ਸਕਦੇ ਹਨ ਅਤੇ ਸਾਰਿਆਂ ਦੀ ਕਲਾਸ ਲਈ ਜਾ ਸਕਦੀ ਹੈ। ਉਧਰ ਦੇਰ ਰਾਤ ਤੱਕ ਪਾਰਟੀ ਦੇ ਕਈ ਆਗੂ 16 ਨੂੰ ਰੱਦ ਹੋਏ ਪ੍ਰੋਗਰਾਮ ਨੂੰ ਲੈ ਕੇ ਚੁੱਪੀ ਧਾਰੀ ਹੋਏ ਹਨ।

rajwinder kaur

This news is Content Editor rajwinder kaur