ਲੱਖਾਂ ਦੀ ਜ਼ਮੀਨ ਹੜੱਪਣ ਨੂੰ ਲੈ ਕੇ ਅਕਾਲੀ ਨੇਤਾ ਸੁਖਦੇਵ ਸਿੰਘ ਸਮੇਤ 3 ਦੇ ਖਿਲਾਫ ਮਾਮਲਾ ਦਰਜ

11/24/2017 6:28:01 AM

ਕਪੂਰਥਲਾ, (ਭੂਸ਼ਣ)- ਫਰਜ਼ੀ ਵਿਅਕਤੀ ਨੂੰ ਖੜ੍ਹਾ ਕਰਕੇ ਲੱਖਾਂ ਰੁਪਏ ਮੁੱਲ ਦੀ ਜ਼ਮੀਨ ਹੜੱਪਣ ਦੇ ਮਾਮਲੇ 'ਚ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਇਕ ਅਕਾਲੀ ਨੇਤਾ ਸਮੇਤ 3 ਮੁਲਜ਼ਮਾਂ ਦੇ ਖਿਲਾਫ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ 'ਤੇ ਮਾਮਲਾ ਦਰਜ ਕਰ ਲਿਆ ਹੈ । ਫਿਲਹਾਲ ਮਾਮਲੇ 'ਚ ਨਾਮਜ਼ਦ ਕਿਸੇ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।  
ਜਾਣਕਾਰੀ ਅਨੁਸਾਰ ਸੁਰਿੰਦਰ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਪਿੰਡ ਸਦਾਹਰਨਪੁਰ ਜ਼ਿਲਾ ਪਟਿਆਲਾ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਪਿੰਡ ਕਾਦੂਪੁਰ ਵਾਸੀ ਜਰਨੈਲ ਸਿੰਘ ਪੁੱਤਰ ਬੰਤਾ ਸਿੰਘ ਨੇ ਅਕਾਲੀ ਨੇਤਾ ਸੁਖਦੇਵ ਸਿੰਘ ਕਾਦੂਪੁਰ ਪੁੱਤਰ ਕਰਨੈਲ ਸਿੰਘ ਅਤੇ ਕਰਤਾਰ ਚੰਦ ਦੇ ਨਾਲ ਮਿਲ ਕੇ ਉਸ ਦੀ 15 ਕਨਾਲ 13 ਮਰਲੇ ਕੀਮਤੀ ਜ਼ਮੀਨ ਦੀ ਰਜਿਸਟਰੀ 20 ਜੁਲਾਈ 2012 ਨੂੰ ਕੋਈ ਫਰਜ਼ੀ ਵਿਅਕਤੀ ਖੜ੍ਹਾ ਕਰਕੇ ਆਪਣੇ ਨਾਮ 'ਤੇ ਕਰਵਾ ਲਈ ਸੀ ਜਿਸ ਦੀ ਜਾਣਕਾਰੀ ਮਿਲਦੇ ਹੀ ਉਸ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਕੇਸ ਦਰਜ ਕਰ ਦਿੱਤਾ ਸੀ। ਜਿਸ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 22 ਸਤੰਬਰ 2017 ਨੂੰ ਜ਼ਮੀਨ ਦਾ ਕੇਸ ਉਸਦੇ ਹੱਕ 'ਚ ਕਰ ਦਿੱਤਾ ਸੀ। ਇਸ ਪੂਰੇ ਮਾਮਲੇ ਨੂੰ ਲੈ ਕੇ ਹਾਈਕੋਰਟ ਨੇ ਕਪੂਰਥਲਾ ਪੁਲਸ ਨੂੰ 3 ਮਹੀਨੇ ਦੇ ਅੰਦਰ ਇਸ ਮਾਮਲੇ ਦੀ ਜਾਂਚ ਕਰਕੇ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਦੇ ਹੁਕਮ ਦਿੱਤੇ ਸਨ।  
ਮੁੱਖ ਮੰਤਰੀ ਦੇ ਹੁਕਮਾਂ 'ਤੇ ਕਾਰਵਾਈ ਕਰਦੇ ਹੋਏ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਨੇ ਪੂਰੇ ਮਾਮਲੇ ਦੀ ਜਾਂਚ ਦਾ ਜਿੰਮਾ ਡੀ. ਐੱਸ. ਪੀ. ਸਬ-ਡਵੀਜ਼ਨ ਗੁਰਮੀਤ ਸਿੰਘ ਨੂੰ ਸੌਂਪ ਦਿੱਤਾ। ਜਿਨ੍ਹਾਂ ਨੇ ਆਪਣੀ ਜਾਂਚ ਦੌਰਾਨ ਪਾਇਆ ਕਿ ਤਿੰਨਾਂ ਮੁਲਜ਼ਮਾਂ ਨੇ ਜ਼ਮੀਨ ਨੂੰ ਜਰਨੈਲ ਸਿੰਘ ਦੇ ਨਾਮ 'ਤੇ ਕਰਨ ਲਈ ਇਕ ਸਾਜ਼ਿਸ਼ ਦੇ ਤਹਿਤ ਝੂਠੇ ਦਸਤਖਤ ਕਰਵਾਏ ਸਨ, ਜਿਸ ਨੂੰ ਫਿੰਗਰਪ੍ਰਿੰਟ ਐਕਸਪਰਟ ਨੇ ਆਪਣੀ ਜਾਂਚ ਦੇ ਬਾਅਦ ਫਰਜ਼ੀ ਪਾਇਆ ਹੈ ।
ਜਾਂਚ ਦੌਰਾਨ ਇਹ ਵੀ ਖੁਲਾਸਾ ਹੋਇਆ ਕਿ ਮੁਲਜ਼ਮਾਂ ਨੇ ਫਰਜ਼ੀ ਅੰਗੂਠਾ ਲਗਾਉਣ ਲਈ ਅੰਗੂਠੇ 'ਤੇ ਕੱਪੜਾ ਬੰਨ੍ਹ ਲਿਆ ਸੀ । ਜਿਸਦੇ ਆਧਾਰ 'ਤੇ ਤਿੰਨਾਂ ਮੁਲਜ਼ਮਾਂ ਖਿਲਾਫ ਲੱਗੇ ਸਾਰੇ ਇਲਜ਼ਾਮ ਸਹੀ ਪਾਏ ਗਏ। ਇਸ ਪੂਰੇ ਮਾਮਲੇ 'ਚ ਡੀ. ਏ. ਲੀਗਲ ਦੀ ਰਾਏ ਲੈਣ ਤੋਂ ਬਾਅਦ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਜਰਨੈਲ ਸਿੰਘ, ਅਕਾਲੀ ਨੇਤਾ ਸੁਖਦੇਵ ਸਿੰਘ ਕਾਦੂਪੁਰ ਅਤੇ ਕਰਤਾਰ ਚੰਦ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਇਸ ਸਬੰਧੀ ਜਦੋਂ ਡੀ. ਐੱਸ. ਪੀ. ਸਬ-ਡਵੀਜ਼ਨ ਗੁਰਮੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ ।  ਜਿਸ ਲਈ ਪੁਲਸ ਟੀਮਾਂ ਨੂੰ ਦਿਸ਼ਾ-ਨਿਰਦੇਸ਼ ਦੇ ਦਿੱਤੇ ਗਏ ਹਨ। 
ਰੈਵੀਨਿਊ ਵਿਭਾਗ ਦੇ ਕੁੱਝ ਕਰਮਚਾਰੀਆਂ 'ਤੇ ਡਿੱਗ ਸਕਦੀ ਹੈ ਗਾਜ
ਲੱਖਾਂ ਰੁਪਏ ਮੁੱਲ ਦੀ ਕੀਮਤੀ ਜ਼ਮੀਨ 'ਤੇ ਕਿਸੇ ਫਰਜ਼ੀ ਵਿਅਕਤੀ ਨੂੰ ਖੜ੍ਹਾ ਕਰਕੇ ਜ਼ਮੀਨ ਨੂੰ ਆਪਣੇ ਨਾਮ ਕਰਵਾਉਣ ਦੇ ਮਾਮਲੇ 'ਚ ਰੈਵੀਨਿਊ ਵਿਭਾਗ ਦੇ ਕੁੱਝ ਕਰਮਚਾਰੀਆਂ 'ਤੇ ਕਾਨੂੰਨੀ ਗਾਜ ਡਿੱਗ ਸਕਦੀ ਹੈ ਇਸ ਪੂਰੇ ਮਾਮਲੇ 'ਚ ਹੈਰਾਨ ਕਰਨ ਵਾਲਾ ਪਹਿਲੂ ਤਾਂ ਇਹ ਹੈ ਕਿ ਆਖਿਰ ਕਿਵੇਂ ਦਸਤਾਵੇਜ਼ਾਂ ਦੀ ਜਾਂਚ ਤੋਂ ਬਿਨਾਂ ਉਸ ਸਮੇਂ ਦੇ ਰੈਵੀਨਿਊ ਕਰਮਚਾਰੀਆਂ ਨੇ ਜ਼ਮੀਨ ਨੂੰ ਜਰਨੈਲ ਸਿੰਘ ਦੇ ਨਾਮ 'ਤੇ ਕਰ ਦਿੱਤਾ। ਹਾਲਾਂਕਿ ਕਿਸੇ ਵੀ ਜ਼ਮੀਨ ਦੀ ਰਜਿਸਟਰੀ ਦੇ ਸਮੇਂ ਜ਼ਮੀਨ ਖਰੀਦਣ ਤੇ ਵੇਚਣ ਵਾਲੇ ਵਿਅਕਤੀਆਂ ਦੇ ਪੂਰੇ ਦਸਤਾਵੇਜ਼ਾਂ ਦੀ ਜਾਂਚ ਹੁੰਦੀ ਹੈ । ਜਿਸਦੇ ਬਾਅਦ ਹੀ ਰਜਿਸਟਰੀ ਕੀਤੀ ਜਾਂਦੀ ਹੈ । ਇਸ ਪੂਰੇ ਮਾਮਲੇ ਨੂੰ ਲੈ ਕੇ ਸਬੰਧਤ ਰੈਵੀਨਿਊ ਕਰਮਚਾਰੀਆਂ 'ਚ ਭਾਰੀ ਦਹਿਸ਼ਤ ਫੈਲ ਗਈ ਹੈ ।