ਅਕਾਲੀ ਨੇਤਾ ਗੁਰਬਚਨ ਸਿੰਘ ਬੱਬੇਹਾਲੀ ਦੇ ਲੜਕੇ 'ਤੇ ਮਾਮਲਾ ਦਰਜ

11/03/2017 7:45:22 PM

ਗੁਰਦਾਸਪੁਰ (ਦੀਪਕ) : ਬੀਤੀ 31 ਅਕਤੂਬਰ ਨੂੰ ਪਿੰਡ ਬੱਬੇਹਾਲੀ ਵਿਖੇ ਹੋਈ ਅਕਾਲੀ-ਕਾਂਗਰਸੀਆਂ ਦੀ ਖੂਨੀ ਝੜਪ ਤੋਂ ਬਾਅਦ ਸ਼ੁੱਕਰਵਾਰ ਨੂੰ ਸਾਬਕਾ ਅਕਾਲੀ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਦੇ ਬੇਟੇ ਅਮਰਜੋਤ ਸਿੰਘ ਅਤੇ ਉਸ ਦੋ ਸਾਥੀਆਂ 'ਤੇ ਥਾਣਾ ਤਿੱਬੜ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਦਕਿ ਚਾਰ ਕਾਂਗਰਸੀ ਵਰਕਰਾਂ ਖਿਲਾਫ ਵੀ ਅਮਰਜੋਤ ਸਿੰਘ ਬੱਬੇਹਾਲੀ ਦੇ ਬਿਆਨਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਹਲਕਾ ਗੁਰਦਾਸਪਰ ਅਧੀਨ ਪੈਂਦੇ ਪਿੰਡ ਬੱਬੇਹਾਲੀ ਵਿਚ ਸਥਿਤ ਰਵਿਦਾਸ ਮੰਦਰ ਦੇ ਨੇੜੇ ਅਕਾਲੀ-ਕਾਂਗਰਸੀਆਂ ਦੀ ਖੂਨੀ ਝੜਪ ਵਿਚ ਦੋਵਾਂ ਧਿਰਾਂ ਦੇ ਛੇ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਸਨ। ਜ਼ਖਮੀਆਂ ਵਿਚ ਸਾਬਕਾ ਅਕਾਲੀ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਦਾ ਬੇਟਾ ਅਮਰਜੋਤ ਸਿੰਘ ਬੱਬੇਹਾਲੀ ਵੀ ਆਪਣੇ ਦੋ ਹੋਰ ਸਾਥੀਆਂ ਸਮੇਤ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਸੀ। ਜਿਸ ਨੂੰ ਸਾਥੀਆਂ ਸਮੇਤ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਸੀ।
ਜਾਣਕਾਰੀ ਦਿੰਦੇ ਹੋਏ ਥਾਣਾ ਤਿੱਬੜ ਦੇ ਥਾਣਾ ਮੁਖੀ ਨੇ ਦੱਸਿਆ ਕਿ ਉਨ੍ਹਾਂ ਅੱਜ ਪਿੰਡ ਬੱਬੇਹਾਲੀ ਦੇ ਨਵਜੋਤ ਸਿੰਘ ਜੋਤਾ ਦੇ ਬਿਆਨਾਂ ਦੇ ਆਧਾਰ 'ਤੇ ਅਮਰਜੋਤ ਸਿੰਘ ਬੱਬੇਹਾਲੀ ਪੁੱਤਰ ਗੁਰਬਚਨ ਸਿੰਘ ਬੱਬੇਹਾਲੀ, ਗਗਨ ਪੁੱਤਰ ਜਤਿੰਦਰ ਅਤੇ ਸਿਕੰਦਰ ਪੁੱਤਰ ਅਜੀਤ ਸਿੰਘ ਵਾਸੀ ਬੱਬੇਹਾਲੀ ਦੇ ਖਿਲਾਫ ਧਾਰਾ 295, 324, 323, 506, 141, 149 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਜਦਕਿ ਨਵਜੋਤ ਸਿੰਘ ਬੱਬੇਹਾਲੀ ਦੇ ਬਿਆਨਾਂ ਦੇ ਆਧਾਰ 'ਤੇ ਨਵਜੋਤ ਸਿੰਘ ਜੋਤਾ ਪੁੱਤਰ ਕਾਬਿਲ ਸਿੰਘ, ਗੁਰਮੀਤ ਸਿੰਘ ਪੁੱਤਰ ਤਰਲੋਕ ਸਿੰਘ, ਜਥੇ. ਗੁਰਮੇਲ ਸਿੰਘ ਪੁੱਤਰ ਜੌਹਰ ਸਿੰੰਘ ਵਾਸੀ ਬੱਬੇਹਾਲੀ ਦੇ ਖਿਲਾਫ 324, 123, 506, 148, 149 ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਧਿਰਾਂ ਵੱਲੋਂ ਇਕ-ਦੂਜੇ 'ਤੇ ਪਰਚੇ ਦਰਜ ਕਰਵਾਏ ਗਏ ਹਨ।